ਰਸੋਈ ਗੈਸ ਦੀਆਂ ਕੀਮਤਾਂ ‘ਚ ਅਥਾਹ ਵਾਧਾ ਕਰਨ ਵਾਲੀ ਕੇਂਦਰ ਸਰਕਾਰ ਦੀ ਕੀਤੀ ਨਿਖੇਧੀ- ਮੰਗਤ ਰਾਮ, ਪ੍ਰਗਟ ਸਿੰਘ

ਦੋਆਬਾ

ਜਲੰਧਰ, ਗੁਰਦਾਸਪੁਰ, 4 ਮਈ (ਸਰਬਜੀਤ ਸਿੰਘ)– ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪ੍ਰਗਟ ਸਿੰਘ ਜਾਮਾਰਾਏ ਨੇ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਰਸੋਈ ਗੈਸ ਦੀਆਂ ਕੀਮਤਾਂ ‘ਚ ਅਥਾਹ ਵਾਧਾ ਕਰਨ ਵਾਲੀ ਕੇਂਦਰ ਦੀ ਮੋਦੀ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਹੈ। ਪਾਸਲਾ ਅਤੇ ਜਾਮਾਰਾਏ ਨੇ ਪਾਰਟੀ ਦਾ ਇਹ ਖਦਸ਼ਾ ਮੁੜ ਦੁਹਰਾਇਆ ਹੈ ਕਿ ਮੋਦੀ ਸਰਕਾਰ, ਖਪਤਕਾਰਾਂ ਦੀ ਬੇਕਿਰਕ ਲੁੱਟ ਰਾਹੀਂ ਤੇਲ ਕੰਪਨੀਆਂ ਦੇ ਮੁਨਾਫਿਆਂ ‘ਚ ਬੇਬਹਾ ਵਾਧਾ ਕਰਨ ਲਈ ਕਿਸੇ ਸਮੇਂ ਵੀ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ‘ਚ ਭਾਰੀ ਵਾਧਾ ਕਰ ਸਕਦੀ ਹੈ।  ਉਨ੍ਹਾਂ ਆਮ ਲੋਕਾਂ ਨੂੰ ਉਕਤ ਸੰਭਾਵਿਤ ਹਮਲੇ ਖਿਲਾਫ ਡੱਟਵਾਂ ਲੋਕ ਪ੍ਰਤੀਰੋਧ ਉਸਾਰਨ ਲਈ ਤਿਆਰ ਬਰ ਤਿਆਰ ਰਹਿਣ ਤੇ ਇਸ ਨਾਜਾਇਜ ਵਾਧੇ ਦਾ ਐਲਾਨ ਹੋਣ ਸਾਰ ਸੜਕਾਂ ‘ਤੇ ਨਿਕਲ ਕੇ ਜ਼ੋਰਦਾਰ ਵਿਰੋਧ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਆਗੂਆਂ ਨੇ ਪਾਰਟੀ ਕਮੇਟੀਆਂ ਤੇ ਜਨ ਸੰਗਠਨਾਂ ਦੀਆਂ ਹੇਠਲੀਆਂ ਇਕਾਈਆਂ ਨੂੰ ਪਿੰਡਾਂ-ਸ਼ਹਿਰਾਂ ‘ਚ ਆਮ ਲੋਕਾਂ ਦੀ ਵਿਸ਼ਾਲ ਭਾਗੀਦਾਰੀ ਵਾਲੇ ਰੋਸ ਐਕਸ਼ਨ ਲਾਮਬੰਦ ਕਰਨ ਦੀ ਅਗਾਊਂ ਵਿਉਂਤਬੰਦੀ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਸਫਾਂ ਨੂੰ ਹਿਦਾਇਤ ਕੀਤੀ ਹੈ ਕਿ ਬਸ ਅੱਡਿਆਂ, ਰੇਲਵੇ ਸਟੇਸ਼ਨਾਂ, ਕਚਹਿਰੀਆਂ ਤੇ ਹੋਰ ਜਨਤਕ ਥਾਵਾਂ ‘ਤੇ ਪੂਰਾ-ਪੂਰਾ ਦਿਨ ਮੁਨਾਦੀ ਕਰਕੇ ਆਮ ਲੋਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਮਾਰੂ, ਕਾਰਪੋਰੇਟ ਹਿਮਾਇਤ ਨੀਤੀਆਂ ਤੋਂ ਜਾਣੂੰ ਕਰਵਾਇਆ ਜਾਵੇ ਤੇ ਇਨ੍ਹਾਂ ਖਿਲਾਫ ਘੋਲਾਂ ਦੇ ਪਿੜਾਂ ‘ਚ ਨਿੱਤਰਣ ਦਾ ਸੱਦਾ ਦਿੱਤਾ ਜਾਵੇ।

Leave a Reply

Your email address will not be published. Required fields are marked *