ਮਾਨਸਾ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)— ਸੀਪੀਆਈ ਐਮ ਐਲ ਦਾ ਕਹਿਣਾ ਹੈ ਕਿ ਇਰਾਨ ਤੇ ਅਮਰੀਕਾ ਵਿਚਾਲੇ ਹੋਈ ਆਰਜ਼ੀ ਜੰਗਬੰਦੀ ਨੂੰ ਸਾਬੋਤਾਜ ਕਰਨ ਲਈ ਇਜ਼ਰਾਈਲ ਜਿਵੇਂ ਗਿਣੇ ਮਿਥੇ ਢੰਗ ਨਾਲ ਤਾਬੜਤੋੜ ਬੰਬਾਰੀ ਕਰਕੇ ਲਿਬਨਾਨ ਦੀ ਆਮ ਬੇਕਸੂਰ ਜਨਤਾ ਦਾ ਘਾਣ ਕਰ ਰਿਹਾ ਹੈ, ਉਸ ਦਾ ਸੰਸਾਰ ਭਰ ਵਿੱਚ ਜ਼ੋਰਦਾਰ ਵਿਰੋਧ ਹੋਣਾ ਚਾਹੀਦਾ ਹੈ ਅਤੇ ਇਸ ਦੇ ਵਿਰੋਧ ਵਿੱਚ ਭਾਰਤ ਸਰਕਾਰ ਨੂੰ ਇਜ਼ਰਾਈਲ ਤੋਂ ਅਪਣੇ ਰਾਜਦੂਤ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈ।
ਲਿਬਰੇਸ਼ਨ ਪਾਰਟੀ ਦੀ ਪੰਜਾਬ ਇਕਾਈ ਦੇ ਬੁਲਾਰੇ ਵਲੋਂ ਇਥੋਂ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦਰਅਸਲ ਨੇਤਨਯਾਹੂ ਇਕ ਸ਼ੈਤਾਨ ਹੈ, ਜੋ ਅਪਣੇ ਭ੍ਰਿਸ਼ਟਾਚਾਰ ਤੇ ਗੁਨਾਹਾਂ ਨੂੰ ਢੱਕਣ ਲਈ ਇਹ ਜੰਗ ਖ਼ਤਮ ਨਹੀਂ ਹੋਣ ਦੇਣਾ ਚਾਹੁੰਦਾ। ਜਿਥੇ ਉਸ ਨੂੰ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਵਲੋਂ ਗਾਜ਼ਾ ਪੱਟੀ ਵਿਚ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਕਤਲ ਕਰਵਾਉਣ ਬਦਲੇ ਜੰਗੀ ਅਪਰਾਧਾਂ ਲਈ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਉਥੇ ਉਸ ਖਿਲਾਫ ਖੁਦ ਇਜ਼ਰਾਈਲ ਵਿੱਚ ਵੀ ਭ੍ਰਿਸ਼ਟਾਚਾਰ ਤੇ ਧੋਖਾਧੜੀ ਦੇ ਦੋਸ਼ਾਂ ਵਿੱਚ ਮੁਕੱਦਮਾ ਚੱਲ ਰਿਹਾ ਹੈ ਅਤੇ ਜੰਗ ਖ਼ਤਮ ਹੋਣ ਜਾਂ ਪ੍ਰਧਾਨ ਮੰਤਰੀ ਨਾ ਰਹਿਣ ਦੀ ਸੂਰਤ ਵਿੱਚ ਉਸ ਨੂੰ ਲਾਜ਼ਮੀ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪੈਣਾ ਹੈ। ਇਸੇ ਲਈ ਅਪਣੇ ਖ਼ਿਲਾਫ਼ ਫੈਸਲੇ ਨੂੰ ਲਗਾਤਾਰ ਟਾਲਣ ਲਈ ਉਹ ਨਹੀਂ ਚਾਹੁੰਦਾ ਕਿ ਜੰਗ ਖ਼ਤਮ ਹੋ ਜਾਵੇ। ਹਾਲਾਂਕਿ ਇਹ ਜੰਗ ਸਿੱਧੇ ਜਾਂ ਅਸਿੱਧੇ ਤੌਰ ‘ਤੇ ਪੂਰੀ ਦੁਨੀਆਂ ਦੀ ਜਨਤਾ ਲਈ ਗੰਭੀਰ ਸਮਸਿਆਵਾਂ ਪੈਦਾ ਕਰ ਰਹੀ ਹੈ। ਤੇਲ ਤੇ ਗੈਸ ਵਰਗੇ ਕੁਦਰਤੀ ਸਰੋਤਾਂ ਦੀ ਭਾਰੀ ਤਬਾਹੀ, ਵਾਤਾਵਰਨ ਦਾ ਵਿਨਾਸ਼, ਰੁਜ਼ਗਾਰ ਅਤੇ ਵਪਾਰ ਕਾਰੋਬਾਰ ਨੂੰ ਠੱਪ ਕਰਨ ਦੇ ਰੂਪ ਵਿੱਚ ਜੋ ਭਾਰੀ ਨੁਕਸਾਨ ਹੋ ਰਿਹਾ ਹੈ ਉਸ ਦੇ ਮਾੜੇ ਅਸਰਾਂ ਨੂੰ ਦੂਰ ਕਰਨ ਲਈ ਦਹਾਕੇ ਲੱਗ ਜਾਣਗੇ। ਇਸ ਲਈ ਸੰਸਾਰ ਦੀ ਜਨਤਾ ਅਤੇ ਸਰਕਾਰਾਂ ਨੂੰ ਨੇਤਨਯਾਹੂ ਅਤੇ ਟਰੰਪ ਵਰਗੇ ਅਪਰਾਧੀ ਬਿਰਤੀ ਵਾਲੇ ਹੁਕਮਰਾਨਾਂ ਦਾ ਹਰ ਸੰਭਵ ਢੰਗ ਨਾਲ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ। ਇਰਾਨ ਉਤੇ ਸਿਰਫ਼ ਉਸ ਦੇ ਤੇਲ ਭੰਡਾਰਾਂ ਨੂੰ ਲੁੱਟਣ ਲਈ ਅਮਰੀਕਾ ਇਜ਼ਰਾਈਲ ਵਲੋਂ ਕੀਤੇ ਇਕਪਾਸੜ ਹਮਲਾ ਦੇ ਵਿਰੋਧ ਵਿੱਚ ਭਾਰਤ ਜੋ ਗੁੱਟ ਨਿਰਲੇਪ ਲਹਿਰ ਦਾ ਮੋਹਰੀ ਰਿਹਾ ਹੈ, ਉਸ ਨੂੰ ਲਾਜ਼ਮੀ ਹੀ ਇਜ਼ਰਾਈਲ ਨਾਲ ਅਪਣੇ ਕੂਟਨੀਤਕ ਸਬੰਧ ਤੋੜ ਲੈਣੇ ਚਾਹੀਦੇ ਹਨ।


