ਬਰਨਾਲਾ, ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)— 2022 ਦੀਆਂ ਵਿਧਾਨ ਸਭਾ ਚੋਣਾ ਸਮੇਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸ਼ਰੇਆਮ ਜਨਤਾ ਨੂੰ ਬੇਵਕੂਫ਼ ਬਣਾਕੇ ਅਤੇ ਆਮ ਲੋਕਾਂ ਦੀ ਪਾਰਟੀ ਹੋਣ ਦਾ ਜੁਮਲਾ ਦਿਖਾਕੇ ਭਾਰੀ ਬਹੁਮੱਤ ਨਾਲ ਸੱਤਾ ਵਿੱਚ ਆਈ ਸੀ, ਜੋ ਚਾਰ ਸਾਲ ਵਿੱਚ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਗੁਰਤੇਜ ਖੀਵਾ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਅਸੀਂ ਪਜੰਤਰ ਸਾਲ ਤੋਂ ਹੀ ਦੇਖਦੇ ਆ ਰਹੇ ਹਾਂ ਕਿ ਲਗਭਗ ਸਾਰੀਆਂ ਹੀ ਮੌਕਾਪ੍ਰਸਤ ਸਿਆਸੀ ਪਾਰਟੀਆਂ ਆਮ ਜਨਤਾ ਨੂੰ ਧੋਖਾ ਦਿੰਦੀਆਂ ਰਹੀਆਂ ਅਤੇ ਹਮੇਸ਼ਾਂ ਪੂੰਜੀਪਤੀਆਂ, ਵੱਡੇ ਰਜਵਾੜਿਆਂ ਅਤੇ ਧਨੀ ਕਿਸਾਨਾਂ ਦੀ ਸੇਵਾ ਕਰਦੀਆਂ ਰਹੀਆਂ ਹਨ। ਉਸੇ ਤਰ੍ਹਾਂ ਚਾਰ ਸਾਲਾਂ ਵਿੱਚ ਆਪ ਪਾਰਟੀ ਦੀਆਂ ਨੀਤੀਆਂ ਵੀ ਜੱਗ ਜ਼ਾਹਰ ਹੋ ਗਈਆਂ ਹਨ ,ਜਿਹੜੀ ਆਪਣੇ ਆਪ ਨੂੰ ਆਮ ਲੋਕਾਂ ਦੀ ਪਾਰਟੀ ਅਤੇ ਸ਼ਹੀਦ ਭਗਤ ਸਿੰਘ ਦੇ ਰਾਹ ‘ਤੇ ਚੱਲਣ ਦਾ ਢੌਂਗ ਰਚਦੀ ਰਹੀ ਸੀ। ਭਗਵੰਤ ਮਾਨ ਸਰਕਾਰ ਵੱਲੋਂ ਹਮੇਸ਼ਾ ਸਰਮਾਏਦਾਰਾਂ ਅਤੇ ਵੱਡੀਆਂ ਜਗੀਰਾਂ ਵਾਲਿਆਂ ਨੂੰ ਫਾਇਦਾ ਪਹੁੰਚਾਉਣ ਲਈ ਗ਼ਰੀਬ ਕਿਸਾਨਾਂ ਅਤੇ ਮਜ਼ਦੂਰ- ਮੁਲਾਜ਼ਮ ਵਿਰੋਧੀ ਫ਼ੈਸਲੇ ਕਰਦੀ ਆ ਰਹੀ ਹੈ। ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਅੱਗੇ ਵਾਸਤੇ ਆਮ ਲੋਕਾਂ ਤੋਂ ਭਰੋਸਾ ਉੱਠ ਗਿਆ ਲਗਦਾ ਹੈ ਕਿ ਜਨਤਾ ਨੂੰ ਹਮੇਸ਼ਾਂ ਲਈ ਮੂਰਖ਼ ਨਹੀਂ ਬਣਾਇਆ ਜਾ ਸਕਦਾ। ਇਸੇ ਕਰਕੇ ਉਹਨਾਂ ਵੱਲੋਂ ਦੁਵਾਰਾ ਰਾਜਸੱਤ੍ਹਾ ਪ੍ਰਾਪਤ ਕਰਨ ਲਈ ਕਾਰਪੋਰੇਟ ਪੂੰਜੀਪਤੀਆਂ ਅਤੇ ਵੱਡੀਆਂ ਜ਼ਮੀਨਾਂ ਜਾਇਦਾਦਾਂ ਦੇ ਮਾਲਕਾਂ ਦੀ ਕਿਸਤੀ ਵਿੱਚ ਸਵਾਰ ਹੋਣ ਦਾ ਫ਼ੈਸਲਾ ਕਰ ਲਿਆ ਹੈ ਅਤੇ ਪੰਜਾਬ ਦੇ ਵੱਡੇ ਸਨਅਤਕਾਰ ਰਜਿੰਦਰ ਗੁਪਤੇ ਨੂੰ ਸਿਆਸਤ ਵਿੱਚ ਲਿਆਂਦਾ ਜਾ ਰਿਹਾ ਹੈ। ਆਗੂਆਂ ਨੇ ਇਹ ਵੀ ਦੱਸਿਆ ਕਿ ਇਸ ਵੇਲੇ ਦੇਸ਼ ਦੀ ਰਾਜਸੱਤ੍ਹਾ ਹਜ਼ਾਰਾਂ ਅਰਬਪਤੀਆਂ ਦੇ ਪੂਰੀ ਤਰ੍ਹਾਂ ਕਬਜ਼ੇ ਹੇਠ ਹੈ। ਜਿਨ੍ਹਾਂ ਵੱਲੋਂ ਸਾਰੇ ਕਿਰਤ ਕਾਨੂੰਨ ਖ਼ਤਮ ਕਰਕੇ ਅਤੇ ਜਨਤਾ ਦੀ ਤਿੱਖੀ ਲੁੱਟ ਕਰਨ ਦੇ ਲਈ ਜੋ ਨਵੀਂਆਂ ਆਰਥਿਕ ਨੀਤੀਆਂ ਘੜੀਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਪ੍ਰਕਿਰਿਆ ਚੱਲ ਰਹੀ ਹੈ, ਉਹਨਾਂ ਨੀਤੀਆਂ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਨਹੀਂ, ਸਗੋਂ ਕਾਰਪੋਰੇਟਾਂ ਹਾਊਸਾਂ ਵਿੱਚ ਤਿਆਰ ਕੀਤਾ ਜਾਂਦਾ ਹੈ। ਇਸੇ ਕਰਕੇ ਰਾਜਿੰਦਰ ਗੁਪਤੇ ਵਰਗੇ ਸੰਸਦ ਵਿੱਚ ਪਹੁੰਚ ਕੇ ਕਿਹੋ ਜਿਹੀਆਂ ਨੀਤੀਆਂ ਨੂੰ ਅੰਜ਼ਾਮ ਦੇਣਗੇ, ਇਹ ਕਿਸੇ ਤੋਂ ਭੁੱਲਿਆ ਹੋਇਆ ਨਹੀਂ। ਆਗੂਆਂ ਨੇ ਕਿਹਾ ਕਿ ਜਿਵੇਂ ਅੰਬਾਨੀ – ਅਡਾਨੀ ਵਰਗੇ ਮਹਾਂ ਭ੍ਰਿਸ਼ਟ ਕਾਰਪੋਰੇਟਾਂ ਦਾ ਮੋਦੀ ਸਰਕਾਰ ਦੇ ਸਿਰ ‘ਤੇ ਅਸ਼ੀਰਵਾਦ ਦਾ ਹੱਥ ਹੈ, ਉਸੇ ਤਰ੍ਹਾਂ ਕੇਜਰੀਵਾਲ ਅਤੇ ਭਗਵੰਤ ਮਾਨ ਵੀ ਰਾਜਿੰਦਰ ਗੁਪਤੇ ਵਰਗੇ ਵੱਡੇ ਥੈਲੀ ਸ਼ਾਹਾਂ ਨੂੰ ਸਿਆਸੀ ਅਖਾੜੇ ਦੇ ਚੈਂਪੀਅਨ ਬਣਾਉਣਾ ਚਾਹੁੰਦੇ ਹਨ, ਤਾਂ ਕਿ ਉਹਨਾਂ ਦੇ ਪੈਸੇ ਨਾਲ ਦੁਵਾਰਾ ਰਾਜਸੱਤ੍ਹਾ ਦਾ ਆਨੰਦ ਮਾਣਿਆਂ ਜਾ ਸਕੇ।


