ਮਾਨਸਾ, ਗੁਰਦਾਸਪੁਰ, 2 ਸਤੰਬਰ (ਸਰਬਜੀਤ ਸਿੰਘ)– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੇ ਸਰਗਰਮ ਆਗੂਆਂ ਦੀ ਮੀਟਿੰਗ ਸ਼ਹੀਦ ਬਾਬਾ ਬੂਝਾ ਸਿੰਘ ਯਾਦਗਾਰੀ ਮਾਨਸਾ ਵਿਖੇ ਗੁਰਪ੍ਰੀਤ ਸਿੰਘ ਹੀਰਕੇ ਦੀ ਪ੍ਰਧਾਨਗੀ ਹੇਠ ਹੋਈ।
ਇਸ ਮੌਕੇ ਆਇਸਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ ਨੇਂ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਅੱਜ ਪੂਰੇ ਦੇਸ਼ ਅੰਦਰ ਵਿਦਿਆਰਥੀ-ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕਣ ਦੇ ਮਕਸਦ ਨਾਲ ਆਏ ਦਿਨ ਸਿੱਖਿਆ ਦੇ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਸੌਂਪਦਿਆਂ ਫੀਸਾਂ ਵਿੱਚ ਲਗਾਤਾਰ ਵਾਧਾ,ਗ੍ਰਾਂਟਾਂ ਅਤੇ ਫੰਡਾਂ ਵਿੱਚ ਕਟੌਤੀ,ਸਰਕਾਰੀ ਵਿੱਦਿਅਕ ਅਦਾਰਿਆਂ ਨੂੰ ਖ਼ਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਵਿੱਦਿਅਕ ਅਦਾਰੇ ਖੋਲ੍ਹਣ ਲਈ ਮਾਹੌਲ ਸੁਖਾਵਾਂ ਬਣਾਉਂਦਿਆਂ ਰੁਜ਼ਗਾਰ ਦੇ ਮੌਕੇ ਲਗਾਤਾਰ ਖਤਮ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੀ ਬੀਜੇਪੀ ਦੀ ਨੀਤੀ ਤੇ ਪਹਿਰਾ ਦਿੰਦਿਆਂ ਨਵੀਂ ਸਿੱਖਿਆ ਨੀਤੀ 2020 ਨੂੰ ਲਾਗੂ ਕਰਕੇ ਵਿਦਿਆਰਥੀਆਂ ਲਈ ਸਿੱਖਿਆ ਪ੍ਰਾਪਤ ਕਰਨ ਦੇ ਰਸਤੇ ਬੰਦ ਕਰ ਰਹੀ ਹੈ ਅਤੇ ਰੁਜ਼ਗਾਰ ਮੰਗਦੀ ਜਵਾਨੀ ਨੂੰ ਛੱਲੀਆਂ ਵਾਂਗ ਕੁੱਟ ਕੇ ਕਾਰਪੋਰੇਟ ਘਰਾਣਿਆਂ ਨੂੰ ਜਨਤਕ ਅਦਾਰਿਆਂ ਨੂੰ ਚਲਾਉਣ ਲਈ ਸੱਦਾ ਦੇਣ ਤੇ ਲੱਗੀ ਹੋਈ ਹੈ।ਉਹਨਾਂ ਮੰਗ ਕੀਤੀ ਕਿ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਲਗਾਤਾਰ ਵਾਧਾ ਕਰਨਾ ਬੰਦ ਕੀਤਾ ਜਾਵੇ,ਗ੍ਰਾਂਟਾਂ ਅਤੇ ਫੰਡਾਂ ਉੱਪਰ ਕੱਟ ਲਗਾਉਣਾ ਬੰਦ ਕੀਤਾ ਜਾਵੇ,ਵਿੱਦਿਅਕ ਅਦਾਰਿਆਂ ਵਿੱਚ ਖਾਲੀ ਪਈਆਂ ਆਸਾਮੀਆਂ ਭਰੀਆਂ ਜਾਣ,ਹਰ ਇੱਕ ਲਈ ਯੋਗਤਾ ਮੁਤਾਬਿਕ ਰੁਜ਼ਗਾਰ ਦੀ ਗਰੰਟੀ ਲਈ ਰੁਜ਼ਗਾਰ ਗਰੰਟੀ ਐਕਟ ਬਣਾਇਆ ਜਾਵੇ,ਮਾਨਸਾ ਵਿੱਚ ਮੈਡੀਕਲ ਯੂਨੀਵਰਸਿਟੀ ਖੋਲੀ ਜਾਵੇ ਅਤੇ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੀ ਤਰਸਯੋਗ ਹਾਲਤ ਵੱਲ ਧਿਆਨ ਦਿੱਤਾ ਜਾਵੇ,ਵਿਦਿਆਰਥੀ ਬੱਸ ਪਾਸ ਸਾਰੀਆਂ ਬੱਸਾਂ ਤੇ ਲਾਗੂ ਕੀਤਾ ਜਾਵੇ। ਉਹਨਾਂ ਐਲਾਨ ਕੀਤਾ ਕਿ ਉਕਤ ਸੁਆਲਾਂ ਨੂੰ ਲੈ ਕੇ ਮਾਨਸਾ,ਬਰਨਾਲਾ,ਸੰਗਰੂਰ ਅਤੇ ਬਠਿੰਡਾ ਜ਼ਿਲੇ ਦੇ ਵੱਖ ਵੱਖ ਅਦਾਰਿਆਂ ਵਿੱਚ ਵਿਦਿਆਰਥੀਆਂ ਦੀਆਂ ਮੀਟਿੰਗਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਚੋਟੀਆਂ,ਜਿਲਾ ਸਕੱਤਰ ਰਾਜਦੀਪ ਸਿੰਘ ਗੇਹਲੇ,ਆਇਸਾ ਵੱਲੋਂ ਕੁਲਦੀਪ ਸਿੰਘ,ਦਿਲਬਾਗ ਸਿੰਘ, ਅਰਸ਼ਦੀਪ ਕੌਰ,ਜੈਸਮੀਨ ਕੌਰ,ਪੂਜਾ ਕੌਰ,ਕਰਨਦੀਪ ਕੌਰ ਅਤੇ ਸੁਮਨਦੀਪ ਕੌਰ ਆਦਿ ਵਿਦਿਆਰਥੀ ਹਾਜ਼ਰ ਸਨ।


