ਤਰਨਤਾਰਨ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)–ਸਾਹਿਤ ਵਿਚਾਰ ਮੰਚ ਤਰਨਤਾਰਨ ਸੁਖਦੀਪ ਸਿੰਘ ਸਿੱਧੂ ਨੇ ਖੁਲਾਸਾ ਕੀਤਾ ਹੈ ਕਿ ਸਿਆਣੇ ਕਹਿੰਦੇ ਕਿ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਜਾਂ ਤੀਜਾ ਨੇਤਰ ਖੋਲ੍ਹਣ ਦਾ ਸਾਧਨ ਹੈ। ਸਹੀ ਢੰਗ ਨਾਲ ਤੇ ਸਹੀ ਮਾਅਨਿਆਂ ‘ਚ ਹਾਸਲ ਕੀਤੀ ਵਿੱਦਿਆ ਹੀ ਤੀਜਾ ਨੇਤਰ ਖੋਲ੍ਹ ਸਕਦੀ ਹੈ। ਤੀਜਾ ਨੇਤਰ ਖੁੱਲ੍ਹਣ ਦਾ ਭਾਵ ਹੈ ਕਿ ਉਹ ਸਚਾਈ ਜੋ ਦੋ ਅੱਖਾਂ ਨਾਲ ਵੀ ਸਪੱਸ਼ਟ ਨਹੀਂ ਹੁੰਦੀ, ਉਸਨੂੰ ਜਾਨਣ ਲਈ ਇਨਸਾਨ ਦਾ ਅਚੇਤ ਮਨ ਸਖ਼ਤ ਮਿਹਨਤ ਕਰਕੇ ਤੀਸਰਾ ਪੱਖ ਜਾਂ ਤੀਸਰਾ ਆਯਾਮ ਜਾਨਣ ਲਈ ਉਤਸੁੱਕ ਹੁੰਦਾ ਹੈ। ਜਦੋਂ ਬੰਦਾ ਦੁਨੀਆਵੀ ਵਰਤਾਰੇ ਨੂੰ ਤੀਜੇ ਨੇਤਰ ਨਾਲ ਵੇਖਦਾ ਹੈ ਤਾਂ ਅੰਦਰੋਂ ਬੜਾ ਕੁੱਝ ਟੁੱਟਦਾ ਹੈ। ਸੰਸਕਾਰ, ਪ੍ਰੰਪਰਾਵਾਂ, ਮਰਿਯਾਦਾਂਵਾਂ, ਕਾਨੂੰਨ, ਰਿਸ਼ਤੇ, ਸਿਧਾਂਤ, ਪ੍ਰੀਭਾਸ਼ਾਵਾਂ, ਵਿਆਖਿਆਵਾਂ, ਸ਼ਬਦਾਰਥ, ਸਾਰਥਿਕਤਾ, ਨਿਰਾਰਥਕਤਾ, ਅਸਲੀਅਤ ਤੇ ਵਿਖਾਵਾ ਸਭ ਕੁੱਝ ਪੁਣ-ਛਾਣ ਕੇ ਰੱਖ ਦਿੰਦਾ ਹੈ ਇਹ ਤੀਜਾ ਨੇਤਰ। ਏਨੀ ਮੇਰੀ ਬਾਤ, ਛੱਤਣਾ ਸੀ ਕੋਠਾ, ਛੱਤ ਲਈ ਸਬਾਤ।


