ਮਾਨਸਾ, ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ, ਰੈਡੀਕਲ ਪੀਪਲਜ਼ ਫੋਰਮ, ਪ੍ਰਗਤੀਸ਼ੀਲ ਇਸਤਰੀ ਸਭਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਆਇਸਾ ਅਤੇ ਇਨਕਲਾਬੀ ਨੌਜਵਾਨ ਸਭਾ ਵਲੋਂ ਅੱਜ ਸਦੀਵੀ ਵਿਛੋੜਾ ਦੇ ਗਏ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਉਠੀਆਂ ਇਨਕਲਾਬੀ ਲਹਿਰਾਂ ਦੇ ਇਤਿਹਾਸ ਦੇ ਅਣਥੱਕ ਖੋਜੀ ਅਤੇ ਉਘੇ ਇਤਿਹਾਸਕਾਰ ਪ੍ਰੋਫ਼ੈਸਰ ਮਲਵਿੰਦਰ ਜੀਤ ਸਿੰਘ ਵੜੈਚ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।
ਇੰਨਾਂ ਸੰਗਠਨਾਂ ਦੇ ਆਗੂਆਂ ਕਾਮਰੇਡ ਨਛੱਤਰ ਸਿੰਘ ਖੀਵਾ, ਸੁਖਦਰਸ਼ਨ ਸਿੰਘ ਨੱਤ, ਬਲਵਿੰਦਰ ਸਿੰਘ ਘਰਾਂਗਣਾ, ਜਸਬੀਰ ਕੌਰ ਨੱਤ, ਸੁਖਜੀਤ ਰਾਮਾਨੰਦੀ ਅਤੇ ਹੈਪੀ ਮਾਨ ਨੇ ਵਿਛੜ ਗਏ ਵਿਦਵਾਨ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅਪਣੇ ਆਪ ਨੂੰ ‘ਗਦਰੀ ਬਾਬਿਆਂ ਦਾ ਮੁਨਸ਼ੀ’ ਕਹਿਣ ਵਾਲੇ ਪ੍ਰੋਫੈਸਰ ਵੜੈਚ – ਜਿੰਨਾਂ ਕਰੀਬ ਤੀਹ ਸਾਲ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਪੜ੍ਹਾਇਆ – ਨੇ ਡੂੰਘੀ ਖੋਜ ਤੋਂ ਬਾਅਦ ਇਨਕਲਾਬੀ ਲਹਿਰਾਂ ਬਾਰੇ ਤੀਹ ਤੋਂ ਵੱਧ ਕਿਤਾਬਾਂ ਲਿਖੀਆਂ। ਖਾਸ ਕਰਕੇ ਉਨ੍ਹਾਂ ਬੜੇ ਤਰਦੱਦ ਨਾਲ ਲਾਹੌਰ ਹਾਈਕੋਰਟ ਤੋਂ ਫਾਇਲਾਂ ਤੇ ਫੈਸਲਿਆਂ ਦੀ ਨਕਲਾਂ ਮੰਗਵਾ ਕੇ ਲਾਹੌਰ ਸਾਜ਼ਿਸ਼ ਕੇਸ – 1 ਅਤੇ ਲਾਹੋਰ ਸਾਜ਼ਿਸ਼ ਕੇਸ – 2 ਬਾਰੇ ਵੱਡ ਆਕਾਰੀ ਪ੍ਰਮਾਣਿਕ ਤੇ ਦਸਤਾਵੇਜ਼ੀ ਕਿਤਾਬਾਂ ਸੰਪਾਦਤ ਕੀਤੀਆਂ, ਜੋ ਬਹੁਤ ਅਹਿਮ ਹਵਾਲਾ ਪੁਸਤਕਾਂ ਹਨ। ਅੱਜ 96 ਸਾਲ ਦੀ ਉਮਰੇ ਉਨ੍ਹਾਂ ਵਲੋਂ ਸਦੀਵੀ ਵਿਛੋੜਾ ਦੇ ਜਾਣ ਨਾਲ ਸਾਥੋਂ ਇਕ ਮਿਹਨਤੀ ਤੇ ਇਮਾਨਦਾਰ ਖੋਜੀ ਵਿਦਵਾਨ ਖੁਸ ਗਿਆ ਹੈ।


