ਪੰਜਾਬ ਤੇ ਪੰਜਾਬੀਆਂ ਲਈ ਬੇਹੱਦ ਘਾਤਕ ਹੈ ਭਾਜਪਾ ਨਾਲ ਚੋਣ ਗਠਜੋੜ ਕਰਨ ਦਾ ਬਾਦਲ ਦਲ ਦਾ ਬੇਅਸੂਲਾ ਪੈਂਤੜਾ – ਸੁਖਦਰਸ਼ਨ ਸਿੰਘ ਨੱਤ, ਕਾਮਰੇਡ ਗੁਰਮੀਤ ਸਿੰਘ ਬਖਤਪੁਰ

ਮਾਲਵਾ

ਕਾਂਗਰਸ ਲੀਡਰਸ਼ਿਪ ਇੰਡੀਆ ਗੱਠਜੋੜ ਵਿੱਚ ਸ਼ਾਮਲ ਪੰਜਾਬ ਦੀਆਂ ਧਿਰਾਂ ਦੀ ਮੀਟਿੰਗ ਤੁਰੰਤ ਬੁਲਾਵੇ

ਮਾਨਸਾ, ਗੁਰਦਾਸਪੁਰ, 27 ਨਵੰਬਰ (ਸਰਬਜੀਤ ਸਿੰਘ)— ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ’ (ਆਰ.ਐਮ.ਪੀ.ਆਈ.) ਵਲੋਂ ਹਾਲੇ ਕੁੱਝ ਦਿਨ ਪਹਿਲਾਂ ਤਾਈਂ ਬੇਹੱਦ ਭੱਦੇ ਸ਼ਬਦਾਂ ’ਚ ਇਕ-ਦੂਜੇ ਦੀ ਭੰਡੀ ਕਰਦੇ ਆ ਰਹੇ ਬਾਦਲ ਦਲ ਤੇ ਭਾਜਪਾ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਗਠਜੋੜ ਬਣਾਉਣ ਦੇ ਮੌਕਾਪ੍ਰਸਤ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ।

ਇੱਥੋਂ ਦੋਵਾਂ ਪਾਰਟੀਆਂ ਵਲੋਂ ਜਾਰੀ ਇਕ ਸਾਂਝੇ ਬਿਆਨ ਵਿੱਚ ਆਰ.ਐਮ.ਪੀ.ਆਈ. ਦੀ ਪੰਜਾਬ ਸੂਬਾ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ , ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਦੇ ਸੂਬਾਈ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਵਾਰ ਵਾਰ ਸੱਤਾ ਵਿਚ ਰਹਿਣ ਵਾਲੇ ਇਨ੍ਹਾਂ ਦਲਾਂ ਦੀਆਂ ਹਕੂਮਤਾਂ ਦੀ ਰੱਦੀ ਕਾਰਗੁਜ਼ਾਰੀ, ਲੋਕ ਮਾਰੂ ਨੀਤੀਆਂ, ਨਸ਼ਾ ਤਸਕਰਾਂ ਤੇ ਮਾਫੀਆ ਗ੍ਰੋਹਾਂ ਦੀ ਪੁਸ਼ਤਪਨਾਹੀ ਅਤੇ ਆਗੂਆਂ ਦੇ ਭ੍ਰਿਸ਼ਟ ਕਿਰਦਾਰ ਨੂੰ ਚੇਤੇ ਰੱਖਣਾ  ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਦਲਾਂ ਦੀ ਸਾਂਝੀ ਸਰਕਾਰ ਦੌਰਾਨ ਮਜ਼ਦੂਰਾਂ-ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਤੇ ਹੋਰ ਮਿਹਨਤੀ ਵਰਗਾਂ ਦੀਆਂ ਸਮੱਸਿਆਵਾਂ ਚ ਕੋਈ ਸੁਧਾਰ ਨਹੀਂ ਸੀ ਹੋਇਆ, ਬਲਕਿ ਖੇਤੀ ਸੰਕਟ, ਬੇਰੁਜ਼ਗਾਰੀ, ਨਸ਼ਿਆਂ ਤੇ ਅਪਰਾਧ ਦਾ ਫੈਲਾਅ, ਆਰਥਿਕ ਨਾ-ਬਰਾਬਰੀ ਆਦਿ ਸਮੱਸਿਆਵਾਂ ਗੰਭੀਰ ਹੁੰਦੀਆਂ ਗਈਆਂ ਸਨ। ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਕਰਕੇ ਹੀ ਦੇਸ਼ ਦੇ ਕਿਸਾਨ ਆਪਣੀ ਹੋਂਦ ਬਚਾਉਣ ਲਈ ਦਿੱਲੀ ਦੁਆਲੇ ਇਤਿਹਾਸਕ ਮੋਰਚਾ ਲਾਉਣ ਲਈ ਲਈ ਮਜ਼ਬੂਰ ਹੋਏ ਸਨ।

ਆਗੂਆਂ ਨੇ ਅੱਗੋਂ ਕਿਹਾ ਹੈ ਕਿ ਮੋਦੀ ਸਰਕਾਰ ਦੇ ਲੰਘੇ 12 ਸਾਲਾਂ ਦੀ ਕਾਰਗੁਜ਼ਾਰੀ ਤੋਂ ਇਹ ਗੱਲ ਬਾਖੂਬੀ ਸਿੱਧ ਹੋ ਗਈ ਹੈ ਕਿ ਸੰਘ ਤੇ ਬੀਜੇਪੀ ਨਾ ਕੇਵਲ ਸੂਬਿਆਂ ਦੇ ਫੈਡਰਲ ਅਧਿਕਾਰਾਂ ਦੇ ਜਨਮ-ਜਾਤ ਵਿਰੋਧੀ ਹਨ, ਬਲਕਿ ਫਿਰਕੂ ਇਕਸੁਰਤਾ ਅਤੇ ਭਾਈਚਾਰਕ ਸਾਂਝ ਦੇ ਵੀ ਮੁੱਢੋਂ ਵੈਰੀ ਹਨ। ਸੰਘ-ਬੀਜੇਪੀ ਦੀ ਇਸੇ ਸੋਚ ’ਤੇ ਚਲਦਿਆਂ ਮੋਦੀ ਸਰਕਾਰ ਨੇ ਲੋਕਾਂ ਦੇ ਜਮਹੂਰੀ ਹੱਕਾਂ ਤੇ ਹਕੂਮਤ ਦੇ ਧਰਮ ਨਿਰਪੱਖ ਕਿਰਦਾਰ ਦਾ ਰੱਜ ਕੇ ਘਾਣ ਕੀਤਾ ਹੈ ਅਤੇ ਨਿਆਂ ਪਾਲਿਕਾ ਤੇ ਚੋਣ ਕਮਿਸ਼ਨ ਸਮੇਤ ਲੱਗਭੱਗ ਸਾਰੇ ਖ਼ੁਦਮੁਖ਼ਤਿਆਰ ਤੇ ਸੰਵਿਧਾਨਕ ਅਦਾਰਿਆਂ ਦਾ ਵੱਡੀ ਹੱਦ ਤੱਕ ਭਗਵਾਂਕਰਨ ਕਰ ਦਿੱਤਾ ਹੈ। ਸੰਘ ਦੀ ਅਗਵਾਈ ਹੇਠਲੇ ਅਖੌਤੀ ਹਿੰਦੂਵਾਦੀ ਸੰਗਠਨਾਂ ਦੇ ਖਰੂਦੀ ਕਾਰਕੁੰਨਾਂ ਨੇ ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਦੇਸ਼ ਭਰ ’ਚ ਮੁਸਲਮਾਨ ਤੇ ਈਸਾਈ ਭਾਈਚਾਰੇ ਦਾ ਜਿਊਣਾ ਹਰ ਪੱਖੋਂ ਦੂਭਰ ਕੀਤਾ ਹੈ ਅਤੇ ਇੰਨਾਂ ਭਾਈਚਾਰਿਆਂ ਦੇ ਕਿੰਨੇ ਬੇਕਸੂਰ ਲੋਕਾਂ ਦੇ ਘਿਣੌਨੇ ਕਤਲ ਕੀਤੇ ਹਨ। ਨੋਇਡਾ ਤੇ ਹੋਰਨਾਂ ਥਾਵਾਂ ਤੇ ਆਪਣੀਆਂ ਉਜ਼ਰਤਾਂ ਤੇ ਕੰਮ ਹਾਲਤਾਂ ਵਿੱਚ ਸੁਧਾਰ ਦੀ ਮੰਗ ਨੂੰ ਲੈਕੇ ਅੰਦੋਲਨ ਕਰਨ ਵਾਲੇ ਸਨਅਤੀ ਮਜ਼ਦੂਰਾਂ ਨੂੰ ਬੜੀ ਬੇਕਿਰਕੀ ਨਾਲ ਕੁਚਲਿਆ ਗਿਆ।

ਮੋਦੀ ਸਰਕਾਰ ਨੇ ਪੰਜਾਬ ਨਾਲ ਕੇਂਦਰੀ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਧੱਕੇ-ਵਿਤਕਰੇ ਦੇ ਵੀ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਇਹੋ ਨਹੀਂ ਸਿੱਖ ਫਲਸਫੇ ਦੇ ਮਾਨਵੀ ਸਰੋਕਾਰਾਂ ’ਚ ਫਿਰਕੂ ਖੋਟ ਰਲਾਉਣ ਤੇ ਸਿੱਖ ਸੰਸਥਾਵਾਂ ਨੂੰ ਸਨਾਤਨੀ ਵਿਚਾਰਧਾਰਾ ਅਨੁਸਾਰ ਢਾਲਣ ਪੱਖੋਂ ਵੀ ਸੰਘੀ ਸੰਗਠਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਅਜਿਹੀ ਸਥਿਤੀ ਵਿੱਚ ਬਾਦਲ ਦਲ ਵਲੋਂ ਸਿਰਫ ਸੱਤਾ ਪ੍ਰਾਪਤੀ ਲਈ ਭਾਜਪਾ ਦੀ ਬੁੱਕਲ ’ਚ ਜਾ ਬਹਿਣਾ ਅਤਿਅੰਤ ਮੰਦਭਾਗਾ ਸਿਆਸੀ ਵਰਤਾਰਾ ਹੈ, ਜਿਸਦੇ ਪੰਜਾਬ-ਪੰਜਾਬੀਅਤ ਨੂੰ ਬੜੇ ਘਾਤਕ ਨਤੀਜੇ ਭੁਗਤਣੇ ਪੈਣਗੇ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿਧਾਨ ਚੋਣਾਂ ’ਚ ਅਕਾਲੀ ਦਲ-ਭਾਜਪਾ ਗਠਜੋੜ ਤੇ ‘ਆਪ’ ਨੂੰ ਹਾਰ ਦੇਣ ਲਈ ਇਹ ਜ਼ਰੂਰੀ ਹੈ ਕਿ ਖੱਬੀਆਂ ਪਾਰਟੀਆਂ ਸਮੇਤ ‘ਇੰਡੀਆ’ ਗੱਠਜੋੜ ਵਿੱਚ ਸ਼ਾਮਲ ਸਾਰੀਆਂ ਧਿਰਾਂ ਮਿਲ ਕੇ ਚੋਣ ਮੈਦਾਨ ਵਿੱਚ ਨਿਤਰਨ। ਇਸ ਲਈ ਮੁੱਖ ਵਿਰੋਧੀ ਪਾਰਟੀ ਹੋਣ ਦੇ ਨਾਤੇ ਪੰਜਾਬ ਦੀ ਕਾਂਗਰਸੀ ਲੀਡਰਸ਼ਿਪ ਨੂੰ ਬਿਆਨਾਂ ਤੋਂ ਅੱਗੇ ਵੱਧ ਕੇ ਗੱਠਜੋੜ ਨੂੰ ਅਮਲੀ ਰੂਪ ਦੇਣ ਲਈ ‘ਇੰਡੀਆ’ ਗੱਠਜੋੜ ਦੀ ਮਹੱਤਵਪੂਰਨ ਭਾਈਵਾਲ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਤੇ ਇਸ ਨਾਲ ਪੂਰੀ ਸਹਿਮਤੀ ਰੱਖਣ ਵਾਲੀ ਅਹਿਮ ਖੱਬੇਪੱਖੀ ਪਾਰਟੀ ਆਰ.ਐਮ.ਪੀ.ਆਈ. ਸਮੇਤ ਤੁਰੰਤ ਪੰਜਾਬ ਦੀਆਂ ਸਾਰੀਆਂ ਖੱਬੇ ਪੱਖੀ ਪਾਰਟੀਆਂ ਨਾਲ ਮੀਟਿੰਗ ਕਰਨੀ ਚਾਹੀਦੀ ਹੈ, ਤਾਂਕਿ ਭਾਜਪਾ ਨੂੰ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਤੋਂ ਰੋਕਿਆ ਜਾ ਸਕੇ। ਉਕਤ ਦੋਵੇਂ ਪਾਰਟੀਆਂ ਦੇ ਆਗੂਆਂ ਨੇ ਆਉਣ ਵਾਲੇ ਦਿਨਾਂ ’ਚ ਅਸੈਬਲੀ ਚੋਣਾਂ ਲਈ ਤਿਆਰੀਆਂ ਨੂੰ ਸਾਂਝੇ ਤੌਰ ‘ਤੇ ਹੋਰ ਤੇਜ਼ ਕਰਨ ਦਾ ਵੀ ਐਲਾਨ ਕੀਤਾ ਹੈ।

Leave a Reply

Your email address will not be published. Required fields are marked *