ਮਾਮਲਾ ਸ਼ਹਿਰ ਨੂੰ ਪੀਣ ਲਈ ਅਣਸੋਧਿਆ ਪਾਣੀ ਸਪਲਾਈ ਕਰਨ ਦਾ-ਜਸਬੀਰ ਕੌਰ ਨੱਤ

ਮਾਲਵਾ

ਦੋ ਦਿਨਾਂ ਵਿੱਚ ਸ਼ੁਧ ਪਾਣੀ ਦੀ ਸਪਲਾਈ ਨਾ ਮਿਲਣ ‘ਤੇ ਲਿਬਰੇਸ਼ਨ ਵਲੋਂ ਸੰਘਰਸ਼ ਦੀ ਚੇਤਾਵਨੀ

ਮਾਨਸਾ, ਗੁਰਦਾਸਪੁਰ, 5 ਸਤੰਬਰ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਮਾਨਸਾ ਸ਼ਹਿਰ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ, ਸਿਵਲ ਸਰਜਨ, ਨਗਰ ਕੌਂਸਲ ਮਾਨਸਾ ਅਤੇ ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਕੁਝ ਦਿਨਾਂ ਤੋਂ ਬਿਨਾਂ ਕਲੋਰੀਨ ਜਾਂ ਫਟਕੜੀ ਆਦਿ ਦੀ ਵਰਤੋਂ ਕੀਤੇ ਸ਼ਹਿਰ ਦਾ ਇਕੋ ਇਕ ਵਾਟਰ ਵਰਕਸ ਪੂਰੇ ਸ਼ਹਿਰ ਨੂੰ ਨਹਿਰ ਦਾ ਅਣਸੋਧਿਆ ਪਾਣੀ ਹੀ ਸਪਲਾਈ ਕਰ ਰਿਹਾ ਹੈ। ਬਾਰਿਸ਼ ਦੇ ਮੌਸਮ ਵਿੱਚ ਅਜਿਹਾ ਕਰਨਾ ਲੋਕ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਤੁਲ ਹੈ। ਪਾਰਟੀ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੀ ਜ਼ਿੰਮੇਵਾਰ ਕੰਪਨੀ ਦੇ ਖ਼ਿਲਾਫ਼ ਤੁਰੰਤ ਸਖਤ ਕਾਰਵਾਈ ਕਰੇ ਅਤੇ ਉਸ ਦਾ ਠੇਕਾ ਰੱਦ ਕਰਕੇ ਵਾਟਰ ਵਰਕਸ ਦਾ ਪ੍ਰਬੰਧ ਸਿੱਧਾ ਮਹਿਕਮੇ ਦੇ ਹੱਥਾਂ ਵਿੱਚ ਦੇਵੇ।

ਲਿਬਰੇਸ਼ਨ ਦੀ ਸ਼ਹਿਰੀ ਕਮੇਟੀ ਦੀ ਸਕੱਤਰ ਕਾਮਰੇਡ ਜਸਬੀਰ ਕੌਰ ਨੱਤ ਅਤੇ ਮੈਂਬਰਾਂ ਬਲਵਿੰਦਰ ਕੌਰ ਖਾਰਾ, ਗਗਨਦੀਪ ਸਿਰਸੀਵਾਲਾ ਅਤੇ ਕਾਮਰੇਡ ਪ੍ਰਸ਼ੋਤਮ ਦਾ ਕਹਿਣਾ ਹੈ ਕਿ ਮੀਹਾਂ ਦੇ ਦਿਨਾਂ ਵਿੱਚ ਨਹਿਰ ਦਾ ਪਾਣੀ ਪੂਰੀ ਤਰ੍ਹਾਂ ਮਟਮੈਲਾ ਤੇ ਅਸ਼ੁੱਧ ਆ ਰਿਹਾ ਹੈ, ਪਰ ਵਾਟਰ ਵਰਕਸ ਨੂੰ ਚਲਾ ਰਹੀ ਠੇਕੇਦਾਰ ਕੰਪਨੀ ਵਲੋਂ ਸਮੇਂ ਸਿਰ ਕਲੋਰੀਨ ਜਾਂ ਫਟਕੜੀ ਪਾਊਡਰ ਆਦਿ ਦੀ ਸਪਲਾਈ ਦਾ ਪ੍ਰਬੰਧ ਨਹੀਂ ਕੀਤਾ ਗਿਆ। ਜਿਸ ਕਰਕੇ ਫਿਲਟਰ ਤੇ ਸ਼ੁਧ ਕਰਨ ਦੀ ਬਜਾਏ ਇਹੀ ਪਾਣੀ ਸਿੱਧਾ ਸ਼ਹਿਰ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਉਹ ਵੀ ਆਮ ਵਾਂਗ ਸੌ ਫੁੱਟ ਉੱਚੀਆਂ ਟੈਂਕੀਆਂ ਵਿੱਚ ਭਰ ਕੇ ਫ਼ੁੱਲ ਪ੍ਰੈਸ਼ਰ ਨਾਲ ਦੋ ਵਕਤ ਸਪਲਾਈ ਕਰਨ ਦੀ ਥਾਂ, ਸਿੱਧਾ ਸਟੋਰੇਜ ਟੈਂਕ ਵਿਚੋਂ ਮੋਟਰਾਂ ਨਾਲ ਘੱਟ ਪ੍ਰੈਸ਼ਰ ‘ਤੇ ਥੋੜੇ ਸਮੇਂ ਲਈ ਇਕੋ ਵਕਤ ਦੇ ਕੇ ਸਿਰਫ਼ ਢੰਗ ਟਪਾਈ ਕੀਤੀ ਜਾ ਰਹੀ ਹੈ। ਰੇਤੇ ਮਿੱਟੀ ਵਾਲਾ ਇਹ ਅਣਸੋਧਿਆ ਪਾਣੀ ਮਜਬੂਰੀ ਵਿੱਚ ਪੂਰੇ ਸ਼ਹਿਰ ਦੇ ਲੋਕਾਂ ਨੂੰ ਪੀਣਾ ਵਰਤਣਾ ਪੈ ਰਿਹਾ ਹੈ।

ਪਾਰਟੀ ਨੇ ਜਿਥੇ ਸ਼ਹਿਰ ਦੀ ਜਨਤਾ ਨੂੰ ਇਸ ਘੋਰ ਲਾਪ੍ਰਵਾਹੀ ਖਿਲਾਫ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ, ਉਥੇ ਪ੍ਰਸ਼ਾਸਨ ਤੇ ਨਗਰ ਪਾਲਿਕਾ ਦੇ ਪ੍ਰਧਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੋ ਦਿਨਾਂ ਦੇ ਅੰਦਰ ਇਹ ਸਮਸਿਆ ਹੱਲ ਨਾ ਕੀਤੀ ਗਈ, ਤਾਂ ਪਾਰਟੀ ਆਮ ਸ਼ਹਿਰੀਆਂ ਦੇ ਸਹਿਯੋਗ ਨਾਲ ਅੰਦੋਲਨ ਦਾ ਰਾਹ ਅਖਤਿਆਰ ਕਰਨ ਤੋਂ ਗ਼ੁਰੇਜ਼ ਨਹੀਂ ਕਰੇਗੀ।

Leave a Reply

Your email address will not be published. Required fields are marked *