ਮਾਨਸਾ, ਗੁਰਦਾਸਪੁਰ, 10 ਅਗਸਤ (ਸਰਬਜੀਤ ਸਿੰਘ)– ਮੋਦੀ ਸਰਕਾਰ ਦੇ ਫਾਸਿਸਟ ਤੇ ਕਿਰਤੀਆਂ ਦੇ ਖਿਲਾਫ ਟਰੇਡ ਯੂਨੀਅਨਾਂ ਦੇ ਸੱਦੇ ਤਹਿਤ ਮਾਨਸਾ ਵਿਖੇ ਰੋਹ ਪੂਰਵਕ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀਆਂ ਨੇ ਐਲਾਨ ਕੀਤਾ ਸ਼ਹੀਦਾਂ ਦੀ ਧਰਤੀ ਤੇ ਕਿਰਤ ਵਿਰੋਧੀ ਕੋਈ ਕਨੂੰਨ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਦੇਸ਼ ਵਿਆਪੀ ਸੱਦੇ ਤਹਿਤ ਮਾਨਸਾ ਵਿਖੇ ਹੋਏ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ ਏਕਟੂ ਦੇ ਸੂਬਾ ਪ੍ਰਧਾਨ ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਏਟਕ ਦੇ ਕ੍ਰਿਸ਼ਨ ਚੌਹਾਨ ਤੇ ਸੀ ਟੀ ਯੂ ਪੰਜਾਬ ਦੇ ਮਾਸਟਰ ਛੱਜੂ ਰਾਮ ਰਿਸ਼ੀ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਚ ਸਿਰਫ ਮਨੂੰ ਸਿਮ੍ਰਤੀ ਹੀ ਲਾਗੂ ਨਹੀਂ ਕਰਨਾ ਚਾਹੁੰਦੀ ਬਲਕਿ ਮੁੜ ਦੇਸ਼ ਦੇ ਸਵੈਮਾਣ ਤੇ ਪ੍ਰਭੂਸੱਤਾ ਨੂੰ ਵੀ ਦਾਅ ਤੇ ਲਾਅ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਕਰੋਨਾ ਦੀ ਆੜ ਚ ਕਿਰਤ ਤੇ ਕਿਰਤੀਆਂ ਵਿਰੋਧੀ ਪਾਸ ਕੀਤੇ ਕਾਲੇ ਕਨੂੰਨ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ। ਜਿੰਨਾ ਖ਼ਿਲਾਫ਼ ਵੱਡਾ ਅੰਦੋਲਨ ਖੜ੍ਹਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਮਾਨਸਾ ਵਿਖੇ ਨਸ਼ਿਆਂ ਦੇ ਖਿਲਾਫ ਚੱਲ ਰਹੇ ਅੰਦੋਲਨ ਬਾਰੇ ਕਿਹਾ ਕਿ ਦੇਸ਼ ਨੂੰ ਵੀ ਬਚਾਉਣਾ ਹੈ ਤੇ ਧੀਆਂ ਪੁੱਤਰਾਂ ਨੂੰ ਵੀ।ਇਸ ਲਈ ਅਗਲੇ ਦਿਨਾਂ ਚ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਵੱਡਾ ਅੰਦੋਲਨ ਹੋਵੇਗਾ। ਇਸ ਪ੍ਰਦਰਸ਼ਨ ਨੂੰ ਵਿਦਿਆਰਥੀ ਜਥੇਬੰਦੀ ਆਇਸਾ, ਮਜ਼ਦੂਰ ਮੁਕਤੀ ਮੋਰਚਾ,ਜਮਹੂਰੀ ਕਿਸਾਨ ਸਭਾ, ਸੀਪੀਆਈ, ਸੀਪੀਆਈ ਐਮ ਐਲ ਲਿਬਰੇਸ਼ਨ ਦੇ ਆਗੂਆਂ ਨੇ ਵੀ ਸੰਬੋਧਨ ਕੀਤਾ।