ਕੇਡਰ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ- ਡਾ ਸੁਨੀਲ ਤਰਗੋਤਰਾ
ਫਤਿਹਗੜ ਸਾਹਿਬ , ਗੁਰਦਾਸਪੁਰ, 30 ਜੂਨ (ਸਰਬਜੀਤ ਸਿੰਘ)- ਕਮਿਊਨਟੀ ਹੈਲਥ ਅਫ਼ਸਰ ਐਸੋਸੀਏਸ਼ਨ ਪੰਜਾਬ ਵੱਲੋਂ ਫਤਿਹਗੜ ਸਾਹਿਬ ਅਧੀਨ ਆਉਂਦੇ ਮੁਢਲਾ ਸਿਹਤ ਕੇਂਦਰ ਸੰਘੋਲ ਵਿਖੇ ਮੁਲਾਜ਼ਮਾਂ ਵੱਲੋਂ ਸਾਂਝੇ ਰੂਪ ਵਿੱਚ ਸੀਨੀਅਰ ਮੈਡੀਕਲ ਅਫਸਰ ਖਿਲਾਫ 03 ਜੁਲਾਈ ਨੂੰ ਲਗਾਏ ਜਾ ਰਹੇ ਰੋਸ ਧਰਨੇ ਦੇ ਸਮਰਥਨ ਦਾ ਐਲਾਨ ਕੀਤਾ ਹੈ।
ਇਸ ਸੰਬੰਧੀ ਸੂਬਾ ਪ੍ਰੈਸ ਸਕੱਤਰ ਮੈਡਮ ਸਿਮਰਨਜੀਤ ਕੌਰ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਬੋਲਦਿਆਂ ਸੂਬਾ ਪ੍ਰਧਾਨ ਡਾ ਸੁਨੀਲ ਤਰਗੋਤਰਾ ਗੁਰਦਾਸਪੁਰ ਨੇ ਦੱਸਿਆ ਕਿ ਫਤਿਹਗੜ ਸਾਹਿਬ ਦੇ ਮੁਢਲਾ ਸਿਹਤ ਕੇਂਦਰ ਸੰਘੋਲ ਵਿਖੇ ਸੀਨੀਅਰ ਮੈਡੀਕਲ ਅਫਸਰ ਵੱਲੋਂ ਸੰਬੰਧਿਤ ਸਟਾਫ ਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਕਰਮਚਾਰੀਆਂ ਪ੍ਰਤੀ ਮਾੜਾ ਵਤੀਰਾ ਰੱਖਿਆ ਜਾ ਰਿਹਾ ਹੈ,ਜਿਸ ਦੇ ਵਿਰੋਧ ਵਿੱਚ ਬਲਾਕ ਇਕਾਈ ਵੱਲੋਂ 3 ਜੁਲਾਈ ਨੂੰ ਧਰਨਾ ਰੱਖਿਆ ਗਿਆ ਹੈ ਅਤੇ ਜਥੇਬੰਦੀ ਵੱਲੋਂ ਨੇੜਲੇ ਬਲਾਕਾਂ ਦੀ ਇਸ ਧਰਨੇ ਵਿੱਚ ਸ਼ਾਮਿਲ ਹੋਣ ਲਈ ਡਿਊਟੀ ਲਗਾ ਦਿੱਤੀ ਗਈ ਹੈ। ਉਹਨਾਂ ਕਿਹਾ ਕੇ ਸੀ ਐਚ ਓ ਕੇਡਰ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ਤੇ ਬਰਾਦਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ੇਕਰ ਲੋੜ ਪਈ ਤੇ ਇਸ ਸੰਘਰਸ਼ ਦੇ ਵਿੱਚ ਸੂਬੇ ਭਰ ਤੋਂ ਕਰਮਚਾਰੀ ਸ਼ਾਮਿਲ ਹੋਣਗੇ | ਇਸ ਮੌਕੇ ਉਹਨਾਂ ਦੱਸਿਆ ਕੇ ਪੀ ਐਚ ਸੀ ਸੰਘੋਲ ਦੀਆਂ ਡੀ. ਡੀ. ਪਾਵਰਾਂ ਐਸ. ਐਮ. ਓ ਸੀ. ਐਚ ਸੀ ਖਮਾਣੋ ਨੂੰ ਦਿੱਤੀਆਂ ਗਈਆਂ ਹਨ, ਜਿਸ ਤੋਂ ਬਾਅਦ ਸੰਘੋਲ ਦੇ ਮੁਲਾਜ਼ਮਾਂ ਨੂੰ ਪ੍ਰੇਸ਼ਾਨੀਆ ਆ ਰਹੀਆਂ ਹਨ, ਉਹਨਾਂ ਸਿਹਤ ਮੰਤਰੀ ਪੰਜਾਬ ਤੋਂ ਇਸ ਮਾਮਲੇ ਵਿੱਚ ਦਖਲ ਦੀ ਮੰਗ ਕਰਦਿਆਂ ਕਿਹਾ ਜ਼ੇਕਰ ਮੁਲਾਜ਼ਮਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਇਹ ਸੰਘਰਸ਼ ਵੱਡੇ ਪੱਧਰ ਤੇ ਸ਼ੁਰੂ ਕੀਤਾ ਜਾਵੇਗਾ |


