ਮਾਨਸਾ, ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ) — ਅੱਜ ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿੱਚ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਦੇ ਮਾਮਲੇ ਤੇ ਸੰਘਰਸ਼ ਕਰ ਰਹੇ ਅਧਿਆਪਕਾਂ ਅਤੇ ਜਥੇਬੰਦੀਆਂ ਦੇ ਆਗੂਆਂ ਦੀ ਰਿਹਾਈ ਲਈ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਗਈ।ਇਸ ਮੌਕੇ ਮਜ਼ਦੂਰ,ਕਿਸਾਨ,ਮੁਲਾਜਮ,ਵਿਦਿਆਰਥੀ,ਦੁਕਾਨਦਾਰ ਸੰਘਰਸ਼ ਕਮੇਟੀ ਬਣਾਈ ਗਈ ਅਤੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਏਕਟੂ ਵੱਲੋਂ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਜਮਹੂਰੀ ਕਿਸਾਨ ਸਭਾ ਵੱਲੋਂ ਅਮਰੀਕ ਸਿੰਘ ਫਫੜੇ ਭਾਈਕੇ,ਖੇਤ ਮਜ਼ਦੂਰ ਸਭਾ ਵੱਲੋਂ ਕਾਮਰੇਡ ਕ੍ਰਿਸ਼ਨ ਚੌਹਾਨ,ਰਤਨ ਭੋਲਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਲਿਬਰੇਸ਼ਨ) ਵੱਲੋਂ ਬਲਵਿੰਦਰ ਸਿੰਘ ਘਰਾਂਗਣਾ,ਪੰਜਾਬ ਕਿਸਾਨ ਯੂਨੀਅਨ ਵੱਲੋਂ ਮਨਜੀਤ ਸਿੰਘ ਧਿੰਗੜ,ਪੈਨਸ਼ਨਰ ਐਸੋਸੀਏਸ਼ਨ ਵੱਲੋਂ ਕੇਵਲ ਸਿੰਘ,ਆਇਸਾ ਪੰਜਾਬ ਵੱਲੋਂ ਸੁਖਜੀਤ ਰਾਮਾਨੰਦੀ,ਬੀ ਕੇ ਯੂ ਡਕੌਂਦਾ ਵੱਲੋਂ ਰਾਜ ਅਕਲੀਆ, ਦਲਿਤ ਮਨੁੱਖੀ ਅਧਿਕਾਰ ਸਭਾ ਵਲੋਂ ਐਡਵੋਕੇਟ ਅਜੈਬ ਸਿੰਘ ਗੁਰੂ ਸਾਬਕਾ ਸੈਨਿਕ ਐਸੋਸੀਏਸ਼ਨ ਵੱਲੋਂ ਦਰਸ਼ਨ ਸਿੰਘ,ਬੀ ਕੇ ਯੂ ਕ੍ਰਾਂਤੀਕਾਰੀ ਵੱਲੋਂ ਦਲਜੀਤ ਸਿੰਘ,ਇਨਕਲਾਬੀ ਨੌਜਵਾਨ ਸਭਾ ਵੱਲੋਂ ਗਗਨਦੀਪ ਸਿੰਘ ਸਿਰਸੀਵਾਲਾ,ਬੀ ਕੇ ਯੂ ਡਕੌਂਦਾ ਧਨੇਰ ਗਰੁੱਪ ਵੱਲੋਂ ਬਲਜੀਤ ਸਿੰਘ ਭੈਣੀਬਾਘਾ ਅਤੇ ਮੁਸਲਿਮ ਫਰੰਟ ਪੰਜਾਬ ਵੱਲੋਂ ਰਵੀ ਖਾਨ ਨੇ ਐਲਾਨ ਕੀਤਾ ਕਿ ਮੌਜੂਦਾ ਸਰਕਾਰ ਦੀ ਸ਼ਹਿ ਤੇ ਅੰਨੀ ਲੁੱਟ ਮਚਾਉਣ ਵਾਲੀ ਮੈਨੇਜਮੈਂਟ ਅਤੇ ਅਧਿਆਪਕਾਂ ਤੇ ਤਸ਼ੱਦਦ ਕਰ ਰਹੀ ਸਰਕਾਰ ਅਤੇ ਪ੍ਰਸ਼ਾਸਨ ਦੀ 10 ਅਪ੍ਰੈਲ ਨੂੰ ਸਾਂਝੇ ਰੂਪ ਵਿੱਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਮਾਨਸਾ ਵਿੱਚ ਅਰਥੀ ਸਾੜੀ ਜਾਵੇਗੀ। ਆਗੂਆਂ ਨੇ ਮੰਗ ਕੀਤੀ ਕਿ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਚਾਉਕੇ ਦੇ ਅਧਿਆਪਕਾਂ ਦੀਆਂ ਮੰਗਾਂ ਨੂੰ ਮੰਨਦਿਆਂ ਸਕੂਲ ਮੈਨੇਜਮੈਂਟ ਵਿੱਚੋਂ ਗੁਰਮੇਲ ਸਿੰਘ ਮਾਨਸਾ ਨੂੰ ਤੁਰੰਤ ਬਾਹਰ ਕੀਤਾ ਜਾਵੇ,ਸਕੂਲ ਨੂੰ ਸਰਕਾਰ ਆਪਣੇ ਹੱਥਾਂ ਵਿੱਚ ਲਵੇ,ਗ੍ਰਿਫਤਾਰ ਕੀਤੇ ਗਏ ਅਧਿਆਪਕਾਂ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ,ਮੈਨੇਜਮੈਂਟ ਦੀਆਂ ਜਾਇਦਾਦਾਂ ਦੀ ਜਾਂਚ ਕੀਤੀ ਜਾਵੇ,ਸਕੂਲ ਦੇ ਬੱਚਿਆਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਅਤੇ ਸਕੂਲ ਵਿੱਚੋਂ ਬਾਹਰ ਕੀਤੇ ਗਏ ਅਧਿਆਪਕਾਂ ਨੂੰ ਦੁਬਾਰਾ ਬਹਾਲ ਕਰਵਾਇਆ ਜਾਵੇ ਅਤੇ ਨਿਯਮਾਂ ਮੁਤਾਬਕ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ।ਜੇਕਰ ਮਾਮਲੇ ਦਾ ਹੱਲ ਨਾਂ ਕੀਤਾ ਗਿਆ ਤਾਂ ਗੰਭੀਰਤਾ ਨਾਲ ਐਕਸ਼ਨ ਲੈਂਦਿਆਂ ਮੈਨੇਜਮੈਂਟ ਦੇ ਬਾਕੀ ਸਕੂਲਾਂ ਅਤੇ ਕਾਲਜਾਂ ਵਿੱਚ ਕੀਤੇ ਰਹੇ ਭ੍ਰਿਸ਼ਟਾਚਾਰ ਖਿਲਾਫ ਸੰਘਰਸ਼ ਕੀਤਾ ਜਾਵੇਗਾ।


