ਮਾਨਸਾ, ਗੁਰਦਾਸਪੁਰ, 4 ਅਗਸਤ (ਸਰਬਜੀਤ ਸਿੰਘ)– ਦਿਲਦਾਰ ਭੰਡਾਰ ਦਾ ਕਹਿਣਾ ਹੈ ਕਿ ਜੇਕਰ ਵਿਗਿਆਨੀਅਾਂ ਦੇ ਭਗਤ ਹੁੰਦੇ ਅਤੇ ੳੁਹ ਵੀ ਧਾਰਮਿਕ ਲੋਕਾਂ ਵਾਂਗੂ ਕੱਟੜ ਹੁੰਦੇ ਤਾਂ ਕੀ ਹੁੰਦਾ ?
” ਮੰਨ ਲਵੋ ਵਿਗਿਆਨੀ ਡਾਲਟਨ ਨੂੰ ਮੰਨਣ ਵਾਲਾ ਇਕ ਫਿਕਰਾ ਹੁੰਦਾ ਅਤੇ ਉਹ ਇਸੇ ਗੱਲ ‘ਤੇ ਅੜੇ ਰਹਿੰਦੇ ਕਿ ਪ੍ਰਮਾਣੂ ਨੂੰ ਤੋੜਿਆ ਨਹੀ ਜਾ ਸਕਦਾ । ਇਨ੍ਹਾਂ ਲਈ ਬਾਬਾ ਡਾਲਟਨ ਦੇ ਪ੍ਰਵਚਨ ਹੀ ਅਟਲ ਸੱਚ ਹੁੰਦੇ ।
ਫੇਰ ਵਿਗਿਆਨੀ ਜੇ.ਜੇ ਥਾਮਸਨ ਦਾ ਅਵਤਾਰ ਹੁੰਦਾ ਅਤੇ ਉਹ ਇਹ ਸਾਬਿਤ ਕਰ ਦਿੰਦਾ ਕਿ ਪ੍ਰਮਾਣੂ ਨੂੰ ਇਲੈਕਟ੍ਰੋਣ ਅਤੇ ਪ੍ਰੋਟੋਨਾਂ ਵਿੱਚ ਤੋੜਿਆ ਜਾ ਸਕਦਾ ਹੈ । ਇਹ ਕਣ ਪ੍ਰਮਾਣੂ ਵਿੱਚ ਰਲ ਮਿਲ ਕੇ ਰਹਿੰਦੇ ਹਨ । ਇਸ ਨਵੇਂ ਮਾਡਲ ਦੇ ਵੀ ਨਵੇ ਭਗਤ ਬਣ ਜਾਂਦੇ ਅਤੇ ਸੰਤ ਥਾਮਸਨ ਦਾ ਨਾਂ ਧਿਆਉਂਦੇ । ਉਨ੍ਹਾਂ ਕਹਿਣਾ ਸੀ ਕਿ ਥਾਮਸਨ ਨੂੰ ਰੱਬ ਨੇ ਡਾਲਟਨ ਜਿਹੇ ਪਾਪੀਆਂ ਨੂੰ ਖਤਮ ਕਰਨ ਲਈ ਭੇਜਿਆ ਗਿਆ ਹੈ, ਜੋ ਲੋਕਾਂ ਨੂੰ ਪਖੰਡ ਵੱਲ ਲਿਜਾ ਰਿਹਾ ਹੈ । ਹੋ ਸਕਦਾ ਹੈ ਕਿ ਡਾਲਟਨ ਦੇ ਭਗਤ ਫੇਰ ਇਹ ਕਹਿ ਕੇ ਦੰਗੇ ਕਰਵਾ ਦਿੰਦੇ ਕਿ ਸਾਡੀਆਂ ਵਿਗਿਆਨਿਕ ਭਾਵਨਾਵਾਂ ਨੂੰ ਸੱਟ ਮਾਰੀ ਗਈ ਹੈ ।
ਇਸਦੇ ਮਗਰੋਂ ਸੰਤ ਰਦਰਫੋਰਡ ਦਾ ਜਨਮ ਹੁੰਦਾ ,ਜੋ ਪ੍ਰਯੋਗਾਂ ਨਾਲ ਇਹ ਸਾਬਿਤ ਕਰਦਾ ਕਿ ਪ੍ਰਮਾਣੂ ਦੋ ਕਣਾ ਦਾ ਬਣਿਆ ਹੈ ,ਜਿਸ ਵਿਚੋਂ ਪ੍ਰੋਟੋਨ ਪ੍ਰਮਾਣੂ ਦੇ ਕੇਂਦਰ ਵਿਚ ਪਿਆ ਹੈ ਅਤੇ ਇਲੈਕਟ੍ਰੋਨ ਉਸਦੇ ਬਾਹਰ । ਸਾਰਾ ਭਾਰ ਸਿਰਫ ਕੇਂਦਰ ਵਿਚ ਹੀ ਹੈ ,ਜੋ ਕਿ ਆਕਾਰ ਵਿੱਚ ਬਹੁਤ ਛੋਟਾ ਹੈ । ਫਿਰ ਡਾਲਟਨ ਅਤੇ ਥਾਮਸਨ ਦੇ ਭਗਤ ਅਲੱਗ ਅਲੱਗ ਮੌਰਚਿਆਂ ਤੋਂ ਰਦਰਫੋਰਡ ਵਿਰੁੱਧ ਮੋਰਚੇ ਖੋਲ ਦਿੰਦੇ । ਉਨ੍ਹਾਂ ਡਾਲਟਨ ਨੂੰ ਵਿਦੇਸ਼ੀ ਏਜੰਟ ਕਹਿਣਾ ਸੀ, ਜੋ ਉਨ੍ਹਾ ਦੇ ਧਰਮ ਨੂੰ ਖੋਖਲਾ ਕਰਨ ਆਇਆ ਹੈ । ਉਹ ਕਹਿੰਦੇ ਕਿ ”ਇਹ ਪ੍ਰਮਾਣੂ ਦੇ ਕਣਾਂ ਨੂੰ ਨਾਲ ਨਹੀ ਰਹਿਣ ਦੇ ਰਿਹਾ , ਇਸ ਨਾਲ ਸਮਾਜ ਦੇ ਵਰਗਾਂ ਵਿੱਚ ਭੇਦ ਭਾਓ ਵਧੇਗਾ ।”
ਫੇਰ ਸ਼੍ਰੀ ਸ਼੍ਰੀ 1008 ਸੰਤ ਨੀਰ ਬੋਹਰ ਦਾ ਅਵਤਾਰ ਹੁੰਦਾ । ਉਨ੍ਹਾਂ ਦੱਸਣਾ ਸੀ ਕਿ ਇਹ ਇਲੈਟ੍ਰੋਨ ਤਾਂ ਪ੍ਰੋਟੋਨ ਵਾਲੇ ਕੇਂਦਰ ਦੇ ਦੁਆਲੇ ਇੱਕ ਖਾਸ ਮਾਰਗ ਵਿੱਚ ਘੁੰਮਦੇ ਹਨ । ਫਿਰ ਆਹ ਤਿੰਨੇ ਧਰਮਾਂ ਦੇ ਭਗਤ ਮਿਲ ਕੇ ਇਸਦੇ ਵਿਰੁੱਧ ਹੋ ਜਾਦੇ , ਅਤੇ ਤਰਕ ਦਿੰਦੇ ਕਿ ਇਲੈਟ੍ਰੋਨ ਨਹੀ ਘੁੰਮ ਰਹੇ, ਨੀਲ ਬੋਹਰ ਦਾ ਦਿਮਾ ਹੀ ਘੁੰਮ ਰਿਹਾ ਹੇ । ਉਨ੍ਹਾਂ ਨੀਲ ਬੋਹਰ ਨੂੰ ਸੁਪਰੀਮ ਕੋਰਟ ਵਿੱਚ ਘਸੀਟਨਾ ਸੀ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਜੁਰਮ ਵਿੱਚ ਉਮਰ ਕੈਦ ਦੀ ਮੰਗ ਕਰਨੀ ਸੀ । ‘ਥਾਮਸ ਰੱਖਿਆ ਦਲ’ ਦੇ ਲੋਕਾਂ ਪ੍ਰਧਾਨਮੰਤਰੀ ਆਵਾਸ ਅੱਗੇ ਆਤਮ-ਦਾਹ ਦੀ ਧਮਕੀ ਦੇਣੀ ਸੀ ।
ਫੇਰ ਬਾਬਾ ਚੈਡਵਿੱਕ ਜਨਮ ਲੈਂਦਾ ਅਤੇ ਦਸਦਾ ਕਿ ਇਹ ਕਣ ਦੋ ਨਹੀ ਸਗੋਂ ਤਿਂਨ ਹਨ .. ਇਲੈਟ੍ਰੋਨ,ਪ੍ਰੋਟੋਨ ਅਤੇ ਨਿਉਟ੍ਰੋਨ । ਨੀਲ ਬੋਹਰ ਸਨਾਤਨ ਸਮੀਤੀ ਨੇ ਉਸ ਖਿਲਾਫ ਫਤਵਾ ਜਾਰੀ ਕਰ ਦੇਣਾ ਸੀ , ਅਤੇ ਸਾਰੇ ਲੰਡਨ ਨੂੰ ਬੰਦ ਕਰਨ ਦਾ ਹੁਕਮ ਸੁਣਾ ਦੇਣਾ ਸੀ । ਇਸ ਨਾਲ ਹੀ ਉਹ ਚੈਡਵਿਕ ਦੀਆਂ ਕਿਤਾਬਾਂ ਨੂੰ ਸਾੜਨ ਦਾ ਵੀ ਫਰਮਾਨ ਕੱਢ ਦਿੰਦੇ । ਆਪਣੀਆਂ ਧਾਰਮਿਕ ਭਾਵਨਾਵਾਂ ਬਚਾਉਣ ਲਈ ਇਨ੍ਹਾਂ ਰਲ ਕੇ ਸਵੀਧਾਨ ਵਿੱਚ ਕਾਨੂੰਨ ਦੀ ਮੰਗ ਕਰਨੀ ਸੀ ਤਾਂ ਕਿ ਅੱਗੇ ਤੋਂ ਕੋਈ ਨਵਾਂ ਕੁਝ ਨਾ ਸੋਚ ਸਕੇ । ਇਨ੍ਹਾ ਦੇ ਸੰਤਾ ਦਾ ਕਿਹਾ ਹੀ ਸਦਾ ਲਈ ਅਟਲ ਰਹੇ । ਅਵਾਜ ਚੁੱਕਣ ਵਾਲੇ ਖਿਲਾਫ ਮੁਕਦਮਾ ਅਤੇ ਸਜਾ ਦੀ ਵੀ ਮੰਗ ਉੱਠਦੀ । ”
….ਪਰ ਸ਼ੁਕਰ ਹੈ ਵਿਗਿਆਨਿਕ ਕੱਟੜ ਨਹੀ ਹੁੰਦੇ ,ਨਹੀ ਪਤਾ ਨੀ ਕੀ ਬਣਦਾ । ਨਵੇਂ ਵਿਗਿਆਨੀਆਂ ਨੇ ਹਰ ਖੋਜ ਉੱਤੇ ਸਵਾਲ ਕਿੱਤਾ ਤਾਂ ਹੀ ਨਵੀਆਂ ਖੋਜਾਂ ਹੋਈਆਂ । ਵਿਗਿਆਨ ਦੇ ਮੁਤਾਬਿਕ ਬਦਲਾਓ ਲਾਜਮੀ ਹੈ ਅਤੇ ਇਸ ਲਈ ਸਦਾ ਤਿਆਰ ਰਹਿਣਾ ਪਵੇਗਾ । ਜਿਹੜਾ ਇਹ ਨਹੀ ਮੰਨਦਾ , ਉਸਨੂੰ ਫਿਰ ਦੁਬਾਰਾ ਸੋਚਣ ਦੀ ਲੋੜ ਹੈ ।