ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਨੇ ਨੌਜਵਾਨਾਂ ਲਈ ਸ਼ੁਰੂ ਕੀਤਾ ਮਿਸ਼ਨ ਉਮੀਦ

ਗੁਰਦਾਸਪੁਰ


ਮਿਸ਼ਨ ਉਮੀਦ ਤਹਿਤ ਨੌਜਵਾਨਾਂ ਲਈ ਯੂ.ਪੀ.ਐੱਸ.ਸੀ. ਤੇ ਪੀ.ਸੀ.ਐੱਸ. ਦੀ ਮੁਫ਼ਤ ਤਿਆਰੀ ਕਰਵਾਈ ਜਾਵੇਗੀ

ਗੁਰਦਾਸਪੁਰ, 3 ਜੁਲਾਈ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਦੇ ਸੁਪਨਿਆਂ ਨੂੰ ਉਡਾਨ ਦੇਣ ਲਈ ਮਿਸ਼ਨ ਉਮੀਦ ਸ਼ੁਰੂ ਕੀਤਾ ਗਿਆ ਹੈ। ਮਿਸ਼ਨ ਉਮੀਦ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਗੁਰਦਾਸਪੁਰ ਵੱਲੋਂ ਚੇਤਨ ਭਾਰਤ ਲਰਨਿੰਗ ਦੇ ਸਹਿਯੋਗ ਨਾਲ ਜ਼ਿਲ੍ਹਾ ਰੁਜ਼ਗਾਰ ਬਿਊਰੋ ਰਾਹੀਂ ‘ਮਿਸ਼ਨ ਉਮੀਦ – ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਨੌਜਵਾਨਾਂ ਲਈ ਯੂ.ਪੀ.ਐੱਸ.ਸੀ. ਤੇ ਪੀ.ਸੀ.ਐੱਸ. ਦੀ ਤਿਆਰੀ ਲਈ ਮੁਫ਼ਤ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਪ੍ਰੋਗਰਾਮ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਯੂ.ਪੀ.ਐੱਸ.ਸੀ. ਸਿਵਲ ਸੇਵਾਵਾਂ  ਤੇ ਪੀ.ਸੀ.ਐੱਸ. ਪ੍ਰੀਖਿਆਵਾਂ ਦੀ ਤਿਆਰੀ ਲਈ ਪੂਰੀ ਤਰ੍ਹਾਂ ਮੁਫ਼ਤ, ਉੱਚ-ਗੁਣਵੱਤਾ ਅਤੇ ਢਾਂਚਾਗਤ ਕੋਚਿੰਗ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਲਾਈਵ ਇੰਡਕਸ਼ਨ ਕਲਾਸ ਸ਼ੁੱਕਰਵਾਰ, 04 ਜੁਲਾਈ 2025 ਨੂੰ ਆਯੋਜਿਤ ਕੀਤੀ ਜਾਵੇਗੀ ਅਤੇ ਨਿਯਮਤ ਕਲਾਸਾਂ ਸੋਮਵਾਰ 07 ਜੁਲਾਈ 2025 ਤੋਂ ਸ਼ੁਰੂ ਹੋਣਗੀਆਂ।  

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੋਚਿੰਗ ਕਲਾਸਾਂ ਵਿੱਚ ਰੋਜ਼ਾਨਾ ਜਨਰਲ ਸਟੱਡੀਜ਼,  ਲੈਕਚਰ, ਸਵਾਲਾਂ ਦੇ ਉੱਤਰ ਲਿਖਣ ਦਾ ਅਭਿਆਸ ਅਤੇ ਮੁਲਾਂਕਣ ਵਾਲੇ ਸੈਸ਼ਨ, ਪ੍ਰੀਲਿਮ ਅਤੇ ਮੇਨ ਪ੍ਰੀਖਿਆ ਦੋਵਾਂ ਲਈ ਨਿਯਮਤ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਨੂੰ 2026, 2027 ਅਤੇ 2028 ਦੀਆਂ ਯੂ.ਪੀ.ਐੱਸ.ਸੀ. ਤੇ ਪੀ.ਸੀ.ਐੱਸ. ਪ੍ਰੀਖਿਆਵਾਂ ਲਈ ਵਿਆਪਕ ਤੌਰ ‘ਤੇ ਤਿਆਰ ਕਰਨਾ ਹੈ।

ਉਨ੍ਹਾਂ ਦੱਸਿਆ ਕਿ ਪੀ.ਸੀ.ਐੱਸ. ਦਾ ਕਰੈਸ਼ ਕੋਰਸ ਪਹਿਲਾਂ ਹੀ ਜ਼ਿਲ੍ਹਾ ਰੁਜ਼ਗਾਰ ਬਿਊਰੋ ਦੇ ਕਮਰਾ ਨੰਬਰ 218, ਪਹਿਲੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਮੰਗ ਦੇ ਆਧਾਰ ‘ਤੇ ਇਹ ਫਾਊਂਡੇਸ਼ਨ ਬੈਚ ਹੁਣ ਉਸੇ ਸਥਾਨ ‘ਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਯੂ.ਪੀ.ਐੱਸ.ਸੀ. ਤੇ ਪੀ.ਸੀ.ਐੱਸ. ਦੀ ਤਿਆਰੀ ਕਰਾਏਗਾ।

ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ ਮੁਫ਼ਤ ਕੋਚਿੰਗ ਲਈ ਰਜਿਸਟ੍ਰੇਸ਼ਨ ਕਰਵਾਉਣ ਅਤੇ ਹੋਰ ਪੁੱਛਗਿੱਛ ਲਈ ਪਰਮਿੰਦਰ ਸਿੰਘ ਸੈਣੀ, ਕੋਆਰਡੀਨੇਟਰ ਅਤੇ ਗਾਈਡੈਂਸ ਕਾਉਂਸਲਰ ਗੁਰਦਾਸਪੁਰ ਦੇ ਨੰਬਰ 7888592634  ‘ਤੇ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *