ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਬਾਰਡਰ ਜ਼ਿਲਿਆਂ ਦਾ ਦੋ ਦਿਨਾ‌ ਦੋਰਾ ਰਾਜਨੀਤੀ ਤੋਂ ਪ੍ਰੇਰਿਤ ਅਤੇ ਗੈਰ ਸੰਵਿਧਾਨਿਕ-ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 2 ਫਰਵਰੀ (ਸਰਬਜੀਤ ਸਿੰਘ)–ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਬਾਰਡਰ ਜ਼ਿਲਿਆਂ ਦੇ ਦੋ ਦਿਨਾਂ ਦੌਰੇ ਨੂੰ ਰਾਜਨੀਤੀ ਤੋਂ ਪ੍ਰੇਰਿਤ, ਗੈਰ ਸੰਵਿਧਾਨਕ ਅਤੇ ਸੰਘੀ ਢਾਂਚੇ ਵਿਰੋਧੀ ਦੱਸਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਰਾਜਪਾਲ ਰਾਹੀਂ ਪੰਜਾਬ ‌ਵਿਚ ਰਾਜਨੀਤੀ ਕਰ ਰਹੀ ਹੈ।

ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਦੱਸਿਆ ਕਿ ਪੰਜਾਬ ਰਾਜ ਪਾਲ ਵੱਲੋਂ ਬਾਰਡਰ ਦੀ ਸੁਰੱਖਿਆ ਅਤੇ ਨਸ਼ਿਆਂ ਦੇ ਮਾਮਲਿਆਂ ਨੂੰ ਲੈਕੇ ਇਹ ਜੋ ਦੋ ਦਿਨਾਂ ਦੌਰਾ ਕੀਤਾ ਜਾ ਰਿਹਾ ਹੈ, ਇਹ ਸੰਘੀ ਢਾਂਚੇ ਦੀ ਘੋਰ ਉਲੰਘਣਾ ਹੈ। ਇਨ੍ਹਾਂ ਸਮਸਿਆਵਾਂ ਦੇ ਹਲ ਦਾ ਸੁਆਲ ਸੰਵਿਧਾਨਕ ਤੌਰ ਤੇ ਰਾਜਪਾਲ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ, ਬਾਰਡਰ ਦੀ ਸੁਰੱਖਿਆ ਜਾਂ ਬਾਰਡਰ ਰਾਹੀਂ ਨਸ਼ਿਆਂ ਦੀ ਸਮੱਗਲਿੰਗ ਦੇਖਣਾ ਜਾਂ ਰੋਕਣਾ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਪੰਜਾਬ ਸਰਕਾਰ ਦਾ ਕੰਮ ਹੈ। ਰਾਜ ਪਾਲ ਇਨ੍ਹਾਂ ਕੇਂਦਰਾਂ ਨੂੰ ਆਪਣੀ ਸਲਾਹ ਜ਼ਰੂਰ ਭੇਜ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪਹਿਲਾਂ ਸਮਗਲਿੰਗ ਰੋਕਣ ਦੀ ਆੜ ਹੇਠ ਬਾਰਡਰ ਤੋਂ 50‌ਕਿਲੋਮੀਟਰ ਪੰਜਾਬ ਦੇ ਅੰਦਰਲੇ ਖੇਤਰ ਨੂੰ ਬੀ ਐੱਸ ਐੱਫ ਹਵਾਲੇ ਕਰਨਾ ਅਤੇ ਹੁਣ ਸਤੰਬਰ ਤੋਂ ਬਾਅਦ ਫਰਵਰੀ ਵਿੱਚ ਪੰਜਾਬ ਰਾਜ ਪਾਲ ਦਾ ਪਿੰਡਾਂ ‌ਦੇ ਸਰਪੰਚਾਂ ਅਤੇ ਹੋਰ ਪਤਵੰਤਿਆਂ ਨਾਲ ਮਿਲਣੀ ‌ਕਰਨ‌ ਦਾ ਦੂਸਰਾ ਦੌਰਾ‌ ਸਾਫ ਦਰਸਾਉਂਦਾ ਹੈ ਕਿ ਭਾਜਪਾ ਰਾਜਨੀਤਕ ਤਿਕੜਮਬਾਜ਼ੀ ਕਰਕੇ ਪੰਜਾਬ ਵਿਚ ਆਪਣੀ ਰਾਜਨੀਤਕ ਪੱਕੜ‌ ਮਜ਼ਬੂਤ ਕਰਨ ਦੇ ਸੁਪਨੇ ਪਾਲ ਰਹੀ ਹੈ ਜਿਸ ਵਿਚ ਉਹ ਕਦਾਚਿੱਤ ਸਫ਼ਲ ਨਹੀਂ ਹੋ ਸਕੇਗੀ। ਉਨਾਂ ਕਿਹਾ ਕਿ ਭਾਜਪਾ ਸਰਕਾਰ ਪੂਰੇ ਦੇਸ਼ ਖ਼ਾਸਕਰ ‌ਵਿਰੋਧੀ ਸਰਕਾਰਾਂ ਵਾਲੇ ‌ਸੂਬਿਆਂ ਵਿਚ‌ ਰਾਜਪਾਲਾਂ ਰਾਹੀਂ ਸੰਘੀ ਢਾਂਚੇ ਨੂੰ ਤੋੜਨ ਦਾ ਕੰਮ ਕਰ ਰਹੀ ਹੈ। ਦਿਲੀ, ਪਛਮੀ ਬੰਗਾਲ, ਕੇਰਲਾ, ਤਾਮਿਲਨਾਡੂ ਅਤੇ ਪੰਜਾਬ ਵਿਚ ਪ੍ਰਤੱਖ ਤੌਰ ਤੇ ਰਾਜਪਾਲ ਕੇਂਦਰੀ ਸਰਕਾਰ ਦੇ ਏਜੰਟਾਂ ਵਜੋਂ ਕੰਮ ਕਰਦੇ ਨਜ਼ਰ ਆ ਰਹੇ ਹਨ । ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਇਸ ਸਬੰਧੀ ਲੁਕਵਾ ਵਿਰੋਧ ਕਰਨ ਦੀ ਬਜਾਏ ਰਾਜ ਪਾਲ ਰਾਹੀਂ ਕੇਂਦਰ ਦੇ ਗੈਰ ਸੰਵਿਧਾਨਕ ਦਖਲ ਦਾ ਖੁਲ ਕੇ ਵਿਰੋਧ ਕਰਨ ਦੀ ਹਿੰਮਤ ਕਰੇ। ਬੱਖਤਪੁਰਾ ਨੇ ਹੋਰ ਕਿਹਾ ਕਿ ਸੰਘੀ ਢਾਂਚੇ ਉਪਰ ਕੇਂਦਰੀ ਸਰਕਾਰ ਦੇ ਹੱਲੇ ਫਾਸ਼ੀਵਾਦ ਦਾ ਹੀ ਇੱਕ ਰੂਪ ਹੈ ।

Leave a Reply

Your email address will not be published. Required fields are marked *