ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਵਲੋਂ ਸ੍ਰੀ ਹਰਗੋਬਿੰਦਪੁਰ ਸਾਹਿਬ, ਕਾਦੀਆਂ ਅਤੇ ਬਟਾਲਾ ਦੇ ਪਿੰਡਾਂ ਦਾ ਦੌਰਾ, ਖੇਤਾਂ ‘ਚ ਲੱਗੀ ਅੱਗ ਨੂੰ ਮੌਕੇ ‘ਤੇ ਬੁਝਵਾਇਆ

ਗੁਰਦਾਸਪੁਰ

ਬੇਲਰ ਨਾਲ ਪਰਾਲੀ ਦੀਆਂ ਗੱਠਾਂ ਬਣਾਉਣ ਉਪਰੰਤ ਰਹਿੰਦ-ਖੂੰਹਦ ਨੂੰ ਵੀ ਅੱਗ ਨਾ ਲਗਾਉਣ ਦੀ ਅਪੀਲ

ਜ਼ਿਲੇ ਦੇ ਜ਼ਿਆਦਾਤਰ ਕਿਸਾਨ, ਪਰਾਲੀ ਪ੍ਰਬੰਧਨ ਲਈ ਕਰ ਨੇ ਸਫਲ ਉਪਰਾਲੇ-ਬਾਕੀ ਕਿਸਾਨ ਵੀ ਇਨ੍ਹਾਂ ਤੋਂ ਲੈਣ ਸੇਧ

ਜਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਖੇਤੀ ਮਸ਼ੀਨਰੀ ਪਿੰਡਾਂ ਤੱਕ ਮੁਹੱਈਆ ਕਰਵਾਈ

ਸ੍ਰੀ ਹਰਗੋਬਿੰਦਪੁਰ ਸਾਹਿਬ/ਕਾਦੀਆਂ/ਬਟਾਲਾ, 20 ਅਕਤੂਬਰ (ਸਰਬਜੀਤ ਸਿੰਘ)– ਆਦਿੱਤਿਆ ਉੱਪਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਅੱਜ ਸ੍ਰੀ ਹਰਗੋਬਿੰਦਪੁਰ ਸਾਹਿਬ, ਕਾਦੀਆਂ ਅਤੇ ਬਟਾਲਾ ਖੇਤਰ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ।

ਜਦੋਂ ਉਹ ਇਸ ਖੇਤਰ ਦੇ ਪਿੰਡਾਂ ਦਾ ਦੌਰਾ ਕਰ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਨੇ ਖੇਤ ਵਿੱਚ ਲੱਗੀ ਅੱਗ ਨੂੰ ਵੇਖ ਕੇ ਤੁਰੰਤ ਖੇਤ ਵਿੱਚ ਜਾ ਕੇ ਲੱਗੀ ਅੱਗ ਨੂੰ ਮੌਕੇ ‘ਤੇ ਬੁਝਵਾਇਆ ਅਤੇ ਕਿਸਾਨਾਂ ਨੂੰ ਮਿਲਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ ਗਈ। ਇਸ ਮੌਕੇ ਐੱਸ.ਡੀ.ਐੱਮ ਬਟਾਲਾ ਸਾਰੰਗਪ੍ਰੀਤ ਸਿੰਘ ਔਜਲਾ ਅਤੇ ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਸ਼ਹਿਬਾਜ਼ ਸਿੰਘ ਚੀਮਾ ਵੀ ਮੌਜੂਦ ਸਨ।

ਇਸ ਮੌਕੇ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਖੇਤੀ ਮਸ਼ੀਨਰੀ ਪਿੰਡਾਂ ਤੱਕ ਮੁਹੱਈਆ ਕਰਵਾਈ ਗਈ ਹੈ ਅਤੇ ਜਿਲ੍ਹੇ ਵਿੱਚ ਬਹੁਤ ਸਾਰੇ ਕਿਸਾਨਾਂ ਵਲੋਂ ਪਰਾਲੀ ਪ੍ਰਬੰਧਨ ਤਹਿਤ ਬੇਲਿੰਗ ਕੀਤੀ ਜਾ ਰਹੀ ਹੈ। ਪਰ ਫਿਰ ਵੀ ਕੁਝ ਕੁ ਕਿਸਾਨਾਂ ਵਲੋਂ ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਨੈਸ਼ਨਲ ਗਰੀਨ ਟਿ੍ਬਿਊਨਲ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਸਲ ਦੀ ਰਹਿੰਦ ਖੂੰਹਦ ਸਾੜਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨ ਕਾਰਵਾਈ ਕੀਤੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਐੱਸ.ਡੀ,ਐੱਮਜ਼, ਪੁਲਿਸ ਅਧਿਕਾਰੀ, ਕਲੱਸਟਰ ਤੇ ਨੋਡਲ ਅਫਸਰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਮਿਲ ਰਹੇ ਹਨ ਅਤੇ ਪਰਾਲੀ ਨਾ ਸਾੜਨ ਅਤੇ ਪਰਾਲੀ ਪ੍ਰਬੰਧਨ ਦੀ ਅਪੀਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਲ੍ਹੇ ਵਿੱਚ ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਉਪਲੱਬਧ ਹੈ। ਜਿਲ੍ਹੇ ਵਿੱਚ ਬਹੁਤ ਸਾਰੇ ਕਿਸਾਨਾਂ ਵਲੋਂ ਪਰਾਲੀ ਦੀਆਂ ਗੱਠਾਂ ਬਣਾਈਆਂ ਜਾ ਰਹੀਆਂ ਹਨ, ਜੋ ਬਹੁਤ ਵਧੀਆ ਉਪਰਾਲਾ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਗੱਠਾਂ ਬਣਾਉਣ ਉਪਰੰਤ ਰਹਿੰਦ-ਖੂੰਹਦ ਨੂੰ ਵੀ ਅੱਗ ਨਾ ਲਾਈ ਜਾਵੇ। ਉਨ੍ਹਾਂ ਕਿਹਾ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ, ਸਾਫ਼ ਸੁਥਰਾ ਵਾਤਾਵਰਣ ਅਤੇ ਸਿਹਤ ਨੂੰ ਮੁੱਖ ਰੱਖਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।

Leave a Reply

Your email address will not be published. Required fields are marked *