ਮਾਨਸਾ, ਗੁਰਦਾਸਪੁਰ,5 ਫਰਵਰੀ (ਸਰਬਜੀਤ ਸਿੰਘ)– ਐਡਵੋਕੇਟ ਦਿਲਜੋਤ ਸ਼ਰਮਾ ਇਨਸਾਫ਼ ਕਮੇਟੀ ਵਿੱਚ ਸ਼ਾਮਲ ਵਿਦਿਆਰਥੀ ਜਥੇਬੰਦੀ ਆਇਸਾ ਦਾ ਕਹਿਣਾ ਹੈ ਕਿ ਲੁਧਿਆਣਾ ਪੁਲਿਸ ਵੱਲੋਂ ਜਾਂਚ ਲਈ ਕੁਝ ਹੋਰ ਸਮਾਂ ਮੰਗਣ ‘ਤੇ ਐਕਸ਼ਨ ਕਮੇਟੀ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਮਣੇ ਦਿੱਤੇ ਜਾਣ ਵਾਲੇ ਧਰਨੇ ਨੂੰ ਇਕ ਹਫ਼ਤੇ ਲਈ ਮੁਲਤਵੀ ਕਰ ਦਿੱਤਾ ਸੀ,ਪਰ ਇਹ ਹਫ਼ਤਾ ਬੀਤ ਜਾਣ ਤੇ ਵੀ ਪੁਲਿਸ ਨੇ ਦਿਲਜੋਤ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਅਜਿਹੀ ਸਥਿਤੀ ਵਿੱਚ ਐਕਸ਼ਨ ਕਮੇਟੀ ਨੂੰ ਪੁਲਿਸ ਖਿਲਾਫ ਕੋਈ ਅਗਲਾ ਸੱਦਾ ਦੇਣ ਲਈ ਵਿਚਾਰ ਕਰਨਾ ਪਵੇਗਾ।
ਐਕਸ਼ਨ ਕਮੇਟੀ ਦੇ ਮੈਂਬਰ ਅਤੇ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਵੱਲੋਂ ਇੱਥੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੇਸ ਦਰਜ ਹੋਏ ਨੂੰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲਿਸ ਨੇ ਨਾਂ ਨਾਮਜ਼ਦ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਅਤੇ ਨਾਂ ਹੀ ਪੁਲਿਸ ਅਫਸਰਾਂ ਵੱਲੋਂ ਇਸ ਕੇਸ ਸੰਬੰਧੀ ਹੋਰ ਸੰਬੰਧਿਤ ਜਾਂਚ ਪੜਤਾਲ ਕੀਤੇ ਜਾਣ ਬਾਰੇ ਕੋਈ ਰਿਪੋਰਟ ਹੈ। ਜੇਕਰ ਪੁਲਿਸ ਦੀ ਇਹ ਸਮਝ ਹੈ ਕਿ ਇਸ ਮਾਮਲੇ ਨੂੰ ਲੈ ਕੇ ਸ਼ੁਰੂ ਹੋਇਆ ਸੰਘਰਸ਼ ਕੇਸ ਦਰਜ ਹੋਣ ਨਾਲ ਖ਼ਤਮ ਹੋ ਚੁੱਕਾ ਹੈ,ਤਾਂ ਉਹ ਗ਼ਲਤ ਸੋਚ ਰਹੀ ਹੈ ਕਿਉਂਕਿ ਪੀੜਤ ਪਰਿਵਾਰ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਇਨਸਾਫ਼ ਲੈਣ ਤੱਕ ਸੰਘਰਸ਼ ਜਾਰੀ ਰੱਖਣ ਲਈ ਦ੍ਰਿੜ ਹਨ। ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਨਾਂ ਕਰਨ ਅਤੇ ਕੇਸ ਦੀ ਡੂੰਘਾਈ ਤੱਕ ਜਾਂਚ ਨਾਂ ਕਰਨ ਦੀ ਸੂਰਤ ਵਿੱਚ ਛੇਤੀ ਹੀ ਐਕਸ਼ਨ ਕਮੇਟੀ ਦੀ ਮੀਟਿੰਗ ਬੁਲਾ ਕੇ ਅਗਲੇ ਐਕਸ਼ਨ ਬਾਰੇ ਫੈਸਲਾ ਲਿਆ ਜਾਵੇਗਾ।


