ਮਹਾਨ ਕ੍ਰਾਂਤੀਕਾਰੀ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਹਾੜੇ ਅਤੇ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 111ਵੇਂ ਸ਼ਹਾਦਤ ਦਿਵਸ ‘ਤੇ ਸ਼ਹੀਦਾਂ ਨੂੰ ਯਾਦ ਕਰਦਿਆਂ ਬਰਨਾਲਾ ਵਿਖੇ ਸਫ਼ਲਤਾ ਪੂਰਵਕ ਸੈਮੀਨਾਰ ਆਯੋਜਿਤ

ਮਾਲਵਾ

ਬਰਨਾਲਾ, ਗੁਰਦਾਸਪੁਰ, 16 ਨਵੰਬਰ (ਸਰਬਜੀਤ ਸਿੰਘ)– ਅੱਜ ਇੱਥੇ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਵੱਲੋਂ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 111ਵੇਂ ਸ਼ਹੀਦੀ ਦਿਹਾੜੇ ਅਤੇ ਮਹਾਨ ਕ੍ਰਾਂਤੀਕਾਰੀ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਨੂੰ ਸਮਰਪਿਤ ਤਰਕਸ਼ੀਲ ਭਵਨ ਬਰਨਾਲਾ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸਦੀ ਸ਼ੁਰੂਆਤ ਲੋਕ ਸੰਗੀਤ ਮੰਡਲੀ ਭਦੌੜ ਅਤੇ ਕ੍ਰਾਂਤੀਕਾਰੀ ਗਇਕ ਅਜਮੇਰ ਅਕਲੀਆ ਦੇ ਇਨਕਲਾਬੀ ਗੀਤਾਂ ਨਾਲ ਕੀਤੀ ਗਈ।

ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਐਸਕਿਊਆਰ ਇਲਿਆਸ ਜਨਰਲ ਸਕੱਤਰ, ਵੈਲਫ਼ੇਅਰ ਸਮਾਜ ਪਾਰਟੀ ਆਫ ਇੰਡੀਆ (ਪਿਤਾ ਉਮਰ ਖ਼ਾਲਿਦ ਵਿਦਿਆਰਥੀ ਆਗੂ ਜੇਐਨਯੂ) , ਪ੍ਰੋਫੈਸਰ ਜਗਮੋਹਨ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਪੰਜਾਬ, ਕਾਮਰੇਡ ਤੁਹਿਨ ਦੇਵ, ਪੀਬੀ ਮੈਂਬਰ ਸੀਪੀਆਈ (ਐੱਮ ਐੱਲ) ਰੈੱਡ ਸਟਾਰ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਿਰਸਾ ਮੁੰਡਾ ਨੇ 25 ਸਾਲ ਦੀ ਬਹੁਤ ਛੋਟੀ ਉਮਰ ਵਿੱਚ ਹੀ ਮੁੰਡਾ ਅਤੇ ਸੰਥਾਲ ਕਬੀਲਿਆਂ ਦੇ ਲੋਕਾਂ ਨੂੰ ਜਥੇਬੰਦ ਕਰਕੇ ਅੰਗਰੇਜ਼ਾਂ ਦੇ ਖ਼ਿਲਾਫ਼ ਹਥਿਆਰ ਬੰਦ ਸੰਘਰਸ਼ ਦਾ ਉਸ ਸਮੇਂ ਬਿਗਲ ਬਜਾ ਦਿੱਤਾ ਸੀ, ਜਦੋਂ ਬਰਤਾਨਵੀ ਬਸਤੀਵਾਦੀਆਂ ਵੱਲੋਂ ਆਦਿਵਾਸੀਆਂ ਦਾ ਉਜਾੜਕੇ ਉਹਨਾਂ ਦੇ ਜਲ, ਜੰਗਲ ,ਜ਼ਮੀਨ ਵੱਡੇ ਉਦਯੋਗ ਪਤੀਆਂ ਨੂੰ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ। ਕਰਤਾਰ ਸਿੰਘ ਸਰਾਭਾ ਜੋ ਗ਼ਦਰ ਲਹਿਰ ਦੇ ਮੋਢੀਆਂ ਵਿਚੋਂ ਇਕ ਸੀ, ਜਿਸਨੂੰ ਅੰਗਰੇਜ਼ ਹਕੂਮਤ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਫਾਂਸੀ ‘ਤੇ ਲਟਕਾ ਦਿੱਤਾ ਸੀ। ਆਗੂਆਂ ਨੇ ਕਿਹਾ, ਕਿ ਅੱਜ ਪੂਰਾ ਦੇਸ਼ ਆਰਐੱਸਐੱਸ ਭਗਵੇਂ ਫਾਸ਼ੀਵਾਦ ਦੀ ਜਕੜ ਹੇਠ ਹੈ। ਜਿਸਨੇ ਹਰ ਖੇਤਰ ਵਿੱਚ ਆਪਣਾ ਕੰਟਰੋਲ ਸਥਾਪਤ ਕਰ ਲਿਆ ਹੈ। ਮੋਦੀ ਸਰਕਾਰ ਵੱਲੋਂ ਸਾਰੇ ਜਮਹੂਰੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਸੰਵਿਧਾਨਕ ਕਨੂੰਨਾਂ ਨੂੰ ਖ਼ਤਮ ਕਰਕੇ ਕਾਰਪੋਰੇਟ ਪੱਖੀ ਨੀਤੀਆਂ ਪਾਸ ਕੀਤੀਆਂ ਜਾ ਰਹੀਆਂ ਹਨ ਅਤੇ ਮਿਹਨਤਕਸ਼ ਜਨਤਾ ਦਾ ਖੂਨ ਨਿਚੋੜਿਆ ਜਾ ਰਿਹਾ ਹੈ।ਵਾਤਾਵਰਣ ਵਿੱਚ ਲਗਾਤਾਰ ਫ਼ਿਰਕੂ ਜ਼ਹਿਰ ਘੋਲੀ ਜਾ ਰਹੀ ਹੈ ਅਤੇ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਵਜੋਂ ਸਥਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ , ਕਿ ਫਾਸ਼ੀਵਾਦੀ ਸੰਘ ਪ੍ਰੀਵਾਰ ਅਤੇ ਕਾਰਪੋਰੇਟ ਗੱਠਜੋੜ ਜੋ ਘੱਟ ਗਿਣਤੀਆਂ ਖ਼ਾਸ ਕਰਕੇ ਮੁਸਲਮਾਨਾਂ, ਈਸਾਈਆਂ, ਦਲਿਤਾਂ, ਔਰਤਾਂ, ਆਦਿਵਾਸੀਆਂ ਅਤੇ ਸਮਾਜ ਦੇ ਦੱਬੇ ਕੁੱਚਲੇ ਲੋਕਾਂ ਦਾ ਵੱਡਾ ਦੁਸ਼ਮਣ ਹੈ, ਜਿਸਦੀ ਵਿਚਾਰਧਾਰਕ ਬੁਨਿਆਦ ਮਨੂੰਸਮ੍ਰਿਤੀ ਉੱਪਰ ਟਿਕੀ ਹੋਈ ਹੈ, ਜੋ ਅਣਮਨੁੱਖੀ ਵਿਚਾਰਧਾਰਾ ਹੈ। ਆਗੂਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ, ਕਿ ਫਾਸ਼ੀਵਾਦ ਦਾ ਮੁਕਾਬਲਾ ਕੋਈ ਇੱਕ ਵਰਗ ਜਾਂ ਪਾਰਟੀ ਨਹੀਂ ਕਰ ਸਕਦੀ, ਬਲਕਿ ਸਾਰੀਆਂ ਇਨਕਲਾਬੀ ਜਮਹੂਰੀ ਅਤੇ ਖੱਬੇ ਪੱਖੀ ਤਾਕਤਾਂ, ਘੱਟ ਗਿਣਤੀਆਂ ਅਤੇ ਫਾਸ਼ੀਵਾਦ ਤੋਂ ਪੀੜਤ ਸਿਆਸੀ ਪਾਰਟੀਆਂ ਦਾ ਇੱਕ ਸਾਂਝਾ ਮੋਰਚਾ ਬਣਾਉਣ ਦੀ ਲੋੜ ਹੈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਵੱਲੋਂ ਕੁੱਝ ਮਤੇ ਪੜ੍ਹੇ ਗਏ ਅਤੇ ਪਾਸ ਕੀਤੇ ਗਏ,ਜਿਵੇਂ: ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਵਿੱਚ ਫਾਸ਼ੀਵਾਦੀ ਭਾਜਪਾ ਨੂੰ ਹਰਾਇਆ ਜਾਵੇ , ਉਮਰ ਖ਼ਾਲਿਦ ਸਮੇਤ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਕੀਤੀ ਜਾਵੇ, ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਅਤੇ ਇਰਾਨ ਉੱਪਰ ਫ਼ੌਜੀ ਹਮਲੇ ਤੁਰੰਤ ਬੰਦ ਕੀਤੇ ਜਾਣ, ਭਾਜਪਾ -ਆਰ ਐੱਸ ਐੱਸ ਦੀ ਅਗਵਾਈ ਹੇਠ ‘ਹਿੰਦੂ ਰਾਸ਼ਟਰ’ ਦਾ ਪ੍ਰਾਜੈਕਟ ਬੰਦ ਕੀਤਾ ਜਾਵੇ, ਐੱਸ ਆਈ ਆਰ ਬੰਦ ਕੀਤੀ ਜਾਵੇ ਅਤੇ ਗਿਆਨੇਸ਼ ਕੁਮਾਰ ਨੂੰ ਚਲਦਾ ਕੀਤਾ ਜਾਵੇ, ਵਿਦਿਆਰਥੀਆਂ -ਨੌਜਵਾਨਾਂ ਦੇ ਸੰਘਰਸ਼ ਉੱਪਰ ਜ਼ਬਰ ਕਰਨਾ ਬੰਦ ਕੀਤਾ ਜਾਵੇ, ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਜਮਹੂਰੀ ਢੰਗ ਨਾਲ ਹੱਲ ਕੀਤਾ ਜਾਵੇ, ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੰਜਾਬ ਦੀਆਂ 400 ਮੰਡੀਆਂ ਬੰਦ ਕਰਨ ਦੀ ਪ੍ਰਕਿਰਿਆ ਉੱਪਰ ਤੁਰੰਤ ਰੋਕ ਲਗਾਈ ਜਾਵੇ। ਸੈਮੀਨਾਰ ਨੂੰ ਹੋਰਨਾਂ ਤੋਂ ਇਲਾਵਾ ਨਰਭਿੰਦਰ ਜਮਹੂਰੀ ਅਧਿਕਾਰ ਸਭਾ ਪੰਜਾਬ, ਇਕਬਾਲਦੀਨ ਬਰਨਾਲਾ, ਮੁਸਲਿਮ ਸੁਰੱਖਿਆ ਮੰਚ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜਿੰਮੇਵਾਰੀ ਡਾ. ਗੁਰਤੇਜ ਖੀਵਾ ਨੇ ਨਿਭਾਈ।

Leave a Reply

Your email address will not be published. Required fields are marked *