ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਮੀਟਿੰਗਾਂ ਰੱਦ

ਬਠਿੰਡਾ-ਮਾਨਸਾ

ਬੇਰੁਜ਼ਗਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ

ਮਾਨਸਾ, ਗੁਰਦਾਸਪੁਰ, 20 ਜੂਨ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ  ਵਿਰੁੱਧ ਬੇਰੁਜ਼ਗਾਰ ਸਾਂਝੇ ਮੋਰਚੇ (ਪੰਜ ਬੇਰੁਜ਼ਗਾਰ ਜਥੇਬੰਦੀਆਂ ਉੱਤੇ ਅਧਾਰਿਤ)ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ ਅਤੇ ਜ਼ਿਲ੍ਹਾ ਕੰਪਲੈਕਸ ਮਾਨਸਾ ਦੇ ਮੁੱਖ ਗੇਟ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ  ਹਰਜਿੰਦਰ ਸਿੰਘ ਝੁਨੀਰ ਅਤੇ ਹਰਜਿੰਦਰ ਸਿੰਘ ਬੁੱਢਲਾਡਾ, ਜ਼ਿਲ੍ਹਾ ਆਗੂ ਸੰਦੀਪ ਸਿੰਘ ਮੋਫ਼ਰ,ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਸੇਖਾ,ਆਇਸਾ ਆਗੂ ਸੁਖਜੀਤ ਸਿੰਘ ਰਾਮਾਨੰਦੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਹਰ ਸਟੇਜ ਤੋਂ ਬੋਲਦੇ ਹਨ ਕਿ ਉਹਨਾਂ ਦੀ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਲਈ ਆਈ ਹੈ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸਰਕਾਰ ਦੀ ਪ੍ਰਾਥਮਿਕਤਾ ਹੈ। ਪਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਉਹਨਾਂ ਮੀਟਿੰਗਾਂ ਦੇ ਲਿਖਤੀ ਪੱਤਰ ਦੇਣ ਤੋਂ ਬਾਅਦ ਵੀ ਮੀਟਿੰਗਾਂ ਕਰਨ ਤੋਂ ਭੱਜਦੇ  ਹਨ। ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਉਹਨਾਂ ਬੀਤੇ ਦਿਨੀਂ 15 ਜੂਨ ਨੂੰ ਲੁਧਿਆਣਾ ਵਿਖੇ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਗੇਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਦਫਤਰ ਵੱਲ ਰੋਸ ਪ੍ਰਦਰਸ਼ਨ  ਕੀਤਾ ਸੀ।  ਜਿੱਥੇ ਉਮੀਦਵਾਰ ਦੇ ਦਫਤਰ ਤੋਂ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਨਾਲ 18 ਜੂਨ ਦੀ ਲਿਖਤੀ ਪੈਨਲ ਮੀਟਿੰਗ  ਮਿਲੀ ਸੀ।ਉਹਨਾਂ ਦੋਸ਼  ਲਾਇਆ ਕਿ  ਮੁੱਖ ਮੰਤਰੀ ਉਕਤ ਮੀਟਿੰਗ ਤੋ ਭੱਜ ਗਏ ਹਨ। ਇਸੇ ਤਰਾਂ ਹੀ ਸਿੱਖਿਆ ਮੰਤਰੀ ਸ੍ਰ ਹਰਜੋਤ ਬੈਂਸ ਦਰਜਨਾਂ ਵਾਰ ਮੀਟਿੰਗਾਂ ਰੱਦ ਕਰ ਗਏ ਹਨ। ਜਿਸਦੇ ਰੋਸ ਵਜੋਂ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਅਤੇ ਮੀਟਿੰਗਾਂ ਦੇ ਝੂਠੇ ਲਾਰਿਆਂ ਵਾਲੇ ਪੱਤਰ ਫੂਕ ਕੇ ਰੋਸ ਜ਼ਾਹਿਰ ਕੀਤਾ। ਆਗੂਆਂ ਨੇ ਮੰਗ ਕੀਤੀ ਕਿ ਰੱਦ ਕੀਤੀਆਂ ਮੀਟਿੰਗਾਂ  ਦਾ ਸਮਾਂ ਮੁੜ ਤੁਰੰਤ ਨਿਰਧਾਰਤ ਕੀਤਾ ਜਾਵੇ ਅਤੇ ਉਹਨਾਂ ਦੀਆਂ ਭਖਦੀਆਂ ਮੰਗਾਂ ਜਿਵੇਂ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ,10 ਜੂਨ 2023 ਨੂੰ ਮੁੱਖ ਮੰਤਰੀ ਦੀ ਮਾਨਸਾ ਆਮਦ ਮੌਕੇ ਬੇਰੁਜ਼ਗਾਰਾਂ ਉੱਪਰ ਦਰਜ ਕੀਤੇ ਗਏ ਪਰਚੇ ਰੱਦ ਕੀਤੇ ਜਾਣ,ਸਿਹਤ ਅਤੇ ਸਿੱਖਿਆ ਦੀਆਂ ਸਾਰੀਆਂ ਭਰਤੀਆਂ ਵਿੱਚ ਉਮਰ ਹੱਦ ਵਿੱਚ ਛੋਟ ਦਿੱਤੀ ਜਾਵੇ,ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55% ਦੀ ਸ਼ਰਤ ਮੁੱਢੋਂ ਰੱਦ ਕੀਤੀ ਜਾਵੇ‌, ਸਮਾਜਿਕ ਸਿੱਖਿਆ (ਸੋਸ਼ਲ ਸਟੱਡੀ) ਨੂੰ ਸ਼ਾਮਲ ਕਰਕੇ ਲੈਕਚਰਾਰ ਕੇਡਰ ਦੀਆਂ ਸਾਰੀਆਂ ਖਾਲੀ ਪਈਆਂ ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ,ਮਲਟੀਪਰਪਜ ਹੈਲਥ ਵਰਕਰਾਂ ਦੀਆਂ 270 ਪੋਸਟਾਂ ਦਾ ਉਮਰ ਹੱਦ ਵਿੱਚ ਛੋਟ ਦੇ ਕੇ ਇਸ਼ਤਿਹਾਰ ਜਾਰੀ ਕੀਤਾ ਜਾਵੇ, 250 ਆਰਟ ਐਂਡ ਕਰਾਫਟ ਟੀਚਰ ਭਰਤੀ ਦਾ ਤੁਰੰਤ ਲਿਖਤੀ ਪੇਪਰ ਲੈ ਕੇ ਭਰਤੀ ਮੁਕੰਮਲ ਕੀਤੀ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਅਤੇ ਰੱਦ ਹੋਈਆਂ ਮੀਟਿੰਗਾਂ ਤੁਰੰਤ ਮੁੜ ਨਿਰਧਾਰਤ ਨਹੀਂ ਕੀਤੀਆਂ ਗਈਆਂ ਤਾਂ ਅਗਲੀ ਰਣਨੀਤੀ ਤਹਿਤ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਵੱਡੀ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਸਿਮਰਨ ਕੌਰ ਝੁਨੀਰ, ਗਗਨ ਕੌਰ ਖਿਆਲਾ, ਕੋਮਲ ਕੌਰ, ਹਰਪਿੰਦਰ ਕੌਰ ਸ਼ਾਮਲ ਸਨ।

Leave a Reply

Your email address will not be published. Required fields are marked *