ਮਨਰੇਗਾ ਮਜ਼ਦੂਰਾਂ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ  ਦੇ ਦਫ਼ਤਰ ਵਿਖੇ ਦਿੱਤਾ ਧਰਨਾ

ਮਾਲਵਾ

ਰਾਮਪੁਰਾ ਬਲਾਕ ਦੇ ਅਨੇਕਾਂ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਨੇ ਵਰਦੇ ਮੀਂਹ ਵਿੱਚ ਭਰਵੀਂ ਸ਼ਮੂਲੀਅਤ ਕੀਤੀ

ਰਾਮਪੁਰਾ – ਚਾਉਕੇ, ਗੁਰਦਾਸਪੁਰ 22 ਜੁਲਾਈ (ਸਰਬਜੀਤ ਸਿੰਘ)– ਅੱਜ ਇੱਥੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ  ਦੇ ਦਫ਼ਤਰ ਵਿਖੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੀ ਅਗਵਾਈ ਹੇਠ ਮਨਰੇਗਾ ਮਜ਼ਦੂਰਾਂ ਵੱਲੋਂ ਜ਼ਬਰਦਸਤ ਧਰਨਾ ਦਿੱਤਾ ਗਿਆ। ਮਜ਼ਦੂਰ ਆਗੂਆਂ ਵੱਲੋਂ ਬੀਡੀਪੀਓ ਦਫ਼ਤਰ ਦੇ ਅਧਿਕਾਰੀਆਂ ਨੂੰ ਮਜ਼ਦੂਰਾਂ ਦੀਆਂ ਮੰਗਾਂ

ਸਬੰਧੀ ਮੰਗ ਪੱਤਰ ਦਿੱਤਾ ਗਿਆ। ਧਰਨੇ ਦੀ ਸ਼ੁਰੂਆਤ ਅਜਮੇਰ ਸਿੰਘ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ। ਮਨਰੇਗਾ ਮਜ਼ਦੂਰਾਂ ਨੇ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜੰਮਕੇ ਨਾਅਰੇਬਾਜੀ ਕੀਤੀ। ਰਾਮਪੁਰਾ ਬਲਾਕ ਦੇ ਅਨੇਕਾਂ ਪਿੰਡਾਂ ਦੇ ਮਨਰੇਗਾ ਮਜ਼ਦੂਰਾਂ ਨੇ ਵਰਦੇ ਮੀਂਹ ਵਿੱਚ ਭਰਵੀਂ ਸ਼ਮੂਲੀਅਤ ਕੀਤੀ,ਜਿਸ ਵਿੱਚ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ। ਧਰਨੇ ਨੂੰ ਸੀ ਪੀ ਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੰਬੇ ਸਮੇਂ ਤੋਂ ਮਨਰੇਗਾ ਦਾ ਕਾਨੂੰਨ ਖ਼ਤਮ ਕਰਨ ਦੇ ਰਾਹ ਪਈ ਹੋਈ ਹੈ। ਜਿਸ ਕਰਕੇ ਲਗਾਤਾਰ ਫੰਡਾਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਰਲਡ ਬੈਂਕ ਅਤੇ ਡਬਲਿਊ ਟੀ ਓ ਦੇ ਨਿਰਦੇਸ਼ਾਂ ਤਹਿਤ ਦੇਸ਼ ਦੇ ਵੱਡੇ ਪੂੰਜੀਪਤੀਆਂ ਅਤੇ ਕਾਰਪੋਰੇਟਾਂ ਨੂੰ ਫਾਇਦਾ ਪਹੁੰਚਾਉਣ ਲਈ ਮਜ਼ਦੂਰ ਵਿਰੋਧੀ ਫ਼ੈਸਲੇ ਕਰਦੀ ਆ ਰਹੀ ਹੈ। ਮੋਦੀ ਸਰਕਾਰ ਵੱਲੋਂ ਚਾਰ ਸਾਲ ਪਹਿਲਾਂ 44 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਚਾਰ ਲੇਬਰ ਕੋਡ ਵਿੱਚ ਬਦਲ ਦਿੱਤਾ ਗਿਆ ਹੈ, ਜਿਸ ਨਾਲ ਮਜ਼ਦੂਰਾਂ ਦੇ ਬੁਨਿਆਦੀ ਹੱਕ ਕੁਚਲ ਦਿੱਤੇ ਜਾਣਗੇ। ਆਗੂਆਂ ਨੇ ਕਿਹਾ ਕਿ ਭਾਰਤ ਵਿੱਚ ਸੌ ਸਾਲ ਪਹਿਲਾਂ ਲਾਗੂ ਹੋਇਆ 8 ਘੰਟੇ ਦਿਹਾੜੀ ਦਾ ਨਿਯਮ ਖ਼ਤਮ ਕਰਕੇ 12 ਘੰਟੇ ਕੀਤਾ ਜਾ ਰਿਹਾ ਹੈ, ਜਿਸਨੂੰ ਮਜ਼ਦੂਰ ਵਰਗ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਆਗੂਆਂ ਨੇ ਕਿਹਾ ਕਿ ਗ਼ਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਹਰ ਰੋਜ਼ ਛੜੱਪੇ ਮਾਰਕੇ ਵਧ ਰਹੀ ਹੈ। ਹਰ ਖੇਤਰ ਵਿੱਚ ਮਸ਼ੀਨਾਂ ਦੀ ਆਮਦ ਨਾਲ ਮਜ਼ਦੂਰਾਂ ਦੇ ਹੱਥੋਂ ਸਾਰੇ ਕੰਮ ਖਿਸਕ ਗਏ ਹਨ, ਇਸ ਕਰਕੇ ਕਰੋੜਾਂ ਮਜ਼ਦੂਰਾਂ ਦੀ ਹਾਲਤ ਨਰਕਾਂ ਭਰੀ ਬਣ ਗਈ ਹੈ। ਅੱਜ ਦੇ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਪਿਰਤਪਾਲ ਸਿੰਘ ਰਾਮਪੁਰਾ, ਗੁਰਪ੍ਰੀਤ ਸਿੰਘ ਮੋਦੀ ਚਾਉਕੇ, ਕਰਮਜੀਤ ਕੌਰ ਕਰਾੜਵਾਲਾ, ਸੀਮਾ ਰਾਣੀ ਬੁੱਗਰ, ਮਿੱਠੂ ਸਿੰਘ ਚਾਉਕੇ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Leave a Reply

Your email address will not be published. Required fields are marked *