ਮਾਨਸਾ, ਗੁਰਦਾਸਪੁਰ 15 ਮਈ ( ਸਰਬਜੀਤ ਸਿੰਘ )– ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਭਾਜਪਾ ਜਰਮਨੀ ਦੇ ਫਾਸੀਵਾਦੀਆਂ ਵਾਂਗ ਹੀ ਦੇਸ਼ ਵਿੱਚ ਸੰਸਦ ਰਾਹੀਂ ਦੇਸ਼ ਭਰ ਵਿੱਚ ਇਕ ਪਾਰਟੀ ਦੇ ਗਲਬੇ ਵੱਲ ਵਧ ਰਹੀ ਹੈ। ਇਹ ਗੱਲ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪੰਕਰ ਭਟਾਚਾਰੀਆ ਨੇ ਮਾਨਸਾ ਵਿੱਚ ‘ਨਾਗਰਿਕ ਸਮਾਜ ਨਾਲ ਇੱਕ ਸੰਵਾਦ’ ਸੰਮੇਲਨ ਦੌਰਾਨ ਕਹੀ। ਉਹ ਇੱਥੇ ਸੀਪੀਆਈ (ਐਮ ਐਲ) ਲਿਬਰੇਸ਼ਨ ਦੀ ਸੂਬਾ ਕਮੇਟੀ ਦੀ ਤਿੰਨ ਰੋਜ਼ਾ ਮੀਟਿੰਗ ਵਿੱਚ ਹਿੱਸਾ ਲੈਣ ਪਹੁੰਚੇ ਸਨ। ਕਾਮਰੇਡ ਦੀਪੰਕਰ ਨੇ ਕਿਹਾ ਕਿ ਜਰਮਨੀ ਵਿੱਚ ਯਹੂਦੀਆਂ ਵਿਰੋਧੀ ਜਿਹੜਾ ਮਾਹੌਲ ਹਿਟਲਰ ਅਤੇ ਉਸਦੀ ਪਾਰਟੀ ਨੇ ਬਣਾਇਆ ਸੀ, ਭਾਰਤ ਵਿੱਚ ਮੁਸਲਮਾਨਾਂ ਦੇ ਵਿਰੁਧ ਉਹੀ ਮਾਹੌਲ ਭਾਜਪਾ-ਆਰਐੱਸਐੱਸ ਨੇ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਬੰਗਾਲ ਦਾ ਆਜ਼ਾਦੀ ਦੀ ਲੜਾਈ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ। ਪਰ 1947 ਵਿੱਚ ਇਹਨਾਂ ਦੋਵੇਂ ਰਾਜਾਂ ਨੂੰ ਫਿਰਕੂ ਆਧਾਰ ਉੱਤੇ ਦੋ ਦੋ ਟੁਕੜਿਆਂ ਵਿੱਚ ਵੰਡ ਦਿੱਤਾ ਗਿਆ। ਪਰ ਬੀਤੇ ਵਿੱਚ ਅਸੀਂ ਵੇਖਿਆ ਕਿ ਪੰਜਾਬ ਦੇ ਲੋਕ ਉਸ ਫਿਰਕੂ ਰਾਜਨੀਤੀ ਨੂੰ ਅਲਵਿਦਾ ਆਖ ਕੇ ਕਸ਼ਮੀਰੀਆਂ ਅਤੇ ਮੁਸਲਿਮਾਂ ਦੇ ਮੁੱਦਿਆਂ ਉੱਤੇ ਉਨ੍ਹਾਂ ਦੇ ਨਾਲ ਖੁੱਲ੍ਹ ਕੇ ਖੜ੍ਹੇ ਹੁੰਦੇ ਰਹੇ ਹਨ। ਜਦਕਿ ਬੰਗਾਲ ਵਿੱਚ ਫਿਰਕੂ ਵੰਡ ਵਾਲੀ ਉਹ ਰਾਜਨੀਤੀ ਅਜੇ ਵੀ ਮੌਜੂਦ ਹੈ ਅਤੇ ਵਧਦੀ ਜਾ ਰਹੀ ਹੈ। ਹੁਣ ਇਸੇ ਧਰੁਵੀਕਰਨ ਨੂੰ ਹੋਰ ਤਿੱਖਾ ਕਰਦਿਆਂ ਬੀਜੇਪੀ ਨੇ ਉਥੇ ਵੱਡੀ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕਸਭਾ ਚੋਣਾਂ ਵਿੱਚ ਬੀਜੇਪੀ ਕੁਝ ਕਮਜ਼ੋਰ ਹੋਈ ਸੀ। ਪਰ ਉਸ ਤੋਂ ਬਾਅਦ ਉਸਦੀ ਤਾਕਤ ਲਗਾਤਾਰ ਵਧ ਰਹੀ ਹੈ। ਇਸ ਵਿੱਚ ਚੋਣ ਕਮਿਸ਼ਨ, ਈਡੀ, ਸੀਬੀਆਈ ਅਤੇ ਨਿਆਂਪਾਲਿਕਾ ਵਰਗੀਆਂ ਸੰਵਿਧਾਨਿਕ ਸੰਸਥਾਵਾਂ ਬੀਜੇਪੀ ਨੂੰ ਖੁੱਲ੍ਹ ਕੇ ਮਦਦ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਅਤੇ ਅਮਰੀਕਾ ਤੇ ਟਰੰਪ ਦੇ ਸਾਹਮਣੇ ਮੁਕੰਮਲ ਸਮਰਪਣ ਵਾਲੀਆਂ ਨੀਤੀਆਂ ਨੇ ਦੇਸ਼ ਨੂੰ ਵੱਡੇ ਆਰਥਿਕ ਸੰਕਟ ਅਤੇ ਦੁਨੀਆਂ ਤੋਂ ਨਿਖੇੜੇ ਵੱਲ ਧੱਕ ਦਿੱਤਾ ਹੈ। ਦੋ ਦਿਨ ਪਹਿਲਾਂ ਦਿੱਤਾ ਗਿਆ ਪ੍ਰਧਾਨ ਮੰਤਰੀ ਮੋਦੀ ਦਾ ਭਾਸ਼ਣ ਦਰ ਅਸਲ ਦੇਸ਼ ਵਿੱਚ ਆਰਥਿਕ ਐਮਰਜੈਂਸੀ ਦੀ ਘੋਸ਼ਣਾ ਹੀ ਹੈ। ਪੰਜਾਬ ਦੀਆਂ ਰਾਜਨੀਤਿਕ ਸਥਿਤੀਆਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿੱਚ ਚਰਚਾ ਹੈ ਕਿ ਪੱਛਮੀ ਬੰਗਾਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਬੀਜੇਪੀ -ਆਰਐੱਸਐੱਸ ਦਾ ਅਗਲਾ ਨਿਸ਼ਾਨਾ ਪੰਜਾਬ ਹੈ। ਇੱਥੇ ਐੱਸਆਈਆਰ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਅਤੇ ਮੀਡੀਆ ਵਿੱਚ ਹਾਲੇ ਕੋਈ ਚਿੰਤਾ ਤੇ ਹਲਚਲ ਨਜ਼ਰ ਨਹੀਂ ਆ ਰਹੀ, ਜਦਕਿ ਬਾਕੀ ਸੂਬਿਆਂ ਦੀ ਤਰਜ਼ ‘ਤੇ ਪੰਜਾਬ ਵਿੱਚ ਵੀ ਸਵੈ ਰੁਜ਼ਗਾਰ ਕਰ ਰਹੇ ਮਜ਼ਦੂਰਾਂ ਅਤੇ ਸ਼ਹਿਰੀ ਤੇ ਪੇਂਡੂ ਗਰੀਬਾਂ ਦੇ ਵੋਟਾਂ ਵੱਡੀ ਗਿਣਤੀ ਵਿੱਚ ਕੱਟੇ ਜਾਣਗੇ। ਸਾਨੂੰ ਗਰੀਬਾਂ ਦੇ ਵੋਟ ਦੇ ਹੱਕ ਨੂੰ ਖੋਹਣ ਵਾਲੀਆਂ ਭਾਜਪਾਈ ਸਾਜ਼ਿਸ਼ਾਂ ਵਿਰੋਧੀ ਤੁਰੰਤ ਮੁਹਿੰਮ ਆਰੰਭ ਕਰਨ ਦੀ ਲੋੜ ਹੈ। ਇਸਦੀ ਸ਼ੁਰੂਆਤ ਵਜੋਂ ਸੀਪੀਆਈ (ਐਮ ਐਲ) ਲਿਬਰੇਸ਼ਨ ਅਤੇ ਆਰਐੱਮਪੀਆਈ ਵਲੋਂ ਸਾਂਝੇ ਤੌਰ ਉੱਤੇ 7 ਜੂਨ ਨੂੰ ਲੁਧਿਆਣਾ ਵਿੱਚ ਇੱਕ ਖੁੱਲ੍ਹੀ ਜਨ ਸੁਣਵਾਈ ਜਥੇਬੰਦ ਕੀਤੀ ਜਾਵੇਗੀ। ਕਾਮਰੇਡ ਦੀਪੰਕਰ ਨੇ ਕਿਹਾ ਕਿ ਪੰਜਾਬ ਵਿੱਚ ਇਨਕਲਾਬੀਆਂ ਅਤੇ ਖੱਬੇਪੱਖੀਆਂ ਦਾ ਸੰਘਰਸ਼ਾਂ ਅਤੇ ਕੁਰਬਾਨੀਆਂ ਦਾ ਇਤਿਹਾਸ ਰਿਹਾ ਹੈ। ਅਸੀਂ ਇੱਥੇ ਖੱਬੇ ਪੱਖ ਦੇ ਮੁੜ ਉਭਾਰ ਲਈ ਕੰਮ ਕਰ ਰਹੇ ਹਾਂ। ਖੱਬੇ ਪੱਖ ਦੇ ਮੁੜ ਉਭਾਰ ਲਈ ਦੇਸ਼ ਭਰ ਦੀਆਂ ਖੱਬੇ ਪੱਖੀ ਅਤੇ ਇਨਕਲਾਬੀ ਕਤਾਰਾਂ ਦੀ ਨਜ਼ਰ ਹੁਣ ਸੀਪੀਆਈ (ਐਮ ਐਲ) ਲਿਬਰੇਸ਼ਨ ਉੱਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਖੱਬੇਪੱਖ ਦੀ ਮਜ਼ਬੂਤ ਹਿੱਸੇਦਾਰੀ ਦੇ ਬਾਵਜੂਦ ਪਿਛਲੀਆਂ ਚੋਣਾਂ ਵਿੱਚ ਉਸਦਾ ਫਾਇਦਾ ਖੱਬੇਪੱਖ ਦੀ ਬਜਾਏ, ਆਪ ਪਾਰਟੀ ਨੇ ਉਠਾ ਲਿਆ, ਪਰ ਉਸ ਨੇ ਉਨ੍ਹਾਂ ਤਮਾਮ ਪੰਜਾਬੀਆਂ ਦੀ ਉਮੀਦਾਂ ਦਾ ਗਰਭਪਾਤ ਕਰ ਦਿੱਤਾ, ਜਿੰਨਾਂ ਨੇ ਬੜੇ ਜੋਸ਼ ਤੇ ਚਾਅ ਨਾਲ ਭਗਵੰਤ ਮਾਨ ਨੂੰ ਸਤਾ’ਤੇ ਪਹੁੰਚਿਆ ਸੀ। ਹੁਣ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਯਕੀਨਨ ਬਹੁ ਕੋਣੀ ਮੁਕਾਬਲੇ ਹੋਣਗੇ। ਇਸ ਲਈ ਸੀਪੀਆਈ ਐਮ ਐਲ ਲਿਬਰੇਸ਼ਨ ਪੰਜਾਬ ਚੋਣਾਂ ਵਿੱਚ ਇੱਕ ਮਜ਼ਬੂਤ ਖੱਬੇ ਬਲਾਕ ਦੇ ਨਿਰਮਾਣ ਲਈ ਹਰ ਸੰਭਵ ਯਤਨ ਕਰੇਗੀ। ਇਸ ਇਕੱਤਰਤਾ ਵਿੱਚ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਪ੍ਰਸ਼ੋਤਮ ਸ਼ਰਮਾ, ਨਛੱਤਰ ਸਿੰਘ ਖੀਵਾ, ਮਾਣਿਕ ਗੋਇਲ, ਡਾਕਟਰ ਧੰਨਾ ਮੱਲ ਗੋਇਲ, ਗੁਰਲਾਭ ਸਿੰਘ ਮਾਹਲ, ਸਿਕੰਦਰ ਸਿੰਘ ਘਰਾਂਗਣਾ, ਕਾਮਰੇਡ ਕੁਲਵਿੰਦਰ ਸਿੰਘ ਉੱਡਤ, ਜੁਗਰਾਜ ਸਿੰਘ ਰੱਲਾ, ਧਰਮਪਾਲ ਨੀਟਾ, ਭੋਲਾ ਸਿੰਘ ਸਮਾਓਂ, ਕਰਨੈਲ ਸਿੰਘ ਮਾਨਸਾ, ਵਿਜੇ ਭੀਖੀ, ਇੰਜੀ. ਹਰਮੀਤ ਸਿੰਘ, ਅਜਮੇਰ ਅਕਲੀਆ, ਸੁਖਦਰਸ਼ਨ ਸਿੰਘ ਨੱਤ, ਸੁਰਿੰਦਰ ਪਾਲ ਸ਼ਰਮਾ, ਮੰਗਾ ਖੋਖਰ, ਗੁਰਸੇਵਕ ਮਾਨ, ਸੁਖਜੀਤ ਰਾਮਾਨੰਦੀ, ਹੈਪੀ ਮਾਨ, ਨੌਜਵਾਨ ਆਗੂ ਅਮਰਦੀਪ ਪਰੋਚਾ, ਜਸਬੀਰ ਕੌਰ ਨੱਤ, ਗੁਰਮੀਤ ਨੰਦਗੜ੍ਹ, ਕ੍ਰਿਸ਼ਨਾ ਕੌਰ, ਅਜੈਬ ਸਿੰਘ ਭੈਣੀ, ਗੋਰਾ ਲਾਲ ਅਤਲਾ ਅਤੇ ਐਡਵੋਕੇਟ ਅਜੈਬ ਸਿੰਘ ਸਮੇਤ ਹੋਰ ਸਥਾਨਕ ਲੋਕ ਹਾਜ਼ਰ ਸਨ।



