ਸੜਕ ਹਾਦਸੇ ਵਿੱਚ ਮਰਨ ਵਾਲੇ ਮਜ਼ਦੂਰਾਂ ਦੇ ਪ੍ਰੀਵਾਰਾਂ ਨੂੰ ਪੰਜਾਹ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ

ਮਾਲਵਾ

ਬਰਨਾਲਾ, ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ)– ਕੱਲ੍ਹ ਸੰਗਰੂਰ ਜ਼ਿਲ੍ਹੇ ਦੀ ਲਹਿਰਾਗਾਗਾ ਤਹਿਸੀਲ ਦੇ ਪਿੰਡ ਅਲੀਸ਼ੇਰ ਵਿਖੇ ਦਿਲ ਨੂੰ ਝੰਜੋੜਨ ਵਾਲੀ ਅਤੇ ਦਰਦਨਾਕ ਘਟਨਾ ਘਟ ਗਈ ਹੈ। ਲਹਿਰਾਗਾਗਾ ਤੋਂ ਜਾਖਲ ਰੋਡ ਤੇ ਜੀ ਰਾਮ ਜੀ (ਮਨਰੇਗਾ) ਤਹਿਤ ਕੰਮ ਕਰ ਰਹੇ ਮਜ਼ਦੂਰਾਂ ਉੱਪਰ ਇੱਕ ਕਾਰ ਚਾਲਕ ਵੱਲੋਂ ਕਾਰ ਉਸ ਸਮੇਂ ਚੜ੍ਹਾ ਦਿੱਤੀ, ਜਦੋਂ ਉਹ ਕੰਮ ਕਰਨ ਤੋਂ ਬਾਅਦ ਪਾਣੀ ਪੀ ਰਹੇ ਸਨ। ਇਸ ਦਰਦਨਾਕ ਘਟਨਾ ਵਿੱਚ ਨੌਂ ਮਜ਼ਦੂਰਾਂ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਅਤੇ ਦਰਜਨਾਂ ਮਜ਼ਦੂਰ ਫੱਟੜ ਹੋ ਗਏ ਹਨ, ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ। ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ , ਡਾਕਟਰ ਗੁਰਤੇਜ ਸਿੰਘ ਖੀਵਾ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਇਸ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਇਸ ਘਟਨਾ ਦੀ ਜਿੰਨ੍ਹੀ ਵੀ ਨਿੰਦਿਆ ਕੀਤੀ ਜਾਵੇ,ਥੋੜੀ ਹੈ, ਕਿਉਂ ਕਿ ਇਹ ਦਿਲ ਦੀ ਗਤੀ ਨੂੰ ਰੋਕਣ ਵਾਲਾ ਹਾਦਸਾ ਹੈ। ਆਗੂਆਂ ਨੇ ਕਿਹਾ ਕਿ ਅਜਿਹਾ ਹਾਦਸਾ ਪਹਿਲੀ ਵਾਰ ਨਹੀਂ ਵਾਪਰਿਆ, ਪੰਜਾਬ ਵਿੱਚ ਖ਼ਾਸ ਕਰਕੇ ਸੰਗਰੂਰ ਜ਼ਿਲ੍ਹੇ ਵਿੱਚ ਪਹਿਲਾਂ ਵੀ ਅਨੇਕਾਂ ਬਾਰ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਨੂੰ ਕੀੜੇ ਮਕੌੜਿਆਂ ਵਾਂਗ ਦਰੜਿਆ ਗਿਆ ਹੈ। ਇਹ ਪੰਜਾਬ ਸਰਕਾਰ ਦੇ ਸੜਕੀ ਨਾਕਸ ਪ੍ਰਬੰਧਾਂ ਦੀ ਮੂੰਹ ਬੋਲਦੀ ਤਸਵੀਰ ਹੈ। ਜਦੋਂ ਵੀ ਅਜਿਹੇ ਹਾਦਸੇ ਹੋਏ ਹਨ, ਸਰਕਾਰ ਅਤੇ ਪੁਲਿਸ ਦੇ ਘਟੀਆ ਆਚਰਣ ਕਾਰਣ ਅਜਿਹੇ ਮਾਮਲਿਆਂ ਨੂੰ ਰਫ਼ਾ -ਦਫ਼ਾ ਕਰ ਦਿੱਤਾ ਜਾਂਦਾ ਰਿਹਾ ਹੈ। ਗ਼ਰੀਬ ਲੋਕਾਂ ਉੱਪਰ ਜਾਤੀ ਅਤੇ ਸਿਆਸੀ ਦਬਾਅ ਹੇਠ ਸਮਝਾਉਤੇ ਕਰਵਾ ਕੇ ਦੋਸ਼ੀਆਂ ਨੂੰ ਛੱਡ ਦਿੱਤਾ ਜਾਂਦਾ ਸੀ। ਆਗੂਆਂ ਨੇ ਮੰਗ ਕੀਤੀ ਹੈ ਕਿ ਇਸ ਨਿਰਦਈ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਇਸ ਹਾਦਸੇ ਦੇ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਮਨਰੇਗਾ ਮਜ਼ਦੂਰਾਂ ਦੇ ਵਾਰਸਾਂ ਨੂੰ ਪੰਜਾਹ -ਪੰਜਾਹ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ, ਫੱਟੜਾਂ ਹੋਏ ਮਜ਼ਦੂਰਾਂ ਨੂੰ ਦਸ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇ।

Leave a Reply

Your email address will not be published. Required fields are marked *