ਮਗਨਰੇਗਾ ਕਾਨੂੰਨ ਦਾ ਨਾਮ ਬਦਲਣ ਨਾਲ ਭਾਰਤ ਵਿਕਸਤ ਨਹੀਂ ਹੋਣਾ, ਬਲਕਿ ਸਾਰਾ ਸਾਲ ਕੰਮ ਮਿਲਣ ਨਾਲ ਮਜ਼ਦੂਰਾਂ ਦੀ ਹਾਲਤ ਸੁਧਰੇਗੀ-ਲਾਭ ਸਿੰਘ ਅਕਲੀਆ

ਮਾਲਵਾ

ਸਹਿਣਾ , ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)– ਅੱਜ ਇਥੇ ਬੀਡੀਪੀਓ ਸਹਿਣਾ ਦੇ ਦਫ਼ਤਰ ਵਿਖੇ ਸੈਂਕੜੇ ਮਨਰੇਗਾ ਮਜ਼ਦੂਰਾਂ ਵੱਲੋਂ ਜ਼ਬਰਦਸਤ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਵੱਲੋਂ ਬਰਨਾਲਾ -ਭਦੌੜ ਮੇਨ ਰੋਡ ‘ਤੇ ਜਾਮ ਲਾ ਕੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ ਅਤੇ ਮਜ਼ਦੂਰਾਂ ਨੇ ਜੰਮਕੇ ਨਾਹਰੇਬਾਜੀ ਕੀਤੀ। ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਗਨਰੇਗਾ ਦੀ ਥਾਂ ਨਵਾਂ ਕਾਨੂੰਨ ‘ਵੀ ਬੀ -ਜੀ ਰਾਮ ਜੀ ਐਕਟ -2025’ ਪਾਸ ਕਰਕੇ ਕਾਗਜ਼ਾਂ ਵਿੱਚ ਤਾਂ ਲਾਗੂ ਕਰ ਦਿੱਤਾ ਗਿਆ ਹੈ ਪਰ ਅਜੇ ਤੱਕ ਇਸਦਾ ਕਿਧਰੇ ਨਾਮੋ ਨਿਸ਼ਾਨ ਦਿਖਾਈ ਨਹੀਂ ਦਿੰਦਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਇਸਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ, ਕਿ ਇਹ ਮਜ਼ਦੂਰਾਂ ਦੇ ਨਾਲ ਮਜ਼ਾਕ ਤੋਂ ਵੱਧ ਕੁੱਝ ਨਹੀਂ ਹੈ। ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਸੂਬਾਈ ਆਗੂ ਕਾਮਰੇਡ ਖੁਸ਼ੀਆਂ ਸਿੰਘ ਨੇ ਕਿਹਾ, ਕਿ ਮੋਦੀ ਸਰਕਾਰ ਇੱਕ ਦਹਾਕੇ ਤੋਂ ਮਨਰੇਗਾ ਕਾਨੂੰਨ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਆ ਰਹੀ ਹੈ ਅਤੇ ਮਨਰੇਗਾ ਉੱਪਰ ਕੀਤੇ ਜਾ ਰਹੇ ਖ਼ਰਚ ਨੂੰ ਖ਼ਜ਼ਾਨੇ ਤੇ ਵੱਡਾ ਬੋਝ ਸਮਝ ਆ ਰਹੀ ਹੈ। ਆਗੂਆਂ ਨੇ ਇਹ ਵੀ ਕਿਹਾ ਕਿ ਮਨਰੇਗਾ ਦਾ ਨਾਮ ਬਦਲਣਾ ਮਹਿਜ਼ ਭਾਜਪਾ ਸਰਕਾਰ ਦੀ ਫਾਸ਼ੀਵਾਦੀ ਫਿਰਕੂ ਸਿਆਸਤ ਦਾ ਹਿੱਸਾ ਹੈ। ਸਿਰਫ਼ ਨਾਮ ਬਦਲਣ ਨਾਲ ਭਾਰਤ ਵਿਕਸਤ ਨਹੀਂ ਹੋਵੇਗਾ, ਗ਼ਰੀਬਾਂ ਨੂੰ ਕੰਮ ਮਿਲਣ ਨਾਲ ਹੀ ਉਹਨਾਂ ਦੇ ਘਰ ਖੁਸ਼ਹਾਲੀ ਆਵੇਗੀ।ਕੇਂਦਰ ਦੀ ਮੋਦੀ ਸਰਕਾਰ ਆਪਣੇ ਮੋਢਿਆਂ ਤੋਂ ਮਨਰੇਗਾ ਦਾ ਵਿੱਤੀ ਬੋਝ ਘਟਾਕੇ ਸੂਬਿਆਂ ਉੱਤੇ ਲੱਦਣਾ ਚਹੁੰਦੀ ਹੈ, ਜਦੋਂ ਕਿ ਜੀ ਐਸ ਟੀ ਲਾਗੂ ਹੋਣ ਤੋਂ ਬਾਅਦ ਰਾਜਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਕਮਜ਼ੋਰ ਹੋਈ ਪਈ ਹੈ। ਕੇਂਦਰ ਸਰਕਾਰ ਦੀ ਇਹ ਯੋਜਨਾ ਰਾਜਾਂ ਨੂੰ ਹੋਰ ਕਮਜ਼ੋਰ ਕਰੇਗੀ। ਪੇਂਡੂ ਗ਼ਰੀਬ ਲੋਕ ਪਹਿਲਾਂ ਹੀ ਗ਼ਰੀਬੀ, ਮਹਿੰਗਾਈ, ਬੇਰੁਜ਼ਗਾਰੀ ਅਤੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੇ ਕਰਜ਼ੇ ਦੇ ਮੱਕੜ – ਜਾਲ ਹੇਠ ਜਕੜੇ ਹੋਏ ਹਨ। ਉਹਨਾਂ ਨੂੰ ਰੁਜ਼ਗਾਰ ਪ੍ਰਾਪਤ ਕਰਨਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ। ਜਦੋਂ ਕਿ ਜਥੇਬੰਦੀਆਂ ਇੱਕ ਦਹਾਕੇ ਤੋਂ ਮੰਗ ਕਰਦੀਆਂ ਆ ਰਹੀਆਂ ਹਨ, ਪਰ ਮੋਦੀ ਸਰਕਾਰ ਨੇ 25 ਦਿਨ ਦਾ ਵਾਧਾ ਕਰਕੇ ਮਜ਼ਦੂਰਾਂ ਨਾਲ ਮਜ਼ਾਕ ਕੀਤਾ ਹੈ। ਅੱਜ ਦੇ ਮਸ਼ੀਨੀਕਰਨ ਦੇ ਦੌਰ ਵਿੱਚ ਮਜ਼ਦੂਰਾਂ ਨੂੰ ਸਾਲ ਵਿੱਚ ਘੱਟੋ ਘੱਟ 200 ਦਿਨ ਕੰਮ ਅਤੇ ਦਿਹਾੜੀ 700 ਹੋਣੀ ਚਾਹੀਦੀ ਹੈ, ਤਾਂ ਜਾਕੇ ਮਜ਼ਦੂਰਾਂ ਦਾ ਚੁੱਲ੍ਹਾ ਤਪ ਸਕਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਦਾ ਸਰਕਾਰੀ ਤੇ ਪ੍ਰਾਈਵੇਟ ਕਰਜ਼ਾ ਮੁਆਫ਼ ਕੀਤਾ ਜਾਵੇ। ਕਰਜ਼ੇ ਬਦਲੇ ਆਤਮਹੱਤਿਆ ਕਰਨ ਵਾਲੇ ਮਜ਼ਦੂਰਾਂ ਕਿਸਾਨਾਂ ਨੂੰ 25 ਲੱਖ ਦਾ ਮੁਆਵਜ਼ਾ ਦਿੱਤਾ ਜਾਵੇ। ਮਨਰੇਗਾ ਮਜ਼ਦੂਰਾਂ ਦੇ ਜੌਬ ਕਾਰਡ ਕੱਟਣੇ ਬੰਦ ਕੀਤੇ ਜਾਣ। 12 ਘੰਟੇ ਦਿਹਾੜੀ ਦਾ ਨੋਟੀਫਿਕੇਸ਼ਨ ਤੁਰੰਤ ਰੱਦ ਕੀਤਾ ਜਾਵੇ। ਅੱਜ ਦੇ ਰੋਸ਼ ਧਰਨੇ ਨੂੰ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਕਨਵੀਨਰ ਜਗਰਾਜ ਸਿੰਘ ਟੱਲੇਵਾਲ, ਰੁਜਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਬਰਨਾਲਾ ਦੇ ਆਗੂ ਜਗਰਾਜ ਰਾਮਾਂ, ਸੁਖਦੇਵ ਸਿੰਘ ਸ਼ਹਿਣਾ, ਮਜ਼ਦੂਰ ਅਧਿਕਾਰ ਅੰਦੋਲਨ ਦੇ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ, ਖੇਤ ਮਜ਼ਦੂਰ ਆਗੂ ਨਿੱਕਾ ਸਿੰਘ ਸੰਧੂਕਲਾਂ, ਗੁਰਮੇਲ ਸਿੰਘ ਪੱਖੋ ਕਲਾਂ ਆਦਿ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।

Leave a Reply

Your email address will not be published. Required fields are marked *