ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਅੱਜ ਇੱਥੇ ਕਲਾਨੌਰ ਵਿਖੇ ਤਹਿਸੀਲ ਕਮੇਟੀ ਮੈਂਬਰਾਂ ਦੀ ਇਕੱਤਰਤਾ ਤਹਿਸੀਲ ਆਗੂ ਗੁਰਦੀਪ ਸਿੰਘ ਕਾਮਲਪੁਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਸਮੇਂ ਬੋਲਦਿਆਂ ਤਹਿਸੀਲ ਸਕੱਤਰ ਅਸ਼ਵਨੀ ਕੁਮਾਰ ਲੱਖਣਕਲਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਭਾਜਪਾ ਅਤੇ ਆਰ ਐਸ ਐਸ ਦੁਆਰਾ ਬੀਤੇ ਤਿੰਨ ਮਹੀਨਿਆਂ ਤੋਂ ਘੱਟ ਗਿਣਤੀਆਂ ਵਿਰੁੱਧ ਮਨੀਪੁਰ ਵਿਚ ਲਾਈ ਫਿਰਕਾਪ੍ਰਸਤੀ ਦੀ ਅੱਗ ਤੋਂ ਬਾਅਦ ਇਹ ਅੱਗ ਹੁਣ ਹਰਿਆਣੇ ਨੂੰ ਆਪਣੀ ਲਪੇਟ ਵਿੱਚ ਲੈਣ ਤੋਂ ਬਾਅਦ ਦਿਲੀ ਦੇ ਨਜ਼ਦੀਕ ਗੁੜਗਾਉਂ ਤੱਕ ਪਹੁੰਚ ਗਈ ਹੈ। ਬੱਖਤਪੁਰਾ ਨੇ ਕਿਹਾ ਕਿ ਸੁਪਰੀਮ ਕੋਰਟ ਦੁਆਰਾ ਨਫਤਰੀ ਭਾਸ਼ਨਾਂ ਤੇ ਪਾਬੰਦੀ ਲਾਉਣ ਦੇ ਬਾਵਜੂਦ ਆਰ ਐਸ ਐਸ ਅਤੇ ਮੋਦੀ ਸਰਕਾਰ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਆਦਿ ਕੱਟੜ ਹਿੰਦੂ ਸੰਸਥਾਵਾਂ ਨੂੰ ਦੇਸ ਵਿਚ ਘੱਟ ਗਿਣਤੀਆਂ ਵਿਰੋਧੀ ਹਮਲੇ ਕਰਨ ਲਈ ਵਰਤ ਰਹੇ ਹਨ ਕਿਉਂਕਿ ਮੋਦੀ ਸਰਕਾਰ ਅਤੇ ਆਰ ਐਸ ਐਸ 2014 ਦੀਆ ਚੋਣਾਂ ਪੁਲਵਾਮਾ ਕਾਂਡ ਦੇ ਸ਼ਹੀਦਾਂ ਦਾ ਨਾਮ ਵਰਤ ਕੇ ਜਿਤਣ ਦੇ ਤਜਰਬੇ ਅਧਾਰਿਤ 2024 ਦੀਆਂ ਚੋਣਾਂ ਜਿੱਤਣ ਲਈ ਨਵੇਂ ਸਿਰਿਉਂ ਹਿੰਦੂ ਧਰੁਵੀਕਰਨ ਕਰਨ ਦੀ ਰਾਜਨੀਤਕ ਜੁਗਲਬੰਦੀ ਕਰਨ ਦੀਆਂ ਸਾਜ਼ਸ਼ਾਂ ਰੱਚ ਰਹੇ ਹਨ ਭਾਵੇਂ ਕਿ ਭਾਰਤ ਦੀ ਜਨਤਾ ਹੁਣ ਭਾਜਪਾ ਅਤੇ ਆਰ ਐਸ ਐਸ ਦੇ ਇਨ੍ਹਾਂ ਰਾਜਨੀਤਕ ਮਨਸੂਬਿਆਂ ਨੂੰ ਭਲੀਭਾਂਤ ਸਮਝ ਰਹੀ ਹੈ ਅਤੇ ਹਰ ਹਾਲਤ ਵਿੱਚ 2024 ਦੀਆਂ ਚੋਣਾਂ ਵਿੱਚ ਜਨਤਾ ਹਥੋਂ ਭਾਜਪਾ ਨੂੰ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਦੇਸ਼ ਵਿਚ ਵੱਧ ਰਹੀ ਫਿਰਕੂ ਲਹਿਰ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਲਈ ਆਪਣੇ ਸੇਵਾ ਮੁਕਤ ਜੱਜ ਦੀ ਅਗਵਾਈ ਹੇਠ ਕਮਿਸ਼ਨ ਕਾਇਮ ਕਰਨਾ ਚਾਹੀਦਾ ਹੈ। ਇਸ ਇਕਤਰਤਾ ਵਿਚ ਜਰਨੈਲ ਸਿੰਘ ਸਪਰਾਕੋਠੀ,ਮਾ ਲਖਵਿੰਦਰ ਸਿੰਘ ਰੋਸ਼ਾ, ਹਰਵਿੰਦਰ ਸਿੰਘ ਮੌੜ, ਸੁਚਾ ਸਿੰਘ ਡੇਰਾਵਾਦ ਕਿਰਨ, ਸੁਰਿੰਦਰ ਸਿੰਘ ਹਾਜੀਪੁਰ ਅਤੇ ਸੁਚਾ ਸਿੰਘ ਸਏਕਬਈਰ ਆਦਿ ਸ਼ਾਮਿਲ ਸਨ


