ਮਾਨਸਾ, ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਜਾ ਰਹੇ ਪੰਜਾਬ ਅਤੇ ਵੱਖ ਵੱਖ ਰਾਜਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਜਾਂਦੇ ਵਿਦਿਆਰਥੀ ਨੌਜਵਾਨਾਂ ਤੇ ਪੁਲਸ ਜਬਰ ਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਇਨਕਲਾਬੀ ਨੌਜਵਾਨ ਸਭਾ) ਵੱਲੋਂ ਖੁੱਲ੍ਹ ਕੇ ਨਿਖੇਧੀ ਕੀਤੀ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਪੰਜਾਬ ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ,ਜ਼ਿਲਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ ਅਤੇ ਇਨਕਲਾਬੀ ਨੌਜਵਾਨ ਸਭਾ ਪੰਜਾਬ ਦੇ ਮਾਨਸਾ ਜ਼ਿਲਾ ਪ੍ਰਧਾਨ ਹਰਵਿੰਦਰ ਸਿੰਘ ਬੱਬੀ ਚੋਟੀਆਂ,ਜ਼ਿਲਾ ਕਮੇਟੀ ਮੈਂਬਰ ਰਾਜਦੀਪ ਸਿੰਘ ਮਾਨ,ਬਠਿੰਡੇ ਜ਼ਿਲ੍ਹੇ ਦੇ ਆਗੂ ਰਜਿੰਦਰ ਸਿਵੀਆਂ ਅਤੇ ਧਰਮਪ੍ਰੀਤ ਸਿੰਘ ਗੋਨੇਆਣਾ ਨੇਂ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਦੇਸ਼-ਵਿਆਪੀ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਲਈ ਇਨਕਲਾਬੀ ਨੌਜਵਾਨ ਸਭਾ ਪੰਜਾਬ ਵੱਲੋਂ ਸੂਬਾ ਇੰਚਾਰਜ ਹੈਪੀ ਮਾਨ,ਜ਼ਿਲ੍ਹਾ ਮਾਨਸਾ ਦੇ ਸਕੱਤਰ ਰਾਜਦੀਪ ਸਿੰਘ ਗੇਹਲੇ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਬੂਟਾ ਸਿੰਘ ਭੁਪਾਲ ਨੂੰ ਸ਼ਕੁਰ ਬਸਤੀ ਰੇਲਵੇ ਸਟੇਸ਼ਨ ਤੋਂ ਸਵੇਰੇ 11 ਵਜੇ ਪੁਲਸ (RPF) ਵੱਲੋਂ ਜ਼ਬਰਦਸਤੀ ਗ੍ਰਿਫ਼ਤਾਰ ਕੇ ਦਿੱਲੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।ਇੱਥੇ ਹੀ ਬਸ ਨਹੀਂ ਆਗੂਆਂ ਨੂੰ ਦਿੱਲੀ ਪੁਲਸ ਵੱਲੋਂ ਵੱਖ ਵੱਖ ਥਾਣਿਆਂ ਵਿੱਚ ਖੱਜਲ ਖੁਆਰ ਕਰਦਿਆਂ 8 ਘੰਟੇ ਤੱਕ ਗ੍ਰਿਫਤ ਵਿੱਚ ਰੱਖਣ ਤੋਂ ਬਾਅਦ ਸ਼ਾਮ ਨੂੰ 7 ਵਜੇ ਮੁੰਡਕਾ ਜਿਲੇ ਦੀ ਥਾਣਾ ਚੌਂਕੀ ਬਕਰਵਾਲਾ ਤੋਂ ਰਿਹਾਅ ਕੀਤਾ ਗਿਆ। ਉਧਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਅਤੇ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਦੇ ਵਿਰੋਧ ਵਿੱਚ ਜੰਤਰ-ਮੰਤਰ ਉੱਤੇ ਵੱਡੀ ਗਿਣਤੀ ਵਿੱਚ ਜਮਹੂਰੀਅਤ ਪਸੰਦ ਅਤੇ ਲੋਕ ਪੱਖੀ ਤਾਕਤਾਂ ਵੱਲੋਂ ਡਟ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਜੇਕਰ ਦਿੱਲੀ ਪੁਲਸ ਇਹ ਸਮਝਦੀ ਹੈ ਕਿ ਇਸ ਪ੍ਰਦਰਸ਼ਨ ਨੂੰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੀ ਕੌਮੀ ਪ੍ਰਧਾਨ ਨੇਹਾ ਬੋਰਾ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਜਨਰਲ ਸਕੱਤਰ ਨੀਰਜ ਕੁਮਾਰ ਸਮੇਤ ਦਿੱਲੀ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕਰਕੇ ਦਬਾਇਆ ਜਾ ਸਕਦਾ ਹੈ ਤਾਂ ਪ੍ਰਸ਼ਾਸਨ ਭੁਲੇਖ਼ੇ ਵਿੱਚ ਹੈ। ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰਦਰਸ਼ਨ ਲਈ ਆਏ ਵਿਦਿਆਰਥੀ ਨੌਜਵਾਨਾਂ ਨੂੰ ਜਿਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਲ ਸਨ,ਨੂੰ ਗ੍ਰਿਫ਼ਤਾਰ ਕਰਕੇ ਵੱਖ ਵੱਖ ਥਾਣਿਆਂ ਵਿੱਚ 8 ਘੰਟੇ ਤੱਕ ਨਜ਼ਰਬੰਦ/ਹਿਰਾਸਤ ਵਿੱਚ ਰੱਖਿਆ ਗਿਆ।
ਆਗੂਆਂ ਨੇ ਪੁਲਸ ਅਤੇ ਕੇਂਦਰ ਸਰਕਾਰ ਦੀ ਇਸ ਧੱਕੇਸ਼ਾਹੀ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਜਮਹੂਰੀ ਹੱਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ “ਵੋਟ ਚੋਰ,ਗੱਦੀ ਛੱਡੋ – ਗਿਆਨੇਸ਼ ਕੁਮਾਰ ਅਸਤੀਫ਼ਾ ਦਿਓ” ਦੇ ਜ਼ੋਰਦਾਰ ਨਾਅਰੇ ਲਗਾਏ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਜਿਹੇ ਜਬਰ ਨਾਲ ਨੌਜਵਾਨਾਂ ਦੇ ਹੌਂਸਲੇ ਨਹੀਂ ਤੋੜੇ ਜਾ ਸਕਦੇ ਅਤੇ ਦੇਸ਼ ਦੇ ਲੋਕਤੰਤਰ ਤੇ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ।

