ਬਰਨਾਲਾ, ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਜੰਤਰ-ਮੰਤਰ ਬੀਜੇਪੀ – ਆਰਐੱਸਐੱਸ ਦੀ ਫਾਸ਼ੀਵਾਦੀ ਤਾਨਾਸ਼ਾਹੀ ਦਾ ਨੰਗਾ ਚਿੱਟਾ ਅਖਾੜਾ ਬਣ ਗਿਆ ਹੈ। ਜਿਥੇ ਨੌਜਵਾਨਾਂ, ਵਿਦਿਆਰਥੀਆਂ ਅਤੇ ਰਾਜਨੀਤਕ ਲੋਕਾਂ ਨੂੰ ਹਰ ਰੋਜ਼ ਛੱਲੀਆਂ ਵਾਂਗ ਕੁਟਿਆ ਜਾ ਰਿਹਾ ਹੈ। ਸੀਪੀਆਈ (ਐੱਮ ਐੱਲ) ਰੈੱਡ ਸਟਾਰ ਦੀ ਪੰਜਾਬ ਇਕਾਈ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਅਤੇ ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਨਛੱਤਰ ਸਿੰਘ ਰਾਮਨਗਰ ਨੇ ਕਿਹਾ, ਕਿ ਇਹਨਾਂ ਅਣਮਨੁੱਖੀ ਘਟਨਾਵਾਂ ਦੀ ਜਿਨ੍ਹੀ ਵੀ ਨਿੰਦਿਆ ਕੀਤੀ ਜਾਵੇ-ਥੋੜੀ ਹੈ। ਆਗੂਆਂ ਨੇ ਕਿਹਾ, ਕਿ ਅੱਜ ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਕਰਨ ਲਈ ਪੂਰੇ ਦੇਸ਼ ਭਰ ਵਿੱਚ ਆਮ ਜਨਤਾ ਬੀਜੇਪੀ ਦਾ ਪਿੱਟ ਸਿਆਪਾ ਕਰ ਰਹੀ ਹੈ। ਜੰਤਰ-ਮੰਤਰ ਵਿਖੇ ਹਜ਼ਾਰਾਂ ਨੌਜਵਾਨ ਅਤੇ ਵਿਦਿਆਰਥੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ, ਜਿਸਨੇ 13 ਕਰੋੜ ਤੋਂ ਵੱਧ ਉਹਨਾਂ ਲੋਕਾਂ ਦੀ ਵੋਟ ਕੱਟ ਦਿੱਤੀ ਗਈ ਹੈ, ਜਿਹੜੇ ਭਾਜਪਾ -ਆਰਐੱਸਐੱਸ ਨੂੰ ਪਸੰਦ ਨਹੀਂ ਕਰਦੇ। ਦੇਸ਼ ਦੀ ਜਨਤਾ ਐਸ ਆਈ ਆਰ (SIR) ਨੂੰ ਵਾਪਸ ਲੈਣ ਦੀ ਮੰਗ ਕਰ ਰਹੀ ਹੈ। ਪਰ ਦਿੱਲੀ ਪੁਲਿਸ ਨੇ ਬਰਬਰ ਜ਼ਬਰ ਦਾ ਰਾਹ ਫੜ ਲਿਆ ਹੈ। ਨੌਜਵਾਨ ਕੁੜੀਆਂ ਦੇ ਕੱਪੜੇ ਤੱਕ ਪਾੜ ਦਿੱਤੇ, ਸੜਕਾਂ ਦੇ ਜਾਨਵਰਾਂ ਦੀ ਤਰ੍ਹਾਂ ਘੜੀਸਿਆ ਗਿਆ, ਹੁਣ ਤੱਕ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਕੇ ਉਹਨਾਂ ਦੀ ਜ਼ੁਬਾਨ ਬੰਦ ਕਰਨ ਲਈ ਲੋਕਤੰਤਰਿਕ, ਸੰਵਿਧਾਨਿਕ ਨਿਯਮਾਂ ਅਤੇ ਨਾਗਰਿਕ ਅਧਿਕਾਰਾਂ ਉੱਤੇ ਨੰਗਾ ਚਿੱਟਾ ਹਮਲਾ ਵਿੱਢ ਦਿੱਤਾ ਹੈ।
ਆਰਐੱਸਐੱਸ-ਭਾਜਪਾ ਦੀ ਮੋਦੀ-ਸ਼ਾਹ ਜੁੰਡਲੀ ਜਨਤਾ ਦੇ ਸਵਾਲਾਂ ਅਤੇ ਵਿਰੋਧ ਤੋਂ ਡਰੀ ਹੋਈ ਹੈ। ਆਪਣੇ ਵੋਟ ਦੇ ਅਧਿਕਾਰ ਦੀ ਰੱਖਿਆ ਦੀ ਮੰਗ ਕਰਨਾ ਕੋਈ ਅਪਰਾਧ ਨਹੀਂ ਹੈ। ਜਨਤਾ ਦੀ ਆਵਾਜ਼ ਨੂੰ ਦਬਾਉਣ ਲਈ ਮੋਦੀ ਸਰਕਾਰ ਵੱਲੋਂ ਪੁਲਿਸ ਤੋਂ ਬਿਨ੍ਹਾਂ 27 ਹਜ਼ਾਰ ਨੀਮ ਫ਼ੌਜੀ ਬਲਾਂ ਦੀ ਵਰਤੋਂ ਕਰਕੇ ਆਪਣੇ ਹੀ ਦੇਸ਼ ਵਿੱਚ ਅਤੇ ਆਪਣੀ ਹੀ ਜਨਤਾ ਵਿਰੁੱਧ ਜੰਗ ਛੇੜਨਾ ਹੈ। ਇਹ ਸੱਤਾ ਦੇ ਗਲਿਆਰਿਆਂ ਦੀ ਤਾਨਾਸ਼ਾਹੀ ਅਤੇ ਫਾਸ਼ੀਵਾਦੀ ਕਿਰਦਾਰ ਦਾ ਸਬੂਤ ਹੈ। ਅਸੀਂ ਸੰਘਰਸ਼ ਕਰ ਰਹੇ ਵਿਦਿਆਰਥੀਆਂ, ਨੌਜਵਾਨਾਂ ਅਤੇ ਮਿਹਨਤਕਸ਼ ਜਨਤਾ ਦੇ ਸਾਹਸੀ ਉਤਸ਼ਾਹ ਨੂੰ ਸਲਾਮ ਕਰਦੇ ਹਾਂ। ਆਈਸਾ ਦੀ ਕੇਂਦਰੀ ਪ੍ਰਧਾਨ ਨੇਹਾ ਬੋਰਾ ਅਤੇ ਏਰਸੋ (AIRSO) ਦੇ ਰਾਸ਼ਟਰੀ ਕਨਵੀਨਰ ਕਾਮਰੇਡ ਅੰਜਨ ਆਜ਼ਾਦ ਸਮੇਤ ਹੋਰ ਅਨੇਕਾਂ ਸੰਘਰਸ਼ਸ਼ੀਲ ਵਿਦਿਆਰਥੀ ਜਥੇਬੰਦੀਆਂ ਦੇ ਸੈਂਕੜੇ ਆਗੂਆਂ ਅਤੇ ਰਾਜਨੀਤਕ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਸੜਕਾਂ ‘ਤੇ ਘੜੀਸਿਆ ਗਿਆ ਹੈ। ਅਸੀਂ ਮੰਗ ਕਰਦੇ ਹਾਂ ਕਿ ਹਿਰਾਸਤ ਵਿੱਚ ਲਏ ਗਏ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਬਿਨ੍ਹਾਂ ਸ਼ਰਤ ਰਿਹਾਅ ਕੀਤਾ ਜਾਵੇ, ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਤੁਰੰਤ ਬਰਖਾਸਤ ਕਰਕੇ ਜੇਲ੍ਹ ਭੇਜਿਆ ਜਾਵੇ, ਐੱਸਆਈਆਰ ਤੁਰੰਤ ਰੋਕੀ ਜਾਵੇ, ਪੁਲਿਸ ਦੀ ਗੁੰਡਾ ਨਫ਼ਰੀ ਤੁਰੰਤ ਹਟਾਈ ਜਾਵੇ। ਅਸੀਂ ਇਹ ਵੀ ਸਪੱਸ਼ਟ ਕਰਦੇ ਹਾਂ, ਕਿ ਪੁਲਿਸ ਦਾ ਬਰਬਰ ਦਮਨ ਕਦੇ ਵੀ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲ ਨਹੀਂ ਸਕਦਾ। ਇਹ ਦਮਨ ਜਨਤਾ ਦੇ ਗੁੱਸੇ ਨੂੰ ਹੋਰ ਵਿਸ਼ਾਲ ਅਤੇ ਤਕੜਾ ਕਰੇਗਾ। ਲੋਕਤੰਤਰਿਕ, ਸੰਵਿਧਾਨ ਅਤੇ ਜਨਵਾਦੀ ਅਧਿਕਾਰਾਂ ਦੀ ਰੱਖਿਆ ਲਈ ਵਿਦਿਆਰਥੀਆਂ, ਨੌਜਵਾਨਾਂ, ਮਜ਼ਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ ਜਨਤਾ ਦੀ ਏਕਤਾ ਇਸ ਫਾਸ਼ੀਵਾਦੀ ਸੱਤਾ ਨੂੰ ਉਖਾੜ ਕੇ ਸੁੱਟਣ ਦੀ ਤਾਕਤ ਬਣੇਗੀ।


