ਜੰਤਰ ਮੰਤਰ ਉਤੇ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈਕੇ ਵਿਰੋਧ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਬਹੁਤ ਸਾਰੇ ਸਮਾਜਿਕ ਅਤੇ ਸਿਆਸੀ ਆਗੂਆਂ ਨੂੰ ਹਿਰਾਸਤ ਵਿੱਚ ਲਿਆ-ਸੁਖਦਰਸ਼ਨ ਸਿੰਘ ਨੱਤ

ਮਾਲਵਾ

ਲਿਬਰੇਸ਼ਨ ਵਲੋਂ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਦੀ ਸਖ਼ਤ ਨਿੰਦਾ – ਮੋਦੀ ਸਰਕਾਰ ਅਜਿਹੇ ਜਮਹੂਰੀਅਤ ਵਿਰੋਧੀ ਹੱਥਕੰਡਿਆਂ ਨਾਲ ਦੇਸ਼ ਦੀ ਜਨਤਾ ਦੇ ਵਿਰੋਧ ਨੂੰ ਠੱਲ੍ਹ ਨਹੀਂ ਪਾ ਸਕਦੀ

ਮਾਨਸਾ, ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਅਤੇ ਹੋਰ ਸੰਗਠਨਾਂ ਨੇ ਦੇਸ਼ ਧ੍ਰੋਹੀ ਮੁੱਖ ਚੋਣ ਕਮਿਸ਼ਨਰ ਖਿਲਾਫ ਕੇਸ ਦਰਜ ਕਰਨ ਦੀ ਮੰਗ ਨੂੰ ਲੈਕੇ ਦਿੱਲੀ ਜੰਤਰ ਮੰਤਰ ‘ਤੇ ਧਰਨਾ ਦੇ ਰਹੇ ਉੱਘੇ ਸਮਾਜਿਕ ਅਤੇ ਸਿਆਸੀ ਆਗੂਆਂ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਹਰਕਤਾਂ ਸੰਵਿਧਾਨ ਤੇ ਲੋਕਤੰਤਰ ਨਾਲ ਧੋਖਾ ਕਰਨ ਵਾਲੇ ਗਿਆਨੇਸ਼ ਕੁਮਾਰ ਗੁਪਤਾ ਖਿਲਾਫ ਦੇਸ਼ ਭਰ ਵਿੱਚ ਉਠ ਰਹੇ ਵਿਸ਼ਾਲ ਅੰਦੋਲਨ ਨੂੰ ਠੱਲ੍ਹ ਨਹੀਂ ਪਾ ਸਕਣਗੀਆਂ।

ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕੇਂਦਰੀ ਕੰਟਰੋਲ ਕਮਿਸ਼ਨ ਦੇ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ, ਸੂਬਾ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਨੱਤ, ਸੁਰਿੰਦਰ ਪਾਲ ਸ਼ਰਮਾ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਆਗੂ ਬਲਵਿੰਦਰ ਘਰਾਂਗਣਾ, ਗੁਰਸੇਵਕ ਮਾਨ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਆਗੂ ਹੈਪੀ ਮਾਨ, ਹਰਵਿੰਦਰ ਸਿੰਘ ਤੇ ਹੋਰਨਾਂ ਨੇ ਹੰਗਾਮੀ ਮੀਟਿੰਗ ਕਰਕੇ ਮੋਦੀ ਸਰਕਾਰ ਦੀ ਇਸ ਹਰਕਤ ਦਾ ਪੁਰਜੋਰ ਵਿਰੋਧ ਕੀਤਾ। ਇਸ ਮੌਕੇ ਜਾਰੀ ਬਿਆਨ ਵਿੱਚ ਦਸਿਆ ਗਿਆ ਹੈ ਕਿ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਗਏ ਆਗੂਆਂ ਵਿੱਚ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ, ਆਇਸਾ ਦੀ ਕੌਮੀ ਪ੍ਰਧਾਨ ਨੇਹਾ ਬੋਰਾ, ਯੋਗੇਂਦਰ ਯਾਦਵ, ਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਣ, ਟਰਾਂਸਪੀਰੇਸੀ ਕਾਰਕੁਨ ਅੰਜਲੀ ਭਾਰਦਵਾਜ, ਆਲ ਇੰਡੀਆ ਕਿਸਾਨ ਮਹਾਸਭਾ ਦੇ ਜਨਰਲ ਸਕੱਤਰ ਪੁਰਸ਼ੋਤਮ ਸ਼ਰਮਾ ਅਤੇ ਦਿੱਲੀ ਦੇ ਕਈ ਵਿਦਿਆਰਥੀ ਕਾਰਕੁਨਾਂ ਤੇ ਪ੍ਰਗਤੀਸ਼ੀਲ ਨਾਗਰਿਕ ਸ਼ਾਮਲ ਹਨ।
ਇਹ ਸਾਰੇ ਜੰਤਰ ਮੰਤਰ ਵਿਖੇ ਗਿਆਨੇਸ਼ ਕੁਮਾਰ ਦੇ ਅਸਤੀਫ਼ੇ, ਉਸ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਨ, ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਹਿੰਮ ਨੂੰ ਤੁਰੰਤ ਰੋਕਣ ਅਤੇ ਨਾਜਾਇਜ਼ ਤੌਰ ‘ਤੇ ਕੱਟੇ ਗਏ ਹਰ ਵੋਟਰ ਦੇ ਵੋਟਿੰਗ ਅਧਿਕਾਰ ਦੀ ਬਹਾਲੀ ਦੀ ਮੰਗ ਕਰ ਰਹੇ ਸਨ। ਪਰ ਦਿੱਲੀ ਪੁਲਿਸ ਨੇ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਨਾ ਦਿੰਦਿਆਂ ਇੰਨਾਂ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ।

ਗ੍ਰਿਫ਼ਤਾਰੀ ਮੌਕੇ ਬੋਲਦੇ ਹੋਏ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਤੁਸੀਂ ਇੱਕ ਪ੍ਰਦਰਸ਼ਨ ਨੂੰ ਰੋਕ ਸਕਦੇ ਹੋ ਅਤੇ ਸਾਨੂੰ ਹਿਰਾਸਤ ਵਿੱਚ ਲੈ ਸਕਦੇ ਹੋ, ਪਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਜੋ ਹੁਣ ਦੇਸ਼ ਭਰ ਵਿੱਚ ਗੂੰਜ ਰਹੀ ਹੈ, ਉਸ ਨੂੰ ਕਿਸੇ ਵੀ ਹਥਕੰਡੇ ਨਾਲ ਦਬਾਇਆ ਨਹੀਂ ਜਾ ਸਕਦਾ।

Leave a Reply

Your email address will not be published. Required fields are marked *