ਪੇਂਡੂ ਖੇਤਰ ਵਿੱਚ ਪੈਦਾ ਹੋ ਰਹੀ ਬੈਚੈਨੀ ਲਈ ਮਾਨ ਸਰਕਾਰ ਜ਼ਿੰਮੇਵਾਰ
ਮਾਨਸਾ, ਗੁਰਦਾਸਪੁਰ, 28 ਅਪ੍ਰੈਲ (ਸਰਬਜੀਤ ਸਿੰਘ)— ਸੀਪੀਆਈ ਐਮ ਐਲ ਲਿਬਰੇਸ਼ਨ ਨੇ ਲਹਿਰਾਂ ਨੇੜਲੇ ਪਿੰਡ ਖਾਈ ਦੇ ਵਾਸੀ ਕਿਸਾਨ ਆਗੂ ਮਾਸਟਰ ਨਿਰਭੈ ਸਿੰਘ ਨੂੰ ਸਤਾਧਾਰੀ ਆਪ ਨਾਲ ਜੁੜੇ ਭੂਮੀ ਮਾਫੀਆ ਗਿਰੋਹ ਵਲੋਂ ਹਮਲਾ ਕਰਕੇ ਬੁਰੀ ਤਰ੍ਹਾਂ ਫ਼ੱਟੜ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਾਰੇ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
ਪਾਰਟੀ ਆਗੂਆਂ ਸੁਖਦਰਸ਼ਨ ਸਿੰਘ ਨੱਤ, ਗੁਰਨਾਮ ਸਿੰਘ ਭੀਖੀ, ਬਲਬੀਰ ਸਿੰਘ ਜ਼ਰੂਰ ਅਤੇ ਕਾਮਰੇਡ ਗੋਬਿੰਦ ਸਿੰਘ ਛਾਜਲੀ ਵਲੋਂ ਜਾਰੀ ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਤਾ ਦੀ ਸਿੱਧੀ ਸਰਪ੍ਰਸਤੀ ਕਾਰਨ ਅਜਿਹੇ ਬਦਮਾਸ਼ ਗਿਰੋਹ ਬਹੁਤ ਹੰਕਾਰ ਵਿੱਚ ਹਨ, ਪਰ ਇਨਕਲਾਬੀ ਤਾਕਤਾਂ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਇਕਜੁੱਟ ਹੋ ਕੇ ਇੰਨਾਂ ਗੁੰਡਿਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਦੀ ਹੈਂਕੜ ਨੂੰ ਮਿੱਟੀ ਵਿੱਚ ਮਿਲਾ ਦੇਣਗੀਆਂ।
ਬਿਆਨ ਵਿੱਚ ਮਾਨ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੋ ਬਦਮਾਸ਼ ਭੂ ਮਾਫੀਆ ਗਿਰੋਹ ਅਤੇ ਖੂਨ ਚੂਸ ਸੂਦਖੋਰ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਗਰੀਬ ਪਰਿਵਾਰਾਂ ਦੇ ਘਰ ਤੇ ਘਰੇਲੂ ਸਾਮਾਨ ਤੱਕ ਹੜੱਪ ਰਹੇ ਹਨ, ਜੇਕਰ ਉਨ੍ਹਾਂ ਖਿਲਾਫ ਤੁਰੰਤ ਸਖਤ ਐਕਸ਼ਨ ਨਾ ਲਿਆ ਗਿਆ, ਤਾਂ ਪੇਂਡੂ ਖੇਤਰ ਜ਼ੋ ਤਿੱਖੀ ਬੈਚੈਨੀ ਤੇ ਟਕਰਾਅ ਪੈਦਾ ਹੋਵੇਗਾ, ਉਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ।


