ਪੰਜਾਬ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਨੂੰ ਕੱਢਣ ਦਾ ਤੁਗਲਕੀ ਫਰਮਾਨ, ਪੰਜਾਬੀਆਂ ਨੂੰ ਮਹਿੰਗਾ ਪਵੇਗਾ – ਲਾਭ ਸਿੰਘ ਅਕਲੀਆ

ਮਾਲਵਾ

ਬਰਨਾਲਾ, ਗੁਰਦਾਸਪੁਰ 21 ਸਤੰਬਰ ( ਸਰਬਜੀਤ ਸਿੰਘ)– ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਜਾਤੀਵਾਦੀ ਅਤੇ ਫਿਰਕੂ ਸਿਆਸਤ ਵਿੱਚ ਅੰਨ੍ਹੇ ਹੋਏ ਕੁੱਝ ਲੋਕਾਂ ਵੱਲੋਂ ਪ੍ਰਵਾਸੀ (ਬਿਹਾਰੀ) ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਮੁਹਿੰਮ ਚਲਾਈ ਜਾ ਰਹੀ ਹੈ, ਜੋ ਅਤਿ ਨਿੰਦਣਯੋਗ ਹੈ ਅਤੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੀਪੀਆਈ (ਐਮ ਐਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਪੰਜਾਬ ਦੇ ਲਈ ਅਤੇ ਸਮੁੱਚੀ ਪੰਜਾਬੀ ਕੌਮ ਦੇ ਲਈ ਬੇਹੱਦ ਘਾਤਿਕ ਅਤੇ ਨੁਕਸਾਨ ਦਾਇਕ ਸਾਬਿਤ ਹੋ ਸਕਦੀਆਂ ਹਨ। ਪਿਛਲੇ ਦਿਨੀਂ ਹੁਸ਼ਿਆਰਪੁਰ ਵਿਖੇ ਜ਼ਮੀਰ ਨੂੰ ਝੰਜੋੜਨ ਵਾਲੀ ਜੋ ਘਟਨਾ ਘਟੀ ਹੈ, ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਪੰਜ ਸਾਲ ਦੇ ਬੱਚੇ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬਿਨ੍ਹਾਂ ਸ਼ੱਕ ਇਹ ਘਟਨਾ ਬੇਹੱਦ ਸ਼ਰਮਨਾਕ ਹੈ ਅਤੇ ਅਜਿਹੇ ਕਾਤਲਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਇਸਦੇ ਲਈ ਸਮੁੱਚਾ ਪ੍ਰਵਾਸੀ ਭਾਈਚਾਰਾ ਦੋਸ਼ੀ ਨਹੀਂ ਹੈ। ਇਸ ਘਟਨਾ ਦੇ ਬਹਾਨੇ ਸਾਰੇ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਬਾਹਰ ਭਜਾਉਣ ਦੇ ਤੁਗਲਕੀ ਫ਼ਰਮਾਨ ਫਿਰਕੂ ਰਾਜਨੀਤੀ ਤੋਂ ਪ੍ਰੇਰਿਤ ਹੈ, ਜਿਸਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ। ਅਜਿਹੀਆਂ ਫਿਰਕੂ ਤਾਕਤਾਂ ਪੰਜਾਬ ਵਿੱਚ ਅੱਗ ਦੇ ਭਾਂਬੜ ਬਾਲਕੇ ਉੱਨੀਂ ਸੌ ਸੰਤਾਲੀ ਵਾਲਾ ਫਿਰਕੂ ਮਾਹੌਲ ਬਨਾਉਣਾ ਚਾਹੁੰਦੀਆਂ ਹਨ। ਭਾਰਤ ਇੱਕ ਸੰਘਾਤਮਿਕ ਅਤੇ ਬਹੁ ਕੌਮੀ ਦੇਸ਼ ਹੈ। ਦੇਸ਼ ਦੇ ਸੰਵਿਧਾਨ ਅਨੁਸਾਰ ਹਰ ਨਾਗਰਿਕ ਕਿਤੋਂ ਵੀ ਸਿੱਖਿਆ ਅਤੇ ਰੁਜ਼ਗਾਰ ਪ੍ਰਾਪਤ ਕਰ ਸਕਦਾ ਹੈ ਅਤੇ ਜਿੱਥੇ ਵੀ ਉਹ ਚਾਹੇ ਆਪਣਾ ਪੱਕਾ ਰੈਣ ਬਸੇਰਾ ਬਣਾ ਸਕਦਾ ਹੈ। ਇਤਿਹਾਸ ਗਵਾਹ ਹੈ ਕਿ ਹਰ ਕੌਮ ਹਰ ਧਰਮ -ਜਾਤ ਵਿੱਚ ਕੁੱਝ ਲੋਕ ਹਰ ਤਰ੍ਹਾਂ ਦੇ ਜ਼ਾਲਮ ਹੁੰਦੇ ਹਨ। ਖ਼ੁਦ ਪੰਜਾਬੀਆਂ ਵੱਲੋਂ ਵੀ ਦੇਸ਼ – ਵਿਦੇਸ਼ ਵਿੱਚ ਹਰ ਰੋਜ਼ ਅਜਿਹੀਆਂ ਨਿੰਦਣ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਸਵਾਲ ਇਹ ਹੈ ਕਿ ਕੀ ਅਜਿਹੀਆਂ ਘਟਨਾਵਾਂ ਲਈ ਸਮੁੱਚਾ ਪੰਜਾਬੀ ਭਾਈਚਾਰਾ ਜ਼ਿਮੇਵਾਰ ਹੈ? ਕੀ ਸਾਰੇ ਪੰਜਾਬੀ ਭਾਈਚਾਰੇ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਆਗੂ ਨੇ ਕਿਹਾ ਕਿ ਅਜਿਹੀਆਂ ਫਿਰਕੂ ਘਟਨਾਵਾਂ ਦੇ ਕਾਰਨ ਪੰਜਾਬ ਪਹਿਲਾਂ ਹੀ ਬਹੁਤ ਪਿੱਛੇ ਧੱਕਿਆ ਗਿਆ ਹੈ। ਕੇਂਦਰ ਵਿੱਚ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਹਰ ਸੂਬੇ ਵਿੱਚ ਫਿਰਕੂ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਘੱਟ ਗਿਣਤੀ ਵਰਗਾਂ ਉੱਪਰ ਜਾਤੀ ਅਤੇ ਧਾਰਮਿਕ ਹਮਲੇ ਹਰ ਰੋਜ਼ ਨਵਾਂ ਰੂਪ ਲੈ ਰਹੇ ਹਨ। ਦੇਸ਼ ਵਿੱਚ ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ ਅਤੇ ਔਰਤਾਂ ਨੂੰ ਟਾਰਗੇਟ ਕਰਕੇ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇਹ ਹਵਾ ਵੀ ਇਸੇ ਫਿਰਕੂ ਲਹਿਰ ਦਾ ਹਿੱਸਾ ਬਣਦੀ ਜਾ ਰਹੀ ਹੈ। ਆਗੂ ਨੇ ਇਹ ਵੀ ਕਿਹਾ ਕਿ ਜੇਕਰ ਅਜਿਹੀਆਂ ਘਟਨਾਵਾਂ ਨੂੰ ਨਾਂ ਰੋਕਿਆ ਗਿਆ ਤਾਂ ਪੰਜਾਬ ਦੀ ਸਮੁੱਚੀ ਜਨਤਾ ਅਤੇ ਇਥੋਂ ਦੀ ਆਰਥਿਕਤਾ ਨੂੰ ਬੁਰੀ ਤਰ੍ਹਾਂ ਖ਼ਮਿਆਜ਼ਾ ਭੁਗਤਣਾ ਪਵੇਗਾ। ਕਿਉਂ ਕਿ ਦੇਸ਼ ਦੇ ਕੋਨੇ ਕੋਨੇ ਵਿੱਚ ਪੰਜਾਬੀ ਭਾਈਚਾਰਾ ਆਪਣੇ ਕਾਰੋਬਾਰ ਸਥਾਪਤ ਕਰਕੇ ਬੈਠਾ ਹੈ, ਕੋਈ ਉਹਨਾਂ ਨੂੰ ਵੀ ਬਾਹਰ ਭਜਾਉਣ ਦੀ ਮੁਹਿੰਮ ਸ਼ੁਰੂ ਕਰ ਸਕਦੇ ਹਨ।

Leave a Reply

Your email address will not be published. Required fields are marked *