ਕਿਸਾਨਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ

ਗੁਰਦਾਸਪੁਰ

ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)–ਫਸਲਾਂ ਦੇ ਪੂਰੇ ਭਾਅ ਨਾ ਮਿਲਣ ਕਾਰਨ ਅਤੇ ਸਾਰੀਆਂ ਫਸਲਾਂ ਦੀ ਖਰੀਦ ਨਾ ਹੋਣ ਕਾਰਨ ਕਿਸਾਨਾਂ ਸਿਰ ਚੜਿਆ ਕਰਜਾ ਮੁਆਫ ਕਰਵਾਉਣ ਲਈ ਅਤੇ ਕਰਜਈ ਕਿਸਾਨਾਂ ਦੀਆਂ ਜਮੀਨਾਂ ਨਿਲਾਮ ਹੋਣ ਤੋਂ ਰੋਕਣ ਲਈ ਅਤੇ ਪਿੰਡ ਹਰੀ ਨੌ ਦੇ ਕਿਸਾਨ ਭਰਾਵਾਂ ਦੀ ਖੁਦਕੁਸ਼ੀ ਦਾ ਇਨਸਾਫ ਲੈਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਕਿਸਾਨਾਂ ਨੇ ਜਹਾਜ ਚੌਂਕ ਤੋਂ ਮਾਰਚ ਕਰਦੇ ਹੋਏ (ਲੈਂਡ ਮੋਰਟਗੇਜ) ਪ੍ਰਾਈਮਰੀ ਐਗਰੀਕਲਚਰ ਡਿਵੈਲਪਮੈਂਟ ਬੈਂਕ ਗੁਰਦਾਸਪੁਰ ਦੇ ਸਾਹਮਣੇ ਪਹੁੰਚ ਕੇ ਧਰਨਾ ਦਿੱਤਾ ਅਤੇ ਪੰਚਾਇਤ ਭਵਨ ਚੌਂਕ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਬੋਲਦਿਆਂ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ,ਪਗੜੀ ਸੰਭਾਲ ਲਹਿਰ ਦੇ ਪ੍ਰਧਾਨ ਸਤਨਾਮ ਸਿੰਘ ਬਾਗੜੀਆਂ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਗੁਲਾਬ ਸਿੰਘ ਚੰਦੂ ਮਾਝਾ,ਮੇਜਰ ਸਿੰਘ,ਭਾਰਤੀ ਕਿਸਾਨ ਯੂਨੀਅਨ ਮਾਝਾ ਦੇ ਪ੍ਰਧਾਨ ਬਾਬਾ ਕਵਲਜੀਤ ਸਿੰਘ ਪੰਡੋਰੀ,ਰਜਿੰਦਰ ਸਿੰਘ ਜਫਰਵਾਲ,ਭਾਰਤੀ ਕਿਸਾਨ ਯੂਨੀਅਨ ਸਿਰਸਾ ਤੋਂ ਹਰਦੇਵ ਸਿੰਘ ਚਿੱਟੀ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਜਮੀਨਾਂ ਨਿਲਾਮ ਨਹੀਂ ਕਰਨ ਦਿਆਂਗੇ ਕਿਸਾਨ ਭਾਵੇਂ 2 ਏਕੜ ਵਾਲਾ ਹੋਵੇ ਭਾਵੇਂ 20 ਏਕੜ ਵਾਲਾ ਕਿਸਾਨ ਸਿਰਫ ਕਿਸਾਨ ਹੈ। ਆਗੂਆਂ ਨੇ ਕਿਹਾ ਕੇ ਸੰਯੁਕਤ ਕਿਸਾਨ ਮੋਰਚਾ ਮੰਗ ਕਰਦਾ ਹੈ ਕਿ ਫਰੀਦਕੋਟ ਜ਼ਿਲ੍ਹੇ ਦੇ ਹਰੀ ਨੌ ਪਿੰਡ ਦੇ ਦੋ ਸਕੇ ਭਰਾ ਜਸਕਰਨ ਸਿੰਘ ਤੇ ਜਸਵਿੰਦਰ ਸਿੰਘ ਜਿਨਾਂ ਨੇ ਕਰਜੇ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ ਉਹਨਾਂ ਦੀਆਂ ਪਤਨੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, ਸਮੁੱਚਾ ਕਰਜ ਮੁਆਫ ਕੀਤਾ ਜਾਵੇ, ਦੀਆਂ ਬੱਚੀਆਂ ਦੀ ਮੁਫਤ ਪੜ੍ਹਾਈ ਦਾ ਪ੍ਰਬੰਧ ਕੀਤਾ ਜਾਵੇ, ਧੀਆਂ ਦੇ ਵਿਆਹ ਸ਼ਾਦੀ ਲਈ ਖਰਚ ਦੀ ਵਿਵਸਥਾ ਕੀਤੀ ਜਾਵੇ, ਫਰੀਦਕੋਟ ਦੇ ਬੈਂਕ ਮੈਨੇਜਰ ਦੇ ਉੱਤੇ ਬਣਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇ ਤੇ ਸੂਬੇ ਦੇ ਕਿਸਾਨਾਂ ਦੀਆਂ ਜਮੀਨਾਂ ਨਿਲਾਮ ਕਰਨ ਵਾਲਾ ਨੋਟਿਸ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੁੱਚਾ ਕਰਜ ਮੁਆਫ ਕੀਤਾ ਜਾਵੇ।

Leave a Reply

Your email address will not be published. Required fields are marked *