ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜ਼ਿਲ੍ਹਾ ਖੇਡ ਸੁਸਾਇਟੀ, ਗੁਰਦਾਸਪੁਰ ਦੇ ਗਠਨ ਦਾ ਕੀਤਾ ਫੈਸਲਾ
ਜ਼ਿਲ੍ਹਾ ਖੇਡ ਸੁਸਾਇਟੀ ਵੱਲੋਂ ਨਵੰਬਰ ਮਹੀਨੇ ਜ਼ਿਲ੍ਹੇ ਵਿੱਚ ਕਰਵਾਈ ਜਾਵੇਗੀ ਵਾਲੀਬਾਲ ਦੀ ਲੀਗ
ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ) – ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੂਲਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਹੋਰ ਨਿਵੇਕਲੀ ਪਹਿਲਕਦਮੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜ਼ਿਲ੍ਹਾ ਖੇਡ ਸੁਸਾਇਟੀ, ਗੁਰਦਾਸਪੁਰ ਦਾ ਗਠਨ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜੋ ਜ਼ਿਲ੍ਹੇ ਵਿੱਚ ਵੱਖ-ਵੱਖ ਖੇਡਾਂ ਦੀ ਲੀਗ ਕਰਵਾਏਗੀ।
ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜ਼ਿਲ੍ਹਾ ਖੇਡ ਸੁਸਾਇਟੀ, ਗੁਰਦਾਸਪੁਰ ਦਾ ਗਠਨ ਕਰਨ ਲਈ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਵੱਲੋਂ ਅੱਜ ਜ਼ਿਲ੍ਹਾ ਅਧਿਕਾਰੀਆਂ, ਸਕੂਲ-ਕਾਲਜ ਪ੍ਰਿੰਸੀਪਲਾਂ ਅਤੇ ਖੇਡ ਹਸਤੀਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜ਼ਿਲ੍ਹਾ ਖੇਡ ਸੁਸਾਇਟੀ ਦੇ ਗਠਨ ਦਾ ਫੈਸਲਾ ਕੀਤਾ ਗਿਆ। ਡਿਪਟੀ ਕਮਿਸ਼ਨਰ ਦੀ ਚੇਅਰਮੈਨਸ਼ਿਪ ਅਧੀਨ ਇਸ ਸੁਸਾਇਟੀ ਵਿੱਚ ਵੱਖ-ਵੱਖ ਅਧਿਕਾਰੀ, ਕਾਲਜਾਂ ਦੇ ਪ੍ਰਿੰਸੀਪਲ, ਨਾਮਵਰ ਖਿਡਾਰੀ ਅਤੇ ਸਮਾਜ ਸੇਵੀ ਮੈਂਬਰ ਵਜੋਂ ਲਏ ਜਾਣਗੇ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜ਼ਿਲ੍ਹਾ ਖੇਡ ਸੁਸਾਇਟੀ ਵੱਲੋਂ ਜ਼ਿਲ੍ਹੇ ਵਿੱਚ ਆਈ.ਪੀ.ਐੱਲ. ਦੀ ਤਰਜ਼ ’ਤੇ ਜ਼ਿਲ੍ਹਾ ਲੀਗ ਕਰਵਾਈ ਜਾਵੇਗੀ ਜਿਸ ਵਿੱਚ ਫੁੱਟਬਾਲ, ਕ੍ਰਿਕੇਟ, ਵਾਲੀਬਾਲ ਅਤੇ ਹਾਕੀ ਦੀਆਂ ਖੇਡਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਨਵੰਬਰ ਵਿੱਚ ਵਾਲੀਬਾਲ ਖੇਡ ਦੀ ਲੀਗ ਕਰਵਾਈ ਜਾਵੇਗੀ ਜਿਸ ਵਿੱਚ ਲੜਕੇ ਅਤੇ ਲੜਕੀਆਂ ਦੇ ਅੰਡਰ-17 ਅਤੇ ਓਪਨ ਮੈਚ ਹੋਣਗੇ। ਉਨ੍ਹਾਂ ਕਿਹਾ ਜੇਤੂ ਖਿਡਾਰੀਆਂ ਨੂੰ ਆਕਰਸ਼ਕ ਨਕਦ ਇਨਾਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਵਾਲੀਬਾਲ ਦੀ ਲੀਗ ਤੋਂ ਬਾਅਦ ਹੋਰ ਖੇਡਾਂ ਦੀ ਲੀਗ ਵੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਜਿਥੇ ਨੌਜਵਾਨ ਖੇਡਾਂ ਨਾਲ ਜੁੜਨਗੇ ਓਥੇ ਚੰਗੇ ਖਿਡਾਰੀਆਂ ਨੂੰ ਅੱਗੇ ਵੱਧਣ ਦਾ ਮੌਕਾ ਵੀ ਮਿਲੇਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਉਦਯੋਗ ਮੈਨੇਜਰ ਅਤੇ ਜ਼ਿਲ੍ਹਾ ਅਟਾਰਨੀ ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜ਼ਿਲ੍ਹਾ ਖੇਡ ਸੁਸਾਇਟੀ, ਗੁਰਦਾਸਪੁਰ ਦੇ ਗਠਨ ਦੀ ਸਾਰੀ ਪ੍ਰੀਕ੍ਰਿਆ ਜਲਦੀ ਮੁਕੰਮਲ ਕਰ ਲੈਣ ਤਾਂ ਜੋ ਨਵੰਬਰ ਮਹੀਨੇ ਤੋਂ ਵਾਲੀਬਾਲ ਦੀ ਲੀਗ ਸ਼ੁਰੂ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਲੀਗ ਨੂੰ ਲੋਕਾਂ ਵਿੱਚ ਮਕਬੂਲ ਬਣਾਉਣ ਲਈ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।