ਗੁਰਦਾਸਪੁਰ, 23 ਦਸੰਬਰ (ਸਰਬਜੀਤ ਸਿੰਘ)–ਅੱਜ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਦਾ ਇੱਕ ਵਫਦ ਸੁਖਦੇਵ ਸਿੰਘ ਭਾਗੋਕਾਵਾਂ, ਮੱਖਣ ਸਿੰਘ ਕੁਹਾੜ, ਗੁਰਦੀਪ ਸਿੰਘ ਮੁਸਤਫਾਬਾਦ ਅਤੇ ਤ੍ਰਿਲੋਕ ਸਿੰਘ ਦੀ ਅਗਵਾਈ ਵਿੱਚ ਐਸ ਐਸ ਪੀ ਗੁਰਦਾਸਪੁਰ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਤਹਿਸੀਲ ਕਲਾਨੌਰ ਦੇ ਪਿੰਡ ਬੱਖਤਪੁਰ ਵਿਚ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਦੀ ਜ਼ਮੀਨ ਦੀ ਹੋਈ ਨਿਸ਼ਾਨਦੇਹੀ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਵਾਇਆ ਜਾਵੇ। ਆਗੂਆਂ ਕਿਹਾ ਕਿ ਇਹ ਨਿਸ਼ਾਨ ਦੇਹੀ ਇਕ ਨਵੰਬਰ ਨੂੰ ਕਾਰਵਾਈ ਗਈ ਸੀ ਜਿਸ ਨੂੰ ਬੱਖਤਪੁਰ ਦੇ ਰਣਜੀਤ ਸਿੰਘ ਨੇ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਸਮੇਂ ਤੋਂ ਹੀ ਗੁਰਮੀਤ ਸਿੰਘ ਬੱਖਤਪੁਰਾ ਘੁਮਣ ਕਲਾਂ ਥਾਨੇ ਅਤੇ ਡੀ ਐਸ ਪੀ ਕਲਾਨੌਰ ਗੁਰਵਿੰਦਰ ਸਿੰਘ ਦੇ ਦਫਤਰ ਚਕਰ ਲਗਾ ਰਿਹਾ ਹੈ ਪਰ ਥਾਨਾ ਮੁਖੀ ਅਤੇ ਡੀ ਐਸ ਪੀ ਝਗੜੇ ਨੂੰ ਰੋਕਣ ਹਿੱਤ ਨਿਸ਼ਾਨ ਦੇਹੀ ਦੀ ਵੱਟ ਪਾਉਣ ਦੀ ਬਜਾਏ ਕਥਿਤ ਤੌਰ ਤੇ ਕਿਸੇ ਲਾਲਚਵੱਸ ਅਤੇ ਸਿਆਸੀ ਦਬਾਅ ਹੇਠ ਮੁਦਈ ਨੂੰ ਹੀ ਪ੍ਰੇਸ਼ਾਨ ਕਰ ਰਹੇ ਹਨ ਜਦੋਂ ਕਿ ਕਨੂੰਨ ਅਨੁਸਾਰ ਝਗੜੇ ਨੂੰ ਰੋਕਣ ਲਈ ਪੁਲਿਸ ਦੀ ਡਿਊਟੀ ਹੈ ਕਿ ਮਸਲੇ ਦਾ ਹੱਲ ਕਰਨ ਲਈ ਨਿਰਪੱਖਤਾ ਦਾ ਰੋਲ ਅਦਾ ਕਰੇ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਬੰਧਤ ਡੀ ਐਸ ਪੀ ਅਤੇ ਥਾਨਾ ਮੁਖੀ ਨੇ ਮਸਲੇ ਨੂੰ ਜਲਦੀ ਹੱਲ ਨਾ ਕੀਤਾ ਤਾਂ ਸੰਯੁਕਤ ਮੋਰਚੇ ਵਲੋਂ ਸੰਘਰਸ਼ ਵਿਢਿਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਵਫਦ ਨੂੰ ਐਂਸ ਐਸ ਪੀ ਗੁਰਦਾਸਪੁਰ ਨੇ ਇਨਸਾਫ ਕਰਨ ਦਾ ਭਰੋਸਾ ਦਿੱਤਾ ਹੈ। ਵਫ਼ਦ ਵਿਚ ਗੁਲਜ਼ਾਰ ਸਿੰਘ ਭੁੰਬਲੀ , ਜਗਜੀਤ ਸਿੰਘ ਅਲੂਣਾ, ਅਸ਼ਵਨੀ ਕੁਮਾਰ ਲੱਖਣਕਲਾ, ਲਖਵਿੰਦਰ ਸਿੰਘ ਬਿਸਨਕੋਟ ਅਤੇ ਬਲਬੀਰ ਸਿੰਘ ਉਚਾਧਕਾਲਾ ਸ਼ਾਮਲ ਸਨ


