ਜਿਲੇ ਦੇ ਸਰਕਾਰੀ ਸਕੂਲਾਂ ਦੇ 14 ਵਿਦਿਆਰਥੀਆਂ ਨੇ ਜੇ.ਈ.ਈ ਮੇਨ ਪ੍ਰੀਖਿਆ ਕੀਤੀ ਪਾਸ

ਮਾਲਵਾ

ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਪੰਜਾਬ ਨੇ ਵਿੱਦਿਆ ਭਵਨ ਮੁਹਾਲੀ ਵਿਖੇ ਕੀਤਾ ਸਨਮਾਨਿਤ

ਮੋਹਾਲੀ, ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਅਤੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਲਈ ਸਰਕਾਰੀ ਸਕੂਲਾਂ ਵਿੱਚ ਪੜਦੇ 10+1 ਤੇ 10+2 ਵਿਦਿਆਰਥੀਆਂ ਲਈ ਕੋਚਿੰਗ ਜਮਾਤਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਜਿਸ ਤਹਿਤ ਸਰਕਾਰੀ ਸਕੂਲਾਂ ਵਿੱਚ ਪੜਦੇ ਅਨੇਕਾਂ ਵਿਦਿਆਰਥੀ ਇਹਨਾਂ ਕੋਚਿੰਗ ਜਮਾਤਾਂ ਦਾ ਲਾਭ ਉਠਾ ਰਹੇ ਹਨ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਸਿੱਖਿਆ ਅਫਸਰ ਪਰਮਜੀਤ ਅਤੇ ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਵਿਭਾਗ ਵਲੋਂ ਸਾਇੰਸ ਅਤੇ ਆਰਟਸ ਸਟਰੀਮ ਵਿੱਚ ਪੜਦੇ ਸਾਰੇ ਵਿਦਿਆਰਥੀਆਂ ਲਈ ਜੇ.ਈ.ਈ, ਨੀਟ ਅਤੇ ਕਲੈਟ ਪ੍ਰੀਖਿਆ ਲਈ ਸਪੈਸ਼ਲ ਕੋਚਿੰਗ ਲਗਾਈ ਜਾਂਦੀ ਹੈ ਅਤੇ ਇਹ ਸਹੂਲਤ ਹਰੇਕ ਸਾਲ ਵਿਦਿਆਰਥੀਆਂ ਨੂੰ ਮੁਫਤ ਦਿੱਤੀ ਜਾਂਦੀ ਹੈ ।ਉਹਨਾਂ ਦੱਸਿਆ ਕਿ ਇਸ ਸਾਲ ਵੀ ਜੇ.ਈ.ਈ ਅਤੇ ਨੀਟ ਦੀ ਕੋਚਿੰਗ ਮੈਰੀਟੋਰੀਅਸ ਸਕੂਲ ਜਲੰਧਰ ਵਿਖੇ ਚੱਲ ਰਹੀ ਹੈ , ਜਿਸ ਵਿੱਚ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀ ਹੀ ਹਿੱਸਾ ਲੈ ਰਹੇ ਹਨ । ਇਹਨਾਂ ਕੋਚਿੰਗ ਜਮਾਤਾਂ ਨੂੰ ਸਫਲਤਾ ਪੂਰਵਕ ਚਲਾਉਣ ਲਈ ਵਿਭਾਗ ਵਲੋਂ ਆਈ.ਆਈ.ਟੀ ਕਾਨਪੁਰ ਤੋਂ ਮਾਹਿਰ ਸਟਾਫ ਦਾ ਵਿਸ਼ੇਸ ਪ੍ਰਬੰਧ ਕੀਤਾ ਹੋਇਆ ਹੈ, ਜਿਸ ਦੀ ਮਿਸਾਲ ਇਸ ਸਾਲ ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ 351 ਵਿਦਿਆਰਥੀਆਂ ਨੇ ਜੇ.ਈ.ਈ ਮੇਨ ਪ੍ਰੀਖਿਆ ਪਾਸ ਕਰਕੇ ਕਾਇਮ ਕੀਤੀ ਹੈ । ਇਸ ਵਿਚੋਂ ਜਿਲਾ ਗੁਰਦਾਸਪੁਰ ਦੇ 14 ਵਿਦਿਆਰਥੀਆਂ ਨੇ ਜੇ.ਈ.ਈ. ਮੇਨ ਪ੍ਰਖਿਆ ਪਾਸ ਕਰਕੇ ਆਪਣੇ ਮਾਪਿਆਂ, ਸਕੂਲ ਮੁਖੀਆਂ ਅਤੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਹੈ । ਇਹਨਾਂ 14 ਵਿਦਿਆਰਥੀਆਂ ਵਿੱਚੋਂ ਸਸਸਸ ਦੀਨਾਨਗਰ (ਲੜਕੇ) ਦੇ 05 ਵਿਦਿਆਰਥੀ ਦੀਕਸ਼ਾ, ਨਕੁਲ ਸੈਣੀ, ਜੀਆ ਸੈਣੀ ਤਨਿਕਸ਼ਾ ਠਾਕੁਰ ਤੇ ਤਨਿਸ਼ ਸੈਣੀ, ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦੇ 02 ਵਿਦਿਆਰਥੀ ਸ਼ੁਭਮਪ੍ਰੀਤ ਤੇ ਰਾਹੁਲ ਹੰਸ,  ਸਸਸਸ ਤਾਰਾਗੜ ਦੇ ਸਿਮਰਜੋਤ ਸਿੰਘ, ਸਸਸਸ ਸਾਹਪੁਰ ਜਾਜਨ ਦੇ ਆਸ਼ਿਮ ਗੰਭੀਰ, ਸਸਸਸ ਮਿਰਜਾਜਾਨ ਦੇ ਨਵਨੂਰ ਸਿੰਘ, ਸਸਸਸ ਸੰਕਰਪੁਰ ਦੁ ਸੁਮਨਪ੍ਰੀਤ ਸਿੰਘ, ਸਸਸਸ ਗੁਰਦਾਸਪੁਰ (ਲੜਕੀਆਂ) ਦੀ ਜਸਮੀਨ, ਸਸਸਸ ਕਾਲਾ ਨੰਗਲ ਦੇ ਮੰਥਨ ਅਤੇ ਆਦਰਸ਼ ਸਕੂਲ ਕੋਟ ਧੰਦਲ ਦੇ ਰਾਹੁਲ ਹੰਸ ਆਦਿ ਕ੍ਰਮਵਾਰ ਹਨ । ਜ਼ਿਲਾ ਸਿੱਖਿਆ ਅਫ਼ਸਰ ਮੈਡਮ ਪਰਮਜੀਤ ਵਲੋਂ ਇਹਨਾਂ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਇਸ ਮਹਾਨ ਪ੍ਰਾਪਤੀ ਲਈ ਵਧਾਈ ਦਿੱਤੀ ।

ਪੁਰੇਵਾਲ ਨੇ ਦੱਸਿਆ ਕਿ ਇਹਨਾਂ ਵਿਦਿਆਰਥੀਆਂ ਨੂੰ ਵਿੱਦਿਆ ਭਵਨ ਮੁਹਾਲੀ ਵਿਖੇ ਮਾਨਯੋਗ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਪੰਜਾਬ ਜੀ ਵਲੋਂ ਵਿਸ਼ੇਸ ਤੋਰ ਤੇ ਸਨਮਾਨਿਤ ਕੀਤਾ ਗਿਆ। ਹੁਣ ਇਹਨਾਂ ਵਿਦਿਆਰਥੀਆਂ ਲਈ ਜੇਈਈ ਐਡਵਾਂਸ਼ ਦੀ ਤਿਆਰੀ ਵਾਸਤੇ ਕੋਚਿੰਗ ਕੈਂਪ ਮੈਰੀਟੋਰੀਅਸ ਸਕੂਲ ਜਲੰਧਰ ਵਿਖੇ ਲਗਾਤਾਰ ਜਾਰੀ ਹਨ । ਜਿਹੜੇ ਵਿਦਿਆਰਥੀ ਆਫਲਾਈਨ ਕੋਚਿੰਗ ਲੈਣ ਲਈ ਇੱਛੁਕ ਨਹੀਂ ਹਨ ਉਹਨਾਂ ਵਾਸਤੇ ਵਿਭਾਗ ਵਲੋਂ ਪੇਸ ਪੋਰਟਲ ਅਤੇ ਸਾਥੀ ਐਪ ਰਾਹੀਂ ਆਨਲਾਈਨ ਕੋਚਿੰਗ ਦਿੱਤੀ ਜਾਂਦੀ ਹੈ । ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਅਨੇਕਾਂ ਵੱਖ ਵੱਖ ਟੈਸਟਾਂ ਦੀ ਤਿਆਰੀ ਲਈ ਕੋਚਿੰਗ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ ।ਨੋਡਲ ਅਫਸਰ ਸ਼: ਪੁਰੇਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਸਾਲਾਘਾਯੋਗ ਹੈ, ਜਿਸ ਦਾ ਲਾਭ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਵੱਧ ਤੋਂ ਵੱਧ ਲੈਣਾ ਚਾਹੀਦਾ ਹੈ । ਇਹ ਸਹੂਲਤ ਸਿਰਫ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀ ਹੀ ਲੈ ਸਕਦੇ ਹਨ। ਵਿਭਾਗ ਵਲੋਂ ਸਮੇਂ ਸਮੇਂ ਤੇ ਮੁਫਤ  ਸਮਰ ਕੈਂਪ, ਵਿੰਟਰ ਕੈਂਪ, ਆਦਿ ਦਾ ਖਾਸ ਪ੍ਰਬੰਧ ਕੀਤਾ ਜਾਂਦਾ ਹੈ । ਇਸ ਸਮੇਂ ਵਿਦਿਆਰਥੀਆਂ ਨਾਲ ਸ: ਅਮਰਜੀਤ ਸਿੰਘ ਪੁਰੇਵਾਲ, ਜਿਲਾ ਨੋਡਲ ਅਫਸਰ, ਗਗਨਦੀਪ ਕੌਰ ਸਾਇੰਸ ਮਿਸਟ੍ਰੈਸ ਅਤੇ ਗਗਨਦੀਪ ਲਾਇਬ੍ਰੇਰੀਅਨ ਵੀ ਹਾਜਰ ਸਨ ।

Leave a Reply

Your email address will not be published. Required fields are marked *