ਇਨਕਲਾਬ- ਜ਼ਿੰਦਾਬਾਦ! ਸਾਮਰਾਜਵਾਦ, ਪੂੰਜੀਵਾਦ – ਹੋ ਬਰਬਾਦ!– ਲਾਭ ਸਿੰਘ ਅਕਲੀਆ

ਮਾਲਵਾ

ਲੋਕਾਂ ਵਿੱਚ ਇਹ ਚੀਜ਼ ਮਹਿਸੂਸ ਕਰਵਾਉਣ ਦੀ ਲੋੜ ਹੈ, ਕਿ ਆਉਣ ਵਾਲੇ ਇਨਕਲਾਬ ਦਾ ਅਰਥ ਸਿਰਫ਼ ਹਾਕਮਾਂ ਦੀ ਤਬਦੀਲੀ ਹੀ ਨਹੀਂ ਹੋਵੇਗੀ, ਸਭ ਤੋਂ ਵਧਕੇ ਇਸਦਾ ਅਰਥ ਹੋਵੇਗਾ, ਇੱਕ ਨਵੇਂ ਢਾਂਚੇ ਅਤੇ ਨਵੇਂ ਸਮਾਜ ਦੀ ਸਥਾਪਨਾ ਕਰਨਾ।” – ਭਗਤ ਸਿੰਘ

ਬਰਨਾਲਾ, ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)– ਸ਼ਹੀਦ -ਏ-ਆਜ਼ਮ ਭਗਤ ਸਿੰਘ ਦਾ 119ਵਾਂ ਜਨਮ ਦਿਨ ਹੈ। ਜੋ ਉਹਨਾਂ ਦੇ ਵਿਚਾਰਾਂ ਨੂੰ ਪ੍ਰਣਾਏ ਹੋਏ ਅਤੇ ਦੇਸ਼ -ਵਿਦੇਸ਼ ਵਿੱਚ ਵਸਦੇ ਲੋਕਾਂ ਵੱਲੋਂ ਕੋਨੇ ਕੋਨੇ ਵਿੱਚ ਮਨਾਇਆ ਜਾਵੇਗਾ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿੰਡ ਬੰਗਾ ਚੱਕ ਨੰ: 105 ਜ਼ਿਲ੍ਹਾ ਲਾਇਲਪੁਰ (ਫ਼ੈਸਲਾਬਾਦ) ਪਾਕਿਸਤਾਨ ਵਿੱਚ ਪਿਤਾ ਕਿਸ਼ਨ ਸਿੰਘ, ਮਾਤਾ ਵਿੱਦਿਆਵਤੀ ਦੇ ਘਰ ਹੋਇਆ। ਭਗਤ ਸਿੰਘ ਬੇਹੱਦ ਗੰਭੀਰ ਪੜ੍ਹਾਕੂ ਅਤੇ ਸੰਵੇਦਨਸ਼ੀਲ ਵਿਅਕਤੀ ਸੀ, ਜੋ ਨੈਸ਼ਨਲ ਕਾਲਜ ਵਿੱਚ ਪੜ੍ਹਦੇ ਸਮੇਂ ਆਜ਼ਾਦੀ ਦੀ ਲੜਾਈ ਵਿੱਚ ਕੁੱਦ ਪਿਆ ਸੀ ਅਤੇ ਇੱਕ ਖੂਬਸੂਰਤ ਫੁੱਲ ਦੀ ਤਰ੍ਹਾਂ ਹਰ ਰੋਜ਼ ਖਿੜਦਾ -ਮਹਿਕਦਾ ਰਹਿੰਦਾ। ਉਹਨਾਂ ਦਾ ਇਹ ਮੰਨਣਾ ਸੀ, ਕਿ ਭਾਰਤ ਦੀ ਮਿਹਨਤਕਸ਼ ਜਨਤਾ ਅਤੇ ਦੱਬੇ ਕੁੱਚਲੇ ਲੋਕਾਂ ਦੀ ਮੁਕਤੀ ਸਮਾਜਵਾਦੀ ਇਨਕਲਾਬ ਤੋਂ ਬਿਨ੍ਹਾਂ ਨਾਂ ਮੁਮਕਿਨ ਹੈ। ਉਹ ਬਹੁਤ ਛੋਟੀ ਉਮਰ ਵਿੱਚ ਹੀ ਮਾਰਕਸਵਾਦੀ -ਲੈਨਿਨਵਾਦੀ ਵਿਚਾਰਾਂ ਦਾ ਧਾਰਨੀ ਬਣ ਗਿਆ ਸੀ। ਜੇਕਰ ਸਾਮਰਾਜਵਾਦੀ ਬਸਤੀਵਾਦੀ ਲੁਟੇਰਿਆਂ ਨੇ ਉਸ ‘ਫੁੱਲ’ ਨੂੰ ਮਹਿਜ਼ 23 ਸਾਲ ਦੀ ਉਮਰ ਵਿੱਚ ਨਾਂ ਮਧੋਲਿਆ ਹੁੰਦਾ, ਤਾਂ ਦੇਸ਼ ਦਾ ਕ੍ਰਾਂਤੀਕਾਰੀ ਇਤਿਹਾਸ ਕੁੱਝ ਹੋਰ ਹੀ ਹੋਣਾ ਸੀ।
ਕ੍ਰਾਂਤੀਕਾਰੀ ਇਤਿਹਾਸ ਦੀ ਬੁੱਕਲ਼ ਵਿੱਚੋਂ ਪੈਦਾ ਹੋਇਆ ਇਹ ਚਿਰਾਗ ਬਰਤਾਨਵੀ ਬਸਤੀਵਾਦੀਆਂ ਦੇ ਦੌਰ ਅੰਦਰ ਗ਼ੁਲਾਮੀ ਦੇ ਕਾਲੇ ਇਤਿਹਾਸ ਨੂੰ ਚੀਰਦਾ ਹੋਇਆ, ਦੇਸ਼ ਦੀ ਤਮਾਮ ਮਿਹਨਤਕਸ਼ ਜਨਤਾ ਅਤੇ ਸਮਾਜਿਕ ਤੌਰ ‘ਤੇ ਦੱਬੇ ਕੁੱਚਲੇ ਲੋਕਾਂ ਲਈ ਚਾਨਣ ਮੁਨਾਰਾ ਬਣ ਗਿਆ। ਸਦੀਆਂ ਤੋਂ ਭਾਰਤੀ ਲੋਕਾਂ ਦੇ ਪੈਰਾਂ ਵਿੱਚ ਪਾਈਆਂ ਹੋਈਆਂ ਬੇੜੀਆਂ ਅਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਨ ਲਈ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਮਿਹਨਤਕਸ਼ ਵਰਗਾਂ ਦੇ ਤਮਾਮ ਲੋਕਾਂ ਨੂੰ ਅਤੇ ਨੌਜਵਾਨਾਂ ਨੂੰ ਉੱਠਣ ਦਾ ਸੱਦਾ ਦਿੱਤਾ ਸੀ। ਭਗਤ ਸਿੰਘ ਗ਼ਦਰ ਪਾਰਟੀ ਦੇ ਆਗੂਆਂ ਤੋਂ ਬਹੁਤ ਪ੍ਰਭਾਵਿਤ ਸੀ, ਇਸੇ ਕਰਕੇ ਉਹ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਰਾਹ ਦਰਸਾਵਾ ਮੰਨਦਾ ਸੀ। ਨੈਸ਼ਨਲ ਕਾਲਜ ਦੇ ਸਮੇਂ ਹੀ ਉਸਦਾ ਸੰਪਰਕ ਭਗਵਤੀ ਚਰਨ ਵੋਹਰਾ, ਸੁਖਦੇਵ ਅਤੇ ਯਸ਼ਪਾਲ ਨਾਲ ਹੋ ਗਿਆ। 1924 ਵਿੱਚ ‘ਕਾਕੋਰੀ’ ਖ਼ਜ਼ਾਨਾ ਲੁੱਟਣ ਦੀ ਘਟਨਾ ਨੇ ਉਸਨੂੰ ਬੇਹੱਦ ਪ੍ਰਭਾਵਿਤ ਕੀਤਾ। ਉਸ ਸਮੇਂ ਪੂਰੇ ਦੇਸ਼ ਵਿੱਚ ਅੰਗਰੇਜ਼ ਹਕੂਮਤ ਵੱਲੋਂ ਇਨਕਲਾਬੀਆਂ ਉਤੇ ਬੇਤਹਾਸ਼ਾ ਤਸ਼ੱਦਦ ਢਾਹਿਆ ਜਾ ਰਿਹਾ ਸੀ ਅਤੇ ਝੂਠੇ ਕੇਸ ਪਾਕੇ ਜ਼ੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਸੀ, ਸੈਂਕੜੇ ਕ੍ਰਾਂਤੀਕਾਰੀਆਂ ਨੂੰ ਕਾਲ਼ੇ ਪਾਣੀਆਂ ਦੀ ਸਜ਼ਾ ਦਿੱਤੀ ਗਈ। ਦਸੰਬਰ 1924 ਵਿੱਚ ਕਾਕੋਰੀ ਕੇਸ ਵਿੱਚ ਚਾਰ ਕ੍ਰਾਂਤੀਕਾਰੀਆਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਗਿਆ ਸੀ।
ਭਗਤ ਸਿੰਘ ਨੇ ਇਨ੍ਹਾਂ ਸਾਲਾਂ ਵਿੱਚ ਦੁਨੀਆਂ ਭਰ ਦੀਆਂ ਕ੍ਰਾਂਤੀਕਾਰੀ ਲਹਿਰਾਂ ਦੇ ਇਤਿਹਾਸ ਦਾ ਡੂੰਘਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਰੂਸੀ ਇਨਕਲਾਬ ਤੋਂ ਬੇਹੱਦ ਪ੍ਰਭਾਵਿਤ ਹੋਕੇ ਕਾਮਰੇਡ ਲੈਨਿਨ ਦੀਆਂ ਇਤਿਹਾਸਕ ਕਿਰਤਾਂ ਦਾ ਵੀ ਅਧਿਐਨ ਕਰ ਰਹੇ ਸਨ। ਇਸੇ ਕਰਕੇ ਉਹ ਭਾਰਤ ਵਿੱਚ ਇਨਕਲਾਬ ਦੀ ਲੜਾਈ ਨੂੰ ਤੇਜ਼ ਕਰਨ ਲਈ ਅਤੇ ਨੌਜਵਾਨਾਂ ਨੂੰ ਲਹਿਰ ਨਾਲ ਜੋੜਨ ਲਈ 1926 ਵਿੱਚ ਉਹਨਾਂ ਨੇ ‘ਨੌਜਵਾਨ ਭਾਰਤ ਸਭਾ’ ਨਾਂ ਦੀ ਜਥੇਬੰਦੀ ਬਣਾਈ ਅਤੇ ਅੱਗੇ ਜਾਕੇ ਜਥੇਬੰਦੀ ਦਾ ਪ੍ਰੋਗਰਾਮ ਲਿਖਿਆ। ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੈਣ ਲਈ 17 ਦਸੰਬਰ 1928 ਨੂੰ ਅੰਗਰੇਜ਼ ਹਕੂਮਤ ਦੇ ਪ੍ਰਸ਼ਾਸਨਿਕ ਅਧਿਕਾਰੀ ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਕੇ ਲੋਕਾਂ ਦੇ ਮਨਾਂ ਵਿੱਚੋਂ ਹਕੂਮਤੀ ਦਹਿਸਤਗਰਦੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ 1929 ਵਿੱਚ ਵਿਸ਼ਵ ਪੱਧਰ ਤੇ ਇਜ਼ਾਰੇਦਾਰ ਪੂੰਜੀਪਤੀ ਤਾਕਤਾਂ ਉੱਤੇ ਆਰਥਿਕ ਮੰਦਵਾੜੇ ਦੇ ਬੱਦਲ ਮੰਡਰਾ ਰਹੇ ਸਨ, ਇਸ ਆਰਥਿਕ ਮੰਦਵਾੜੇ ਵਿੱਚੋਂ ਨਿਕਲਣ ਲਈ ਅੰਗਰੇਜ਼ ਹਕੂਮਤ ਵੱਲੋਂ ਆਰਥਿਕਤਾ ਦਾ ਬੋਝ ਭਾਰਤੀ ਜਨਤਾ ਦੇ ਮੋਢਿਆਂ ਤੇ ਲੱਦਣ ਦੀ ਕੋਸ਼ਿਸ਼ ਕੀਤੀ ਗਈ। ਅੰਗਰੇਜ਼ ਹਕੂਮਤ ਭਾਰਤ ਵਿੱਚ ਮਿਹਨਤਕਸ਼ ਲੋਕਾਂ ਅਤੇ ਮਜ਼ਦੂਰਾਂ ਦੀ ਵਧ ਰਹੀ ਸ਼ਕਤੀ ਨੂੰ ਰੋਕਣ ਲਈ ਜਦੋਂ “ਪਬਲਿਕ ਸੇਫਟੀ ਬਿੱਲ” ਅਤੇ “ਟ੍ਰੇਡ ਡਿਸਪਿਊਟ ਬਿਲ” ( ਅੱਜ ਕੱਲ੍ਹ ਐੱਨ ਐੱਸ ਏ ਅਤੇ ਜ਼ਰੂਰੀ ਸੇਵਾਵਾਂ ਐਕਟ 1981) ਵਰਗੇ ਕਾਲੇ ਕਾਨੂੰਨ ਪਾਸ ਕਰ ਰਹੀ ਸੀ। ਉਸ ਸਮੇਂ ਇਹਨਾਂ ਕਾਨੂੰਨਾਂ ਦੇ ਖ਼ਿਲਾਫ਼ ਭਗਤ ਸਿੰਘ,ਬੀ ਕੇ ਦੱਤ ਅਤੇ ਉਹਨਾਂ ਦੇ ਸਾਥੀਆਂ ਨੇ 8 ਅਪ੍ਰੈਲ 1929 ਨੂੰ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟ ਕੇ ਬੋਲ਼ੀ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ। ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ। ਬੰਬ ਸੁੱਟਣ ਦੇ ਕੇਸ ਵਿੱਚ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। 7 ਅਕਤੂਬਰ 1930 ਨੂੰ ਜੱਜ ਨੇ ਸਾਂਡਰਸ ਕਤਲ ਕੇਸ ਵਿੱਚ ਭਗਤ ਸਿੰਘ , ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਅੰਗਰੇਜ਼ ਹਕੂਮਤ ਵੱਲੋਂ ਆਪਣੇ ਹੀ ਬਣਾਏ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਜੇਲ੍ਹ ਨਿਯਮਾਂ ਦੇ ਉਲਟ ਮਿਥੇ ਸਮੇਂ ਤੋਂ ਪਹਿਲਾਂ ਹੀ 23 ਮਾਰਚ 1931 ਦੀ ਸ਼ਾਮ ਦੇ ਵਕਤ ਤਿੰਨੇ ਮਹਾਨ ਕ੍ਰਾਂਤੀਕਾਰੀਆਂ ਨੂੰ ਲਹੌਰ ਦੀ ਸੈਂਟਰਲ ਜੇਲ੍ਹ ਵਿੱਚ ਫਾਂਸੀ ‘ਤੇ ਲਟਕਾ ਦਿੱਤਾ ਗਿਆ ਸੀ। ਅੱਜ ਉਹਨਾਂ ਦੀ ਲਾ-ਮਿਸਾਲ ਕੁਰਬਾਨੀ ਦੇਸ਼ ਦੇ ਦੱਬੇ ਕੁੱਚਲੇ ਲੋਕਾਂ, ਮਿਹਨਤਕਸ਼ ਵਰਗਾਂ ਅਤੇ ਨੌਜਵਾਨ ਪੀੜ੍ਹੀ ਦੇ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ। ਫਾਂਸੀ ਤੋਂ ਮਹਿਜ਼ ਤਿੰਨ ਦਿਨ ਪਹਿਲਾਂ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਇੱਕ ਸਾਂਝਾ ਪੱਤਰ ਲਿਖਕੇ ਦੇਸ਼ ਦੀ ਜਨਤਾ ਨੂੰ ਸਨੇਹਾ ਦਿੱਤਾ ਸੀ, ਕਿ “ਇਹ ਯੁੱਧ ਓਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕੁੱਝ ਮੁੱਠੀ ਭਰ ਲੋਕ ਸਾਰੇ ਪੈਦਾਵਾਰੀ ਸਾਧਨਾਂ ਤੇ ਆਪਣਾ ਏਕਾਧਿਕਾਰ ਜਮਾਈ ਬੈਠੇ ਰਹਿਣਗੇ, ਚਾਹੇ ਉਹ ਵਿਆਕਤੀ ਅੰਗਰੇਜ਼ ਸ਼ਾਸਕ ਜਾਂ ਪੂੰਜੀਪਤੀ ਹੋਣ, ਚਾਹੇ ਭਾਰਤ ਦੇ ਕਾਲੇ ਅੰਗਰੇਜ ਕਿਉਂ ਨਾਂ ਹੋਣ….. ਜਿਨ੍ਹਾਂ ਪੂੰਜੀਪਤੀਆਂ ਵੱਲੋਂ ਭਾਰਤੀ ਕਿਰਤੀ ਲੋਕਾਂ ਦਾ ਖ਼ੂਨ ਨਿਚੋੜਿਆ ਜਾਂਦਾ ਹੋਵੇ, ਤਾਂ ਇਸ ਹਾਲਤ ਵਿੱਚ ਕੋਈ ਫ਼ਰਕ ਨਹੀਂ ਪੈਂਦਾ… ਇਹ ਯੁੱਧ ਅੰਤਿਮ ਰੂਪ ਤੱਕ ਜਾਰੀ ਰਹੇਗਾ, ਸਾਮਰਾਜਵਾਦੀ ਅਤੇ ਪੂੰਜੀਵਾਦੀ ਕੁੱਝ ਸਮੇਂ ਦੇ ਮਹਿਮਾਨ ਹਨ।”

  ਕੀ ਅੱਜ ਅਸੀਂ ਆਜ਼ਾਦ ਹਾਂ?

  ਅੱਜ ਆਜ਼ਾਦੀ ਦੇ 79 ਸਾਲਾਂ ਬਾਅਦ ਦੇਸ਼ ਦੇ ਹਾਲਾਤ ਕਿਹੋ ਜਿਹੇ ਹਨ? ਅੱਜ ਸਾਡਾ ਦੇਸ਼ ਘੋਰ ਸਮਾਜਿਕ -ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕਥਿਤ ਆਜ਼ਾਦੀ ਦੇ ਅੱਠ ਦਹਾਕਿਆਂ ਬਾਅਦ ਵੀ ਦੇਸ਼ ਦੇ ਬਹੁਗਿਣਤੀ ਲੋਕਾਂ ਨੂੰ ਰੋਟੀ, ਕੱਪੜਾ, ਮਕਾਨ,  ਸਿੱਖਿਆ ਅਤੇ ਸਿਹਤ ਸਹੂਲਤਾਂ ਅਤੇ ਰੁਜ਼ਗਾਰ ਨਾਲ ਸਬੰਧਤ ਬੁਨਿਆਦੀ ਸਮੱਸਿਆਵਾਂ ਨਾਲ  ਜੂਝਣਾ ਪੈ ਰਿਹਾ ਹੈ। ਹਰ ਸਾਲ ਬੇਰੁਜ਼ਗਾਰਾਂ ਦੀ ਫ਼ੌਜ ਵਿੱਚ ਵਾਧਾ ਹੋ ਰਿਹਾ ਹੈ। ਲੱਖਾਂ ਹੀ ਪਿੰਡ ਗ਼ਰੀਬੀ ਦੀ ਮਾਰ ਹੇਠ ਹਨ, ਹਰ ਸਾਲ ਹੜ੍ਹ ਅਤੇ ਸੋਕੇ ਵਰਗੀਆਂ ਭਿਆਨਕ ਕੁਦਰਤੀ ਆਫ਼ਤਾਂ ਦੀ ਮਾਰ ਝਲਦੇ ਆ ਰਹੇ ਹਨ। ਵਿਦੇਸ਼ੀ ਕਰਜ਼ੇ ਦੇ ਬੋਝ ਨਾਲ ਸਮੁੱਚੇ ਦੇਸ਼ ਦੀ ਕਮਰ ਟੁੱਟ ਚੁੱਕੀ ਹੈ। ਅਸਲ ਵਿੱਚ ਦੇਸ਼ ਦੇ ਜਲ, ਜੰਗਲ, ਜ਼ਮੀਨ, ਖਣਿਜ ਅਤੇ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਬਹੁ- ਰਾਸ਼ਟਰੀ ਕੰਪਨੀਆਂ ਖ਼ਾਸ ਕਰਕੇ  ਆਈ ਐਮ ਐਫ਼, ਵਿਸ਼ਵ ਬੈਂਕ, ਡਬਲਿਊ ਟੀ ਓ ਅਤੇ ਉਹਨਾਂ ਦੇ ਭਾਰਤ ਵਿਚਲੇ ਯੂਨੀਅਰ ਪਾਰਟਨਰ ਅੰਬਾਨੀ- ਅਡਾਨੀ ਵਰਗੇ ਮਹਾਂਭਰਿਸਟ ਕਾਰਪੋਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ। ਭਾਰਤ ਦੇ ਨੌਜਵਾਨਾਂ ਨੇ ਆਜ਼ਾਦੀ ਦੀ ਲੜਾਈ ਦੌਰਾਨ ਜੋ ਸੁਪਨੇ ਦੇਖੇ ਸਨ, ਉਹਨਾਂ ਨੂੰ ਚਕਨਾਚੂਰ ਕਰ ਦਿੱਤਾ ਗਿਆ ਹੈ। ਅੰਗਰੇਜ਼ਾਂ ਦੇ ਖ਼ਿਲਾਫ਼ ਭਾਰਤ ਦੀ ਆਜ਼ਾਦੀ ਦੀ ਲੜਾਈ ਸਾਂਝੀ ਵਿਰਾਸਤ ਦਾ ਪ੍ਰਤੀਕ ਸੀ,ਜਿਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਪ੍ਰੀਤੀਲਤਾ ਵਾਡੇਦਾਰ, ਅਸ਼ਫਾਕਉੱਲਾ ਖਾਂ, ਚੰਦਰ ਸ਼ੇਖਰ ਆਜ਼ਾਦ,ਬਿਰਸਾ ਮੁੰਡਾ ਅਤੇ ਉਦਾ ਦੇਵੀ ਪਾਸੀ ਆਦਿ ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਭਗਤੀ, ਆਜ਼ਾਦੀ ਅਤੇ ਸਮਾਜਵਾਦੀ ਸਮਾਜ ਉਸਾਰਨ ਦੇ ਮਹਾਨ ਕਾਰਜ ਲਈ ਲੜਾਈ ਲੜੀ ਅਤੇ ਆਪਣਾ ਜੀਵਨ ਕੁਰਬਾਨ ਕੀਤਾ। 

ਅੱਜ ਨੌਜਵਾਨ ਬੇਰੁਜ਼ਗਾਰ ਕਿਉਂ ਹਨ?

ਦੇਸ਼ ਦੇ ਨੌਜਵਾਨ ਇਹ ਜਾਨਣਾ ਚਾਹੁੰਦੇ ਹਨ, ਕਿ ਉਹਨਾਂ ਦੀ ਤਕਦੀਰ ਵਿੱਚ ਬੇਰੁਜ਼ਗਾਰ ਰਹਿਣਾ ਹੀ ਕਿਉਂ ਲਿਖਿਆ ਹੈ? ਦੇਸ਼ ਵਿੱਚ ਕਰੋੜਾਂ ਨੌਜਵਾਨਾਂ ਦੀਆਂ ਬਾਹਵਾਂ ਦੀ ਤਾਕਤ ਦਾ ਉਪਯੋਗ ਕਰਕੇ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਤੇ ਕਿਉਂ ਨਹੀਂ ਲਿਜਾਇਆ ਜਾ ਸਕਦਾ? ਵੈਸੇ ਤਾਂ 15 ਅਗਸਤ 1947 ਤੋਂ ਬਾਅਦ ਵਿੱਚ ਬੇਈਮਾਨੀ ਅਤੇ ਈਮਾਨਦਾਰੀ ਵਿਚਕਾਰ, ਅਮੀਰੀ ਅਤੇ ਗ਼ਰੀਬੀ ਵਿਚਕਾਰ, ਮਹਿਲਾਂ ਅਤੇ ਕੁਲੀਆਂ ਵਿਚਕਾਰ ਮਿਹਨਤਕਸ਼ਾਂ ਅਤੇ ਲੁਟੇਰਿਆਂ ਵਿਚਕਾਰ ਲਗਾਤਾਰ ਪਾੜੇ ਦੀ ਲਕੀਰ ਵਧਦੀ ਗਈ ਹੈ। ਲੇਕਿਨ ਪਿਛਲੇ ਗਿਆਰਾਂ ਸਾਲਾਂ ਵਿੱਚ ਦੁਨੀਆਂ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਫਾਸ਼ੀਵਾਦੀ ਸੰਗਠਨ ਆਰਐੱਸਐੱਸ ਦੇ ਦਿਸ਼ਾ ਨਿਰਦੇਸ਼ਾਂ ਰਾਹੀਂ ਅਤਿ ਸੱਜੇਪੱਖੀ ਫਾਸ਼ੀਵਾਦੀ ਮੋਦੀ ਸਰਕਾਰ ਵੱਲੋਂ ਪੂੰਜੀਪਤੀਆਂ ਦੇ ਹਿਤ ਵਿੱਚ ਕਾਰਪੋਰੇਟਪ੍ਰੱਸਤ ਲੋਕ ਵਿਰੋਧੀ ਨੀਤੀਆਂ ਲਾਗੂ ਕਰਨ ਨਾਲ ਦੇਸ਼ ਦੀ ਆਮ ਜਨਤਾ ਦੀ ਹਾਲਤ ਹੋਰ ਵੀ ਬਦ ਤੋਂ ਬਦਤਰ ਬਣ ਗਈ ਹੈ। ਆਰਥਿਕ ਸੁਧਾਰਾਂ ਦੇ ਨਾਂ ‘ਤੇ ਵਿਦੇਸ਼ੀ ਵਿਤੀ ਪੂੰਜੀ ਅਤੇ ਬਹੁ ਕੌਮੀ ਕੰਪਨੀਆਂ, ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸ਼ਰੇਆਮ ਬਿਨਾਂ ਕਿਸੇ ਰੋਕ ਟੋਕ ਤੋਂ ਸਾਡੇ ਦੇਸ਼ ਵਿੱਚ ਵਪਾਰਿਕ ਲੁੱਟ ਖਸੁੱਟ ਕਰਨ ਲਈ ਚਾਰੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਮੋਦੀ ਸਰਕਾਰ ਵੱਲੋਂ ਸਭਕਾ ਸਾਥ -ਸਭਕਾ ਵਿਕਾਸ ਦੇ ਨਾਹਰੇ ਦੀ ਆੜ ਹੇਠ ਆਪਣੇ ਪਸੰਦ ਦੇ ਯਾਰ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਅਤੇ ਅਮਰੀਕੀ ਸਾਮਰਾਜਵਾਦ ਦੀ ਨਵੀਂ ਗ਼ੁਲਾਮੀ ਥੋਪਣ ਲਈ ਭੂ-ਮੰਡਲੀਕਰਣ, ਨਿੱਜੀਕਰਣ, ਉਦਾਰੀਕਰਣ ਦੀਆਂ ਨੀਤੀਆਂ ਨੂੰ ਤਾਬੜਤੋੜ ਢੰਗ ਨਾਲ ਲਾਗੂ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਦੇ ਕਾਰਨ ਬੇਰੁਜ਼ਗਾਰੀ ਨੇ ਵਿਰਾਟ ਰੂਪ ਧਾਰਨ ਕਰ ਲਿਆ ਹੈ।

ਦੇਸ਼ ਇੱਕ ਹੋਰ ਨਵੀਂ ਗ਼ੁਲਾਮੀ ਵੱਲ

ਅਮਰੀਕੀ ਸਾਮਰਾਜਵਾਦ ਦੀ ਅਗਵਾਈ ਹੇਠ ਤਮਾਮ ਯੂਰਪੀਅਨ ਸਾਮਰਾਜਵਾਦੀ ਤਾਕਤਾਂ ਵੱਲੋਂ ਲੁੱਟ ਦੇ ਪੁਰਾਣੇ ਅਤੇ ਗ਼ੁਲਾਮੀ ਦੇ ਸਿੱਧੇ ਤਰੀਕੇ ਬਸਤੀਵਾਦ ਦੀ ਥਾਂ ਗ਼ੁਲਾਮੀ ਦੇ ਅਸਿੱਧੇ ਅਤੇ ਨਵੇਂ ਤਰੀਕੇ (ਨਵ- ਬਸਤੀਵਾਦ) ਨੂੰ ਅਪਣਾ ਲਿਆ ਹੈ। ਮੋਦੀ ਸਰਕਾਰ ਵਿਦੇਸ਼ੀ ਸਾਮਰਾਜਵਾਦੀ ਤਾਕਤਾਂ ਆਈ ਐਮ ਐਫ਼, ਵਿਸ਼ਵ ਬੈਂਕ, ਡਬਲਿਊ ਟੀ ਓ, ਤਮਾਮ ਬਹੁ ਕੌਮੀ ਕੰਪਨੀਆਂ ਅਤੇ ਕਾਰਪੋਰੇਟਾਂ ਦੇ ਇਸ਼ਾਰਿਆਂ ‘ਤੇ ਨੱਚ ਰਹੀ ਹੈ। ਇਹਨਾਂ ਦੇ ਹੀ ਨਿਰਦੇਸ਼ਾਂ ਤਹਿਤ ਭਾਰਤ ਦੀ ਮਿਹਨਤਕਸ਼ ਜਨਤਾ ਦੀ ਲੰਬੀ ਲੜਾਈ ਤੋਂ ਬਾਅਦ ਪ੍ਰਾਪਤ ਕੀਤੇ 44 ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਉਹਨਾਂ ਨੂੰ ਸਰਲ ਬਨਾਉਣ ਦੇ ਨਾਂ ਹੇਠ ਚਾਰ ਲੇਬਰ ਕੋਡ ਵਿੱਚ ਬਦਲ ਦਿੱਤਾ ਗਿਆ ਹੈ। ਜਿਨ੍ਹਾਂ ਨੂੰ ਜੂਨ 2025 ਤੋਂ ਪੂਰੇ ਭਾਰਤ ਵਿੱਚ ਲਾਗੂ ਕੀਤਾ ਜਾ ਚੁੱਕਾ ਹੈ। ਦੇਸ਼ ਦੀ ਸਮੁੱਚੀ ਮਿਹਨਤਕਸ਼ ਜਨਤਾ ਦੇ 95 ਫ਼ੀਸਦੀ ਮਜ਼ਦੂਰ ਅਸੰਗਠਿਤ ਖੇਤਰ ਵਿੱਚ ਕੰਮ ਕਰਦੇ ਹਨ, ਜਿੱਥੇ ਕੋਈ ਕਾਇਦਾ ਕਾਨੂੰਨ ਲਾਗੂ ਹੀ ਨਹੀਂ ਹੁੰਦਾ, ਜੋ ਸਭ ਤੋਂ ਵੱਧ ਸ਼ਿਕਾਰ ਹਨ। ਸਰਵਜਨਿਕ ਅਦਾਰਿਆਂ ਨੂੰ ਬੰਦ ਕਰਕੇ ਜਾਂ ਉਹਨਾਂ ਦਾ ਨਿੱਜੀਕਰਨ ਕਰਕੇ ਵੱਡੇ ਪੱਧਰ ‘ਤੇ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ। ਦੇਸ਼ੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਕਿਸਾਨਾਂ ਨੂੰ ਬਰਬਾਦ ਕਰਨ ਲਈ ਕਾਰਪੋਰੇਟਪ੍ਰੱਸਤ ਖੇਤੀ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ। ਦੀਵਾਈਆਂ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਕੀਤਾ ਗਿਆ ਹੈ। ਕਿਰਤ ਕਾਨੂੰਨਾਂ ਨੂੰ ਬਦਲਕੇ ਮਜ਼ਦੂਰਾਂ ਦਾ ਯੂਨੀਅਨ ਬਨਾਉਣ ਦਾ ਅਧਿਕਾਰ ਅਤੇ ਸੰਘਰਸ਼ ਕਰਨ ਦਾ ਅਧਿਕਾਰ ਖੋਹ ਲਿਆ ਹੈ। ਇਨ੍ਹੀ ਵੱਡੀ ਬੇਰੁਜ਼ਗਾਰੀ ਦੇ ਬਾਵਜੂਦ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਖ਼ਾਲੀ ਪਈਆਂ ਸਥਾਈ ਅਸਾਮੀਆਂ ਨੂੰ ਭਰਨ ਲਈ ਤਿਆਰ ਨਹੀਂ ਹਨ। ਲਗਾਤਾਰ ਸਿੱਖਿਆ, ਸਿਹਤ ਸਹੂਲਤਾਂ ਸਮੇਤ ਸਾਰੀਆਂ ਕਲਿਆਣਕਾਰੀ ਯੋਜਨਾਵਾਂ ਉੱਪਰ ਸਰਕਾਰੀ ਖਰਚ ਘਟਾਇਆ ਜਾ ਰਿਹਾ ਹੈ। ਨਵੀਂ ਸਿੱਖਿਆ ਨੀਤੀ (NEP) 2020 ਦੇ ਤਹਿਤ ਸਿੱਖਿਆ ਦਾ ਪੂਰਣ ਵਪਾਰੀਕਰਣ ਅਤੇ ਭਗਵਾਂਕਰਣ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀਆਂ ਦੇ ਕੈਂਪਸ ਵਿੱਚ ਵਿਦਿਆਰਥੀਆਂ ਦੀ ਹਰ ਆਜ਼ਾਦੀ ਅਤੇ ਸਿੱਖਿਆ ਲੈਣ ਦਾ ਮਹੌਲ ਖ਼ਤਮ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀਆਂ ਵਿੱਚ ਭਗਵਾਂ ਗੁੰਡੇ ਅਤੇ ਪੁਲਿਸ ਗੱਠਜੋੜ ਸ਼ਰੇਆਮ ਤਾਂਡਵ ਮਚਾ ਰਹੇ ਹਨ। ਸਭਦੇ ਲਈ ਸਿੱਖਿਆ, ਆਜ਼ਾਦੀ, ਰੁਜ਼ਗਾਰ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਉਮਰ ਖ਼ਾਲਿਦ,ਸ਼ਰਜੀਲ ਇਮਾਮ , ਗੁਲਫ਼ਿਸ਼ਾ ਫਾਤਿਮਾ ਵਰਗੇ ਸੱਚੇ ਸੁੱਚੇ ਵਿਦਿਆਰਥੀ ਆਗੂਆਂ ਨੂੰ ਭਗਵਾਂ ਫਾਸ਼ੀਵਾਦੀ ਵਿਵਸਥਾ ਵੱਲੋਂ ਬਿਨਾਂ ਕੋਈ ਦੋਸ਼ ਤਹਿ ਕਰੇ ਤੋਂ ਛੇ ਸਾਲ ਤੋਂ ਜੇਲ੍ਹਾਂ ਵਿੱਚ ਸੜਨ ਲਈ ਸੁੱਟ ਦਿੱਤਾ ਗਿਆ ਹੈ। ਜਦੋਂ ਕਿ ‘ਮਸ਼ਹੂਰ ਬਲਾਤਕਾਰੀ’ ਅਤੇ ਕਰੂਰ ਅਪਰਾਧੀ ਬਾਬਿਆਂ ਨੂੰ ਬਾਰ ਬਾਰ ਪੈਰੋਲ ‘ਤੇ ਛੱਡ ਦਿੱਤਾ ਜਾਂਦਾ ਹੈ। ‘ਬਿਲਕਿਸ ਬਾਨੋ’ ਕਾਂਡ ਨਾਲ ਸਬੰਧਤ ਭਗਵਾਂ ਹੱਤਿਆਰੇ ਅਤੇ ਬਲਾਤਕਾਰੀਆਂ ਨੂੰ ਬ੍ਰਾਹਮਣੀ ਸੰਸਕਾਰਾਂ ਦਾ ਖ਼ਿਤਾਬ ਦੇ ਕੇ ਅਤੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਕੇ ਸਵਾਗਤ ਦੇ ਨਾਲ ਜੇਲ੍ਹ ਵਿੱਚੋਂ ਰਿਹਾ ਕਰਵਾਇਆ ਜਾਂਦਾ ਹੈ। ਜਨਤਾ ਦੇ ਖ਼ੂਨ ਪਸੀਨੇ ਦੀ ਗਾੜੀ ਕਮਾਈ ਦੇ ਟੈਕਸਾਂ ਨਾਲ ਬਣੇ ਜਨਤਕ ਖੇਤਰ ਦੀਆਂ ਕਾਰਪੋਰੇਸ਼ਨਾਂ ਅਤੇ ਸਰਕਾਰੀ ਸੰਸਥਾਵਾਂ ਨੂੰ ਵਿਦੇਸ਼ੀ ਕੰਪਨੀਆਂ, ਕਾਰਪੋਰੇਟ ਘਰਾਣਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਪੂਰੇ ਦੇਸ਼ ਅੰਦਰ ਸਥਾਈ ਨੌਕਰੀ ਦੇਣ ਦੀ ਥਾਂ ਅਸਥਾਈ ਰੂਪ ‘ਚ ਸਿੱਖਿਆ ਕਰਮੀ, ਗੁਰੂ ਜੀ, ਪ੍ਰੇਰਿਕ,ਅਗਨੀਵੀਰ ਆਦਿ ਨੂੰ ਠੇਕੇ ਤੇ ਭਰਤੀ ਕਰਕੇ ਬੇਰੁਜ਼ਗਾਰ ਨੌਜਵਾਨਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਮੁਢਲੀ ਸਿੱਖਿਆ ਦੀ ਜ਼ਿਮ੍ਹੇਵਾਰੀ ਦਾ ਬੋਝ ਕੇਂਦਰ ਤੇ ਰਾਜ ਸਰਕਾਰਾਂ ਆਪਣੇ ਉੱਪਰ ਲੈਣ ਦੀ ਬਜਾਏ ਆਮ ਜਨਤਾ ਦੇ ਮੋਢਿਆਂ ਤੇ ਲੱਦ ਰਹੀਆਂ ਹਨ। ਮੋਦੀ ਸਰਕਾਰ ਡੋਨਾਲਡ ਟ੍ਰੰਪ ਦੀਆਂ ਟੈਰਿਫ਼ ਨੀਤੀਆਂ ਦੇ ਕਾਰਨ ਅਮਰੀਕੀ ਸਾਮਰਾਜਵਾਦ ਦੇ ਤਲੇ ਚੱਟ ਰਹੀ ਹੈ, ਜਦੋਂ ਕਿ ਦੇਸ਼ ਦਾ ਕਿਸਾਨ, ਮਜ਼ਦੂਰ ਅਤੇ ਸਮੁੱਚੀ ਮਿਹਨਤਕਸ਼ ਜਨਤਾ ਤਬਾਹ ਹੋ ਰਹੀ ਹੈ। ਇਸਦੇ ਕਾਰਨ ਹੀ ਅੱਜ ਸਾਡਾ ਦੇਸ਼ ਵਿਸ਼ਵ ਗ਼ਰੀਬੀ ਅਤੇ ਭਿਆਨਕ ਬੇਰੁਜ਼ਗਾਰੀ ਦਾ ਵੱਡਾ ਗੜ੍ਹ ਬਣ ਗਿਆ ਹੈ।
ਅਸਲ ਵਿੱਚ ਬਰਤਾਨਵੀ ਸਾਮਰਾਜਵਾਦ ਦੇ ਦਲਾਲ ਅਤੇ ਆਰਐੱਸਐੱਸ ਦੇ ਬਾਨੀ ਸਾਵਰਕਰ,ਹੈਡਗੇਵਾਰ, ਡਾਕਟਰ ਮੂੰਜੇ ਅਤੇ ਗੋਲਵਾਲਕਰ ਦੇ ਚੇਲੇ,ਜੋ ਅੱਜ ਦੁਨੀਆਂ ਦੀ ਜਨਤਾ ਦੇ ਦੁਸ਼ਮਣ ਨੰਬਰ ਇੱਕ ਅਮਰੀਕੀ ਸਾਮਰਾਜਵਾਦ ਅਤੇ ਅੱਤਵਾਦੀ ਜਿਓਨਵਾਦੀ ਯੁੱਧ ਅਪਰਾਧੀ ਇਜ਼ਰਾਈਲ ਦੇ ਪਿੱਛਲੱਗੂ ਬਣ ਗਏ ਹਨ , ਜੋ ਸੰਵਿਧਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਦੇਸ਼ ਦੀ ਰਾਜਸੱਤਾ ‘ਤੇ ਕਾਬਿਜ਼ ਹੋ ਗਏ ਹਨ। ਉਹ ਆਪਣੇ ਆਰਐੱਸਐੱਸ ਦੇ ਵੱਡ- ਵਡੇਰਿਆਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਨ। ਅਸਲ ਵਿੱਚ ਉਹ ਭਾਰਤ ਦੇ ਸ਼ਹੀਦਾਂ ਦੇ ਸੁਪਨਿਆਂ ਵਾਲਾ ਭਾਰਤ ਨਹੀਂ, ਬਲਕਿ ਦੇਸ਼ ਦੇ ਗਦਾਰਾਂ, ਦੇਸ਼ ਧ੍ਰੋਹੀਆਂ ਜਾਂ ਅਡਾਨੀ -ਅੰਬਾਨੀ ਵਰਗੇ ਮਹਾਂਭਰਿਸਟ ਕਾਰਪੋਰੇਟ ਘਰਾਣਿਆਂ, ਵੱਡੇ ਧਨਸੇਠਾਂ ਦੀ ਬੇਲਗਾਮ ਲੁੱਟ ਕਰਨ ਦੇ ਲਈ ਅਤੇ ਮਨੂੰਸਮ੍ਰਿਤੀ ਦੇ ਅਧਾਰਤ ” ਹਿੰਦੂ ਰਾਸ਼ਟਰ” ਬਨਾਉਣ ਦੀ ਪਾਗ਼ਲਪਨ ਦੌੜ ਵਿੱਚ ਮਸ਼ਰੂਫ ਹਨ।
ਸ਼ਹੀਦ -ਏ-ਆਜ਼ਮ ਭਗਤ ਸਿੰਘ ਨੇ ਜੇਲ੍ਹ ਵਿੱਚੋਂ “ਨੌਜਵਾਨਾਂ ਦੇ ਨਾਂਅ” ਲਿਖੇ ਪੱਤਰ ਵਿੱਚ ਸਪੱਸ਼ਟ ਕਿਹਾ ਸੀ ਕਿ ” ਕ੍ਰਾਂਤੀ ਤੋਂ ਭਾਵ ਸਾਡਾ ਉਦੇਸ਼ ਸਪੱਸ਼ਟ ਹੈ, ਜਨਤਾ ਦੇ ਲਈ ਜਨਤਾ ਦੀ ਰਾਜਨੀਤਕ ਸ਼ਕਤੀ ਹਾਸਲ ਕਰਨਾ। ਅਸੀਂ ਭਾਰਤ ਵਿੱਚ ਮਜ਼ਦੂਰ ਜਮਾਤ ਦੀ ਰਾਜਸੱਤਾ ਤੋਂ ਘੱਟ ਕੁੱਝ ਵੀ ਨਹੀਂ ਚਾਹੁੰਦੇ… ਅਸੀਂ ਗੋਰੀ ਬੁਰਾਈ ਦੀ ਜਗ੍ਹਾ ਕਾਲੀ ਬੁਰਾਈ ਨੂੰ ਲੈਕੇ ਕਸਟ ਨਹੀਂ ਝੱਲਣਾ ਚਹੁੰਦੇ। ਸ਼ਹੀਦ ਭਗਤ ਸਿੰਘ ਨੇ ਸਪੱਸ਼ਟ ਭਾਸ਼ਾ ਵਿੱਚ ਦੱਸ ਦਿੱਤਾ ਸੀ, ਕਿ ਇਨਕਲਾਬ ਦਾ ਮਤਲਬ ਇਹ ਹੈ, ਕਿ ਅਨਿਆਂ ਦੇ ਅਧਾਰਿਤ ਵਰਤਮਾਨ ਵਿਵਸਥਾ ਵਿੱਚ ਬੁਨਿਆਦੀ ਤਬਦੀਲੀ ਕਰਨਾ।” ਇਸ ਲਈ ਅੱਜ ਵਕਤ ਦੀ ਪੁਕਾਰ ਹੈ ਕਿ ਵਿਦਿਆਰਥੀ, ਨੌਜਵਾਨ, ਮਜ਼ਦੂਰ, ਕਿਸਾਨ, ਔਰਤਾਂ, ਮੁਲਾਜ਼ਮ ਅਤੇ ਦੱਬੇ ਕੁੱਚਲੇ ਮਿਹਨਤਕਸ਼ ਲੋਕ ਸ਼ਹੀਦ -ਏ-ਆਜ਼ਮ ਭਗਤ ਸਿੰਘ ਦੇ ਰਾਹ ਤੇ ਚੱਲਣ। ਇਹੀ ਉਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

Leave a Reply

Your email address will not be published. Required fields are marked *