ਮਾਨਸਾ, ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ)– ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਇਕਾਈ ਵੱਲੋਂ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਵੱਲੋਂ ਵਿਦਿਆਰਥੀਆਂ ਤੋਂ ਵਸੂਲ ਕੀਤੀ ਜਾ ਰਹੀ ਪੂਰੀ ਟਿਕਟ ਦੇ ਖਿਲਾਫ਼ ਅਤੇ ਯੂਨੀਵਰਸਟੀ ਵੱਲੋਂ ਥੋਕ ਵਿੱਚ ਕੱਢੀਆਂ ਗਈਆਂ ਰੀਅਪੀਅਰਾਂ ਦੀ ਪੜਤਾਲ ਕਰਵਾਉਣ ਲਈ ਐੱਸ ਡੀ ਐੱਮ ਬੁਢਲਾਡਾ ਰਾਹੀਂ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਇਸਾ ਵੱਲੋਂ ਗੁਰੂ ਨਾਨਕ ਕਾਲਜ ਦੀ ਇਕਾਈ ਦੇ ਪ੍ਰਧਾਨ ਅਮਰ ਡਸਕਾ ਅਤੇ ਆਗੂ ਜਸਪ੍ਰੀਤ ਕੌਰ ਨੇ ਕਿਹਾ ਕਿ ਨਵਾਂ ਸ਼ੈਸ਼ਨ ਸ਼ੁਰੂ ਹੋਣ ਤੋਂ ਬਾਅਦ ਵਿਦਿਆਰਥੀਆਂ ਤੋਂ ਪੂਰੇ ਪੰਜਾਬ ਅੰਦਰ ਪ੍ਰਾਈਵੇਟ ਬੱਸਾਂ ਵਾਲਿਆਂ ਵੱਲੋਂ ਜਬਰਦਸਤੀ ਪੂਰੀ ਟਿਕਟ ਵਸੂਲ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਵੱਡੀ ਪੱਧਰ ਤੇ ਵਿਦਿਆਰਥੀ ਪਿੰਡਾਂ ਤੋਂ ਆਉਂਦੇ ਹਨ ਅਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਕਾਰਨ ਪੂਰੀ ਟਿਕਟ ਦੇਣ ਤੋਂ ਅਸਮਰੱਥ ਹਨ। ਲੰਬੇ ਸੰਘਰਸ਼ਾਂ ਅਤੇ ਕੁਰਬਾਨੀਆਂ ਤੋਂ ਬਾਅਦ ਪ੍ਰਾਪਤ ਹੋਈ ਵਿਦਿਆਰਥੀ ਬੱਸ ਪਾਸ ਦੀ ਸਹੂਲਤ ਨੂੰ ਪਿਛਲੀਆਂ ਸਰਕਾਰਾਂ ਵੱਲੋਂ ਖਤਮ ਕਰਕੇ ਵੱਡੀ ਪੱਧਰ ਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਖੋਰਾ ਲਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਸਮੇਂ ਦੀ ਮਾਨ ਸਰਕਾਰ ਵੀ ਨਵੀਂ ਸਿੱਖਿਆ ਨੀਤੀ 2020 ਦੁਆਰਾ ਵਿਦਿਆਰਥੀਆਂ ਦੇ ਭਵਿੱਖ ਨੂੰ ਖੋਰਾ ਲਾਉਣ ਦੇ ਰਾਹ ਤੁਰ ਪਈ ਹੈ। ਯੂਨੀਵਰਸਿਟੀ ਵੱਲੋਂ ਇਸ ਸਾਲ ਦੇ ਨਤੀਜਿਆਂ ਵਿੱਚ ਵੱਡੀ ਪੱਧਰ ਤੇ ਵਿਦਿਆਰਥੀਆਂ ਦੀਆਂ ਰੀਅਪੀਅਰਾਂ ਕੱਢ ਕੇ ਉਹਨਾਂ ਦੇ ਭਵਿੱਖ ਨੂੰ ਧੁੰਦਲਾ ਕੀਤਾ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਦੀਆਂ ਜੇਬਾਂ ਉੱਪਰ ਬੋਝ ਪਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀ ਬੱਸ ਪਾਸ ਨੂੰ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਬੱਸਾਂ ਵਿੱਚ ਲਾਗ ਕਰਨ ਲਈ ਪੰਜਾਬ ਵਿਧਾਨ ਸਭਾ ਅੰਦਰ ਮਤਾ ਪਾਸ ਕਰੇ, ਪੇਂਡੂ ਖੇਤਰ ਦੀਆਂ ਸਰਕਾਰੀ ਬੱਸਾਂ ਦੇ ਬੰਦ ਪਏ ਰੂਟ ਚਾਲੂ ਕੀਤੇ ਜਾਣ,
ਅਤੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀਆਂ ਥੋਕ ਵਿੱਚ ਕੱਢੀਆਂ ਗਈਆਂ ਰੀਅਪੀਅਰਾਂ ਦੀ ਪੜਤਾਲ ਕਰਵਾ ਕੇ ਨਵੇਂ ਸਿਰੇ ਤੋਂ ਨਤੀਜਾ ਘੋਸ਼ਿਤ ਕੀਤਾ ਜਾਵੇ ਨਵੀਂ ਸਿੱਖਿਆ ਨੀਤੀ 2020 ਵਾਪਸ ਲਈ ਜਾਵੇ ਅਤੇ ਵਿਦਿਆਰਥੀਆਂ ਦੇ ਰੁਕੇ ਹੋਏ ਸਰਟੀਫਿਕੇਟ ਤੁਰੰਤ ਜਾਰੀ ਕੀਤੇ ਜਾਣ। ਇਸ ਮੌਕੇ ਹਰਮਨਜੋਤ ਕੌਰ,ਹਰਪ੍ਰੀਤ ਕੌਰ,ਯਾਦਵਿੰਦਰ ਬੁਢਲਾਡਾ ਅਤੇ ਸ਼ਗਨਦੀਪ ਸਿੰਘ ਆਦਿ ਵਿਦਿਆਰਥੀ ਹਾਜਰ ਸਨ। ਪ੍ਰੈੱਸ ਨੂੰ ਸੰਬੋਧਨ ਕਰਦਿਆਂ ਆਇਸਾ ਦੇ ਆਗੂ ਸੁਖਜੀਤ ਰਾਮਾਨੰਦੀ ਅਤੇ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ਝੁਨੀਰ ਦੀ ਇਕਾਈ ਦੇ ਆਗੂ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਜਥੇਬੰਦਕ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਅਤੇ ਥੋਕ ਵਿੱਚ ਕੱਢੀਆਂ ਗਈਆਂ ਰੀਅਪੀਅਰਾਂ ਦੇ ਹੱਲ ਲਈ 21ਸਤੰਬਰ ਨੂੰ ਜਥੇਬੰਦੀ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਮਿਲਿਆ ਜਾਵੇਗਾ।