ਗੁਰਦਾਸਪੁਰ, 23 ਨਵੰਬਰ (ਸਰਬਜੀਤ ਸਿੰਘ)—ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਿਸ਼ਵਾਸ਼ਘਾਤ ਅਤੇ ਕਿਸਾਨਾਂ ਪ੍ਰਤੀ ਵਰਤੀ ਗਈ ਘਟੀਆ ਸ਼ਬਦਾਵਲੀ ਦੇ ਰੋਸ ਵੱਜੋ 19 ਨਵੰਬਰ ਤੋਂ ਮਰਨ ਵਰਤ ਉੱਤੇ ਬੈਠੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨਾਜ਼ੁਕ ਹੋ ਗਈ ਹੈ ਅਤੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਚੈਕਅੱਪ ਕਰਨ ਤੇ ਉਨ੍ਹਾਂ ਦਾ ਸ਼ੂਗਰ ਲੈਵਲ ਸਿਰਫ 23 ਹੀ ਆਇਆ ਹੈ ਉਹਨਾਂ ਦੀ ਜਾਨ ਨੂੰ ਖਤਰਾ ਦੇਖਦੇ ਹੋਏ ਡਾਕਟਰਾ ਅਤੇ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੂੰ ਮਰਨ ਵਰਤ ਖਤਮ ਕਰਨ ਲਈ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪ੍ਰੰਤੂ ਉਨ੍ਹਾਂ ਵੱਲੋਂ ਆਪਣਾ ਮਰਨ ਵਰਤ ਖ਼ਤਮ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਗੁੱਝੀਆਂ ਚਾਲਾਂ ਚੱਲਦੀ ਹੋਈ ਆਪਣੇ ਹੱਕੀ ਮੰਗਾਂ ਲਈ ਸੜਕਾਂ ਉਪਰ ਉੱਤਰੇ ਹੋਏ ਕਿਸਾਨਾਂ ਨੂੰ ਬਦਨਾਮ ਕਰਨ ਲਈ ਅਤੇ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਟਕਰਾਅ ਦਾ ਮਾਹੌਲ ਪੈਦਾ ਕਰਨ ਲਈ ਉਸ ਤਰਾਂ ਹੀ ਸਾਜ਼ਿਸ਼ਾਂ ਘੜ ਰਹੀ ਹੈ। ਜਿਸ ਤਰ੍ਹਾ ਦਿੱਲੀ ਦੇ ਬਾਰਡਰਾ ਉੱਪਰ ਤਿੰਨ ਕਾਲੇ ਕਨੂੰਨਾਂ ਨੂੰ ਰੱਦ ਕਰਾਉਣ ਲਈ ਲੱਗੇ ਮੋਰਚੇ ਨੂੰ ਬੀਜੇਪੀ ਸਰਕਾਰ ਵੱਲੋਂ ਆਪਣੇ ਆਈ.ਟੀ.ਸੈਲ ਅਤੇ ਸਰਕਾਰ ਪੱਖੀ ਲੋਕਾਂ ਰਾਹੀ ਬਦਨਾਮ ਕਰਨ ਅਤੇ ਲੋਕਾਂ ਅਤੇ ਕਿਸਾਨਾਂ ਵਿੱਚ ਟਕਰਾਅ ਦਾ ਮਾਹੌਲ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆ ਇਨ੍ਹਾਂ ਕੋਝੀਆ ਸਾਜਿਸ਼ਾਂ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਮੋਦੀ ਸਰਕਾਰ ਦੇ ਨਕਸ਼ੇ ਕਦਮ ਤੇ ਹੀ ਚੱਲ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ(SKM) ਦੇ ਸਮੂਹ ਆਗੂ ਸਹਿਬਾਨਾਂ ਦੀ ਰਾਤ ਨੂੰ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਭਗਵੰਤ ਮਾਨ ਦੇ ਕਿਸਾਨਾਂ ਵਿਰੁੱਧ ਦਿੱਤੇ ਗਏ ਗੈਰ ਜ਼ਿੰਮੇਵਾਰਾਨਾ ਬਿਆਨ ਅਤੇ ਮੰਨੀਆਂ ਹੋਈਆਂ ਮੰਗਾਂ ਤੋਂ ਮੁੱਕਰਣ ਕਾਰਨ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ,ਜਿਸ ਦੇ ਚੱਲਦੇ ਪੂਰੇ ਭਾਰਤ ਦੇ ਕਿਸਾਨ ਰੋਸ ਵੱਜੋਂ ਪੂਰੇ ਭਾਰਤ ਵਿੱਚ 23 ਨਵੰਬਰ ਨੂੰ 11:00 ਵਜੇ ਜਿਲ੍ਹਾ/ਤਹਿਸੀਲ ਹੈਡਕੁਆਰਟਰਾਂ ਉੱਤੇ ਗੈਰ ਜਿਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਪੁੱਤਲੇ ਫੂਕਣਗੇ ਅਤੇ ਤਿੱਖੇ ਰੋਸ ਦਾ ਪ੍ਰਗਟਾਵਾ ਕਰਨਗੇ।
ਇਸ ਮੀਟਿੰਗ ਵਿੱਚ ਪੰਜਾਬ,ਹਰਿਆਣਾ,ਰਾਜਸਥਾਨ,ਉਤਰ ਪ੍ਰਦੇਸ਼,ਉਤਰਾਖੰਡ,ਮੱਧ ਪ੍ਰਦੇਸ਼,ਗੁਜਰਾਤ,ਮਹਾਂਰਾਸ਼ਟਰ,ਕਰਨਾਟਕਾ ,ਤਾਮਿਲਨਾਡੂ ਅਤੇ ਊੜੀਸਾ ਆਦਿ ਰਾਜਾਂ ਦੇ ਕਿਸਾਨ ਆਗੂ ਸ਼ਾਮਿਲ ਹੋਏ।


