ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਸਾੜੀ ਮੁੱਖ ਮੰਤਰੀ ਦੀ ਅਰਥੀ, ਜਨਤਾ ਨੂੰ ਕੀਤੀ ਆਪ ਵਜ਼ੀਰਾਂ ਤੇ ਵਿਧਾਇਕਾਂ ਦੇ ਸਮਾਜਿਕ ਬਾਈਕਾਟ ਦੀ ਅਪੀਲ
ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)– ਪੰਜਾਬ ਵਿਚੋਂ ਨਸ਼ਿਆਂ ਦੇ ਹੜ੍ਹ ਨੂੰ ਬੰਨ ਮਾਰਨ ਅਤੇ ਪਰਵਿੰਦਰ ਸਿੰਘ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਲਈ ਇਥੇ ਡੀਸੀ ਦਫ਼ਤਰ ਵਿਚ ਚੱਲ ਰਿਹਾ ਦਿਨ ਰਾਤ ਦੇ ਧਰਨੇ ਵਿਚ ਅੱਜ 26ਵੇਂ ਦਿਨ ਲਾਲ ਝੰਡਿਆਂ ਦੀ ਭਰਮਾਰ ਰਹੀ। ਅੱਜ ਸੀਪੀਆਈ (ਐਮ ਐਲ) ਲਿਬਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਏਕਟੂ) ਅਤੇ ਹੋਰ ਖੱਬੇ ਪੱਖੀ ਜਥੇਬੰਦੀਆਂ ਦੇ ਵਰਕਰ ਵੱਡੀ ਗਿਣਤੀ ਵਿਚ ਧਰਨੇ ਵਿਚ ਸ਼ਾਮਲ ਹੋਏ। ਧਰਨਾਕਾਰੀਆਂ ਨੇ ਮੁੱਖ ਮੰਤਰੀ ਮਾਨ ਦੇ ਲੋਕਾਂ ਦੀਆਂ ਵੱਡੀਆਂ ਸਮੱਸਿਆਵਾਂ ਵਲੋਂ ਅੰਨੇ ਤੇ ਬੋਲੇ ਹੋ ਜਾਣ ਦੇ ਨਾਹਰੇ ਲਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਰਥੀ ਵੀ ਸਾੜੀ।
ਧਰਨੇ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਦੇ ਸੀਨੀਅਰ ਆਗੂ ਤੇ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ‘ਆਪ’ ਦੀ ਮਾਨ ਸਰਕਾਰ ਦੀ ਕਹਿਣੀ ਤੇ ਕਥਨੀ ਵਿਚ ਜੋ ਜ਼ਮੀਨ ਅਸਮਾਨ ਦਾ ਫਰਕ ਹੈ, ਉਹ ਹੁਣ ਆਮ ਲੋਕਾਂ ਨੂੰ ਵੀ ਪ੍ਰਤੱਖ ਨਜ਼ਰ ਆ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵਾਰ ਵਾਰ ਐਲਾਨ ਕਰਦੇ ਰਹੇ ਹਨ ਕਿ ਨਸ਼ਿਆਂ ਦੇ ਕਾਰੋਬਾਰ ਵਿਚੋਂ ਕਾਲੀ ਕਮਾਈ ਕਰਨ ਵਾਲੇ ਲੋਕਾਂ ਦੀਆਂ ਡਰੱਗ ਮਨੀ ਨਾਲ ਬਣਾਈਆਂ ਜਾਇਦਾਦਾਂ ਜਬਤ ਕੀਤੀਆਂ ਜਾਣਗੀਆਂ, ਪਰ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਮਾਨਸਾ ਪਿਛਲੇ ਦੋ ਮਹੀਨਿਆਂ ਤੋਂ ਮੰਗ ਕਰ ਰਹੀ ਹੈ ਕਿ 18 ਸਾਲ ਤੋਂ ਮਾਨਸਾ ਵਿਚ ਟਿਕ ਕੇ ਤਸਕਰਾਂ ਤੋਂ ਮੋਟੀ ਕਮਾਈ ਕਰਨ ਵਾਲੇ ਡੀਐਸਪੀ ਸੰਜੀਵ ਗੋਇਲ ਅਤੇ ਨਿਰੋਲ ਨਸ਼ੀਲੀਆਂ ਗੋਲੀਆਂ ਕੈਪਸੂਲ ਵੇਚਣ ਦਾ ਹੀ ਧੰਦਾ ਕਰਨ ਵਾਲੇ ਕੁਝ ਮੈਡੀਕਲ ਸਟੋਰ ਵਾਲਿਆਂ ਦੀ ਚੱਲ ਅਚੱਲ ਜਾਇਦਾਦਾਂ ਦੀ ਵਿਜੀਲੈਂਸ ਤੋਂ ਪੜਤਾਲ ਕਰਵਾ ਕੇ ਆਮਦਨ ਤੋਂ ਵੱਧ ਬਣਾਈ ਸਾਰੀ ਜਾਇਦਾਦ ਜਬਤ ਕੀਤੀ ਜਾਵੇ, ਪਰ ਮਾਨ ਸਰਕਾਰ ਸਿਰਫ ਡੀਐਸਪੀ ਦਾ ਤਬਾਦਲਾ ਕਰਕੇ ਹੀ ਮਾਮਲਾ ਠੰਢਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਾਰੂ ਨਸ਼ੇ ਰੋਕਣ ਲਈ ਮੈਦਾਨ ਵਿਚ ਨਿਤਰੇ ਨੌਜਵਾਨਾਂ ਦੇ ਕਤਲ ਹੋ ਰਹੇ ਹਨ, ਉਨਾਂ ਉਤੇ ਹਮਲੇ ਤੇ ਝੂਠੇ ਪੁਲਸ ਕੇਸ ਬਣਾਏ ਜਾਣੇ ਤਾਂ ਹੁਣ ਆਮ ਗੱਲ ਬਣ ਗਈ ਹੈ। ਇਸ ਲਈ ਅਸੀਂ ਐਕਸ਼ਨ ਕਮੇਟੀ ਵਲੋਂ ਪਿੰਡਾਂ ਸ਼ਹਿਰਾਂ ਦੀ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਜਿਥੇ ਹਰ ਜਗਾ ਨਸ਼ਾ ਰੋਕੂ ਕਮੇਟੀਆਂ ਕਾਇਮ ਕਰਨ, ਉਥੇ ਜਦੋਂ ਤੱਕ ਮਾਨ ਸਰਕਾਰ ਨਸ਼ਿਆਂ ਦੇ ਘਾਤਕ ਕਾਰੋਬਾਰ ਖ਼ਿਲਾਫ਼ ਕਾਰਵਾਈ ਦੀ ਠੋਸ ਨੀਤੀ ਲਾਗੂ ਨਹੀਂ ਕਰਦੀ, ਉਦੋਂ ਤੱਕ ਉਹ ਅਪਣੇ ਪਿੰਡਾਂ ਤੇ ਗਲੀ ਮੁਹੱਲਿਆਂ ਵਿਚ ਸ਼ਾਂਤਮਈ ਢੰਗ ਨਾਲ ਇਸ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਲੀਡਰਾਂ ਦਾ ਪੂਰਨ ਸਮਾਜਿਕ ਬਾਈਕਾਟ ਕਰਨ। ਧਰਨੇ ਨੂੰ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ, ਪ੍ਰਗਤੀਸ਼ੀਲ ਇਸਤਰੀ ਸਭਾ ਦੀ ਆਗੂ ਜਸਬੀਰ ਕੌਰ ਨੱਤ, ਸੀਪੀਆਈ ਆਗੂ ਕ੍ਰਿਸ਼ਨ ਚੌਹਾਨ, ਮਾਨ ਦਲ ਵਲੋਂ ਗੁਰਸੇਵਕ ਸਿੰਘ ਜਵਾਹਰਕੇ, ਆਲ ਇੰਡੀਆ ਕਿਸਾਨ ਸਭਾ (ਮਾਰਕਸੀ) ਵਲੋਂ ਐਪ. ਸਵਰਨਜੀਤ ਦਲਿਓ, ਆਂਗਣਵਾੜੀ ਯੂਨੀਅਨ ਦੀ ਆਗੂ ਰਣਜੀਤ ਕੌਰ, ਬਲਵਿੰਦਰ ਸਿੰਘ ਘਰਾਂਗਣਾ, ਡਾਕਟਰ ਧੰਨਾ ਮੱਲ ਗੋਇਲ, ਭੋਲਾ ਸਿੰਘ ਗੁੜੱਦੀ, ਬੀਕੇਯੂ ਲੱਖੋਵਾਲ ਵਲੋਂ ਨਿਰਮਲ ਸਿੰਘ ਝੰਡੂਕੇ, ਪੰਜਾਬ ਕਿਸਾਨ ਯੂਨੀਅਨ ਵਲੋਂ ਭੋਲਾ ਸਿੰਘ ਸਮਾਓਂ, ਜਮਹੂਰੀ ਕਿਸਾਨ ਸਭਾ ਵਲੋਂ ਮਾਸਟਰ ਛੱਜੂ ਰਾਮ ਰਿਸ਼ੀ, ਅਜਮੇਰ ਅਕਲੀਆ, ਅੰਗਰੇਜ਼ ਘਰਾਂਗਣਾ, ਜਗਦੇਵ ਭੁਪਾਲ, ਘੁਮੰਡ ਸਿੰਘ ਖਾਲਸਾ ਉਗਰਾਹਾਂ, ਐਡ. ਲਖਵਿੰਦਰ ਲੱਖਣਪਾਲ ਅਤੇ ਐਂਟੀ ਡਰੱਗ ਟਾਸਕ ਫੋਰਸ ਵਲੋਂ ਅਮਨਦੀਪ, ਅਮਨ ਪਟਵਾਰੀ ਤੇ ਜਗਮੋਹਣ ਮੋਹਣਾ ਨੇ ਵੀ ਸੰਬੋਧਨ ਕੀਤਾ। ਜਦੋਂ ਕਿ ਟਾਸਕ ਫੋਰਸ ਵਲੋਂ ਕੁਲਵਿੰਦਰ ਸੁੱਖੀ, ਸੁਰਿੰਦਰ ਕੁਮਾਰ, ਕਾਲੀ ਅਤੇ ਪ੍ਰਦੀਪ ਸਿੰਘ ਉਤੇ ਟੀਮ ਪਿੰਡਾਂ ਵਿਚ 14 ਅਗਸਤ ਦੀ ਰੈਲੀ ਦੇ ਪ੍ਰਚਾਰ ਤੇ ਲਾਮਬੰਦੀ ਵਿਚ ਛੁੱਟੀ ਹੋਈ ਹੈ। ਸੀਟੂ ਅਤੇ ਆਂਗਨਵਾੜੀ ਵਰਕਰ ਯੂਨੀਅਨ ਦੇ ਕਾਰਕੁੰਨਾਂ ਨੇ ਵੀ ਮੋਦੀ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਨ ਪਿੱਛੋਂ ਧਰਨੇ ਵਿਚ ਸ਼ਮੂਲੀਅਤ ਕੀਤੀ। ਅੰਤ ਵਿਚ ਪਰਵਿੰਦਰ ਝੋਟੇ ਦੇ ਪਿਤਾ ਭੀਮ ਸਿੰਘ ਵਲੋਂ ਧਰਨੇ ਵਿਚ ਸ਼ਾਮਲ ਸੰਗਤ ਦਾ ਧੰਨਵਾਦ ਕੀਤਾ ਗਿਆ।