ਅਕਤੂਬਰ ਇਨਕਲਾਬ ਦੀ 109ਵੀਂ  ਵਰੇਗੰਢ ਨੂੰ ਯਾਦ ਕਰਦਿਆਂ, ਭਾਰਤੀ ਕਮਿਊਨਿਸਟ ਲਹਿਰ ਸਾਹਮਣੇ ਦਰਪੇਸ਼ ਚਣੌਤੀਆਂ- ਲਾਭ ਸਿੰਘ ਅਕਲੀਆ

ਮਾਲਵਾ

ਬਰਨਾਲਾ, ਗੁਰਦਾਸਪੁਰ, 7 ਨਵੰਬਰ (ਸਰਬਜੀਤ ਸਿੰਘ)– 1917 ਦਾ ਮਹਾਨ ਅਕਤੂਬਰ ਇਨਕਲਾਬ ਅਤੇ ਲੈਨਿਨ ਦੀ ਅਗਵਾਈ ਹੇਠ “ਸੋਵੀਅਤ ਸਮਾਜਵਾਦੀ ਗਣਰਾਜ”  ਦੀ ਸਥਾਪਨਾ ਅੰਤਰਰਾਸ਼ਟਰੀ ਕਮਿਊਨਿਸਟ ਲਹਿਰ (ICM) ਦੇ ਇਤਿਹਾਸ ਦੀਆਂ ਸਭ ਤੋਂ ਮਹੱਤਵਪੂਰਨ ਯੁੱਧਨੀਤਕ ਪ੍ਰਾਪਤੀਆਂ ਵਿੱਚੋਂ ਇੱਕ ਹੈ। ਅਕਤੂਬਰ ਇਨਕਲਾਬ ਤੋਂ ਬਾਅਦ, 1919 ਵਿੱਚ ਸਥਾਪਿਤ ਕਮਿਊਨਿਸਟ ਇੰਟਰਨੈਸ਼ਨਲ (ਕੋਮਿਨਟਰਨ) ਦੀ ਪਹਿਲ ਕਦਮੀ ਅਤੇ 1920 ਵਿੱਚ ਕੋਮਿਨਟਰਨ ਦੀ ਦੂਜੀ ਕਾਂਗਰਸ ਵੱਲੋਂ ਅਪਣਾਏ ਗਏ “ਦੁਨੀਆਂ  ਦੇ ਮਜ਼ਦੂਰੋ ਅਤੇ ਦੱਬੇ-ਕੁਚਲੇ ਲੋਕੋ, ਇੱਕ ਹੋਵੋ!” ਦੇ ਜੋਸ਼ੀਲੇ ਸੱਦੇ ਦੇ ਆਧਾਰ ‘ਤੇ ਦੁਨੀਆਂ ਭਰ ਦੇ ਮਜ਼ਦੂਰਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਜਥੇਬੰਦ ਕਰਦਿਆਂ ਕਮਿਊਨਿਸਟ ਪਾਰਟੀਆਂ ਦੀ ਸਥਾਪਨਾ ਦੇ ਯਤਨ ਕੀਤੇ ਗਏ। ਸਾਮਰਾਜਵਾਦੀ ਦੇਸ਼ਾਂ ਵਿੱਚ “ਸਮਾਜਵਾਦੀ ਇਨਕਲਾਬ” ਅਤੇ ਨਿਰਭਰ ਜਾਂ ਬਸਤੀਵਾਦੀ ਅਤੇ ਅਰਧ-ਬਸਤੀਵਾਦੀ ਦੇਸ਼ਾਂ ਵਿੱਚ “ਲੋਕ  ਜਮਹੂਰੀ ਇਨਕਲਾਬ” ਵਿਸ਼ਵ ਪੱਧਰ ‘ਤੇ ਇਨਕਲਾਬ ਦੀਆਂ ਦੋ ਪ੍ਰਮੁੱਖ ਧਾਰਾਵਾਂ ਵਜੋਂ ਵਿਕਸਿਤ ਹੋਏ। ਇਸੇ ਪ੍ਰਕਿਰਿਆ ਦੌਰਾਨ ਵਿਸ਼ਵ ਪੱਧਰ ‘ਤੇ 1949 ਵਿੱਚ ਚੀਨੀ ਇਨਕਲਾਬ ਸਮੇਤ ਕਈ ਮਹੱਤਵਪੂਰਨ ਇਨਕਲਾਬੀ ਪ੍ਰਾਪਤੀਆਂ ਹਾਸਲ ਹੋਈਆਂ।

 ਅੱਜ ਨਵ -ਉਦਾਰਵਾਦੀ, ਨਵ-ਫਾਸ਼ੀਵਾਦੀ ਵਿਸ਼ਵਵਿਆਪੀ ਸਥਿਤੀ ਵਿੱਚ, ਜਿੱਥੇ ਸਾਮਰਾਜਵਾਦ/ਵਿਸ਼ਵਵਿਆਪੀ ਕਾਰਪੋਰੇਟ ਪੂੰਜੀ   ਫ਼ਲਸਤੀਨ, ਈਰਾਨ ਆਦਿ ਵਿੱਚ  ਜੰਗਾਂ ਦੌਰਾਨ ਕੀਤੇ ਜਾ ਰਹੇ ਕਤਲੇਆਮਾਂ ਰਾਹੀਂ ਦੁਨੀਆਂ ਦੀ ਜਨਤਾ ਉੱਤੇ ਹੁਣ ਤੱਕ ਦੇ ਸਭ ਤੋਂ ਭਿਆਨਕ ਹਮਲੇ ਕਰ ਰਹੀ ਹੈ। ਉੱਥੇ ਹੀ ਕਮਿਊਨਿਸਟ ਲਹਿਰ ਅਨੇਕਾਂ ਵਿਚਾਰਧਾਰਕ-ਸਿਆਸੀ ਕਮਜ਼ੋਰੀਆਂ ਅਤੇ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਇਸ ਦੇ ਨਤੀਜ਼ੇ ਵਜੋਂ, ਦੁਨੀਆਂ ਦੇ ਕਈ ਹਿੱਸਿਆਂ ਵਿੱਚ ਮਿਹਨਤਕਸ਼ ਜਨਤਾ, ਨੌਜਵਾਨ ਅਤੇ ਦੱਬੇ-ਕੁਚਲੇ ਲੋਕ ਸਾਮਰਾਜਵਾਦ ਅਤੇ ਉਸ ਦੇ ਪਿੱਠੂਆਂ ਵਿਰੁੱਧ ਉੱਠ ਖੜ੍ਹੇ ਹੋ ਰਹੇ ਹਨ। ਜਦੋਂ ਕਿ ਵਿਸ਼ਵ ਪੱਧਰ ‘ਤੇ ਹੀ ਇਨਕਲਾਬੀ ਕਮਿਊਨਿਸਟਾਂ ਵੱਲੋਂ ਉਨ੍ਹਾਂ ਦੀ ਸਹੀ ਅਗਵਾਈ ਕਰਨ ਲਈ ਲੋੜੀਂਦੀ ਸਿਆਸੀ ਅਤੇ ਜਥੇਬੰਦਕ ਪਹਿਲਕਦਮੀ ਦੀ ਘਾਟ ਹੈ। ਇਸ ਸਥਿਤੀ ਦਾ ਫਾਇਦਾ ਉਠਾ ਕੇ ਸੁਧਾਰਵਾਦੀ ਪਾਰਟੀਆਂ ਅਤੇ ਨਵਉਦਾਰਵਾਦੀ ਕਾਰਪੋਰੇਟ ਪੂੰਜੀ ਦੇ ਹਮਾਇਤੀ ਵੱਖ ਵੱਖ ਦੇਸ਼ਾਂ ਵਿੱਚ ਸੱਤਾ ਵਿੱਚ ਪਹੁੰਚ ਰਹੇ ਹਨ। ਜਿਨ੍ਹਾਂ ਕੋਲ ਨਵ-ਉਦਾਰਵਾਦੀ ਕਾਰਪੋਰੇਟ ਤਾਨਾਸ਼ਾਹੀ ਅਤੇ ਦਬਦਬੇ ਤੋਂ ਇਲਾਵਾ ਕੋਈ ਬਦਲਵਾਂ ਸਿਆਸੀ ਨਜ਼ਰੀਆ ਨਹੀਂ ਹੈ।

ਇਸ ਸੰਦਰਭ ਵਿੱਚ ਭਾਰਤ, ਜੋ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਅਤੇ ਸਭ ਤੋਂ ਵੱਧ ਦੱਬੇ-ਕੁਚਲੇ ਤੇ ਅਤਿ-ਸ਼ੋਸ਼ਿਤ ਦੇਸ਼ਾਂ ਵਿੱਚੋਂ ਇੱਕ ਹੈ, ਅੱਜ ਆਰਐੱਸਐੱਸ ਦੀ ਅਗਵਾਈ ਵਾਲੇ ਫਾਸ਼ੀਵਾਦ ਦੀ ਗ੍ਰਿਫ਼ਤ ਵਿੱਚ ਹੈ। ਆਰਐੱਸਐੱਸ ਦੁਨੀਆਂ ਦਾ ਸਭ ਤੋਂ ਵੱਡਾ ਅਤੇ  ਲੰਮੇ ਸਮੇਂ ਤੋਂ ਸਰਗਰਮ ਫਾਸ਼ੀਵਾਦੀ ਸੰਗਠਨ ਹੈ। ਇਸ ਫਾਸ਼ੀਵਾਦੀ ਪ੍ਰੋਜੈਕਟ ਤਹਿਤ, ਜਿੱਥੇ ਦੇਸ਼ ਦੀ ਬਹੁਗਿਣਤੀ ਜਨਤਾ ਅੱਜ ਵੀ ਗ਼ਰੀਬੀ ਵਿੱਚ ਜੀਵਨ ਨਿਰਬਾਹ ਕਰ ਰਹੀ ਹੈ, ਉੱਥੇ ਭਾਰਤ ਦੁਨੀਆਂ ਵਿੱਚ ‘ਅਤਿ ਗਰੀਬ’ ਲੋਕਾਂ ਦੀ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਵੀ ਹੈ।

     ਆਰਐੱਸਐੱਸ ਦੇ ਬਹੁ-ਗਿਣਤੀਵਾਦੀ ‘ਹਿੰਦੂ -ਰਾਸ਼ਟਰ’ ਦੇ ਏਜੰਡੇ ਤਹਿਤ ਧਾਰਮਿਕ ਘੱਟਗਿਣਤੀਆਂ, ਖ਼ਾਸ ਕਰਕੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਨ੍ਹਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਉੱਤੇ ਯੋਜਨਾਬੱਧ ਢੰਗ ਨਾਲ ਹਮਲੇ ਕੀਤੇ ਜਾ ਰਹੇ ਹਨ। ਪੂਰਾ ਦੇਸ਼, ਭਗਵੇਂ ਗ੍ਰੋਹ ਵੱਲੋਂ  ਮੁਸਲਮਾਨਾਂ ਦੀ ਮੌਬਲਿੰਚਿੰਗ ਅਤੇ ਬੁਲਡੋਜ਼ਰ ਰਾਜ ਦੇ ਕਾਰਣ ਤਰ੍ਹਾ ਤਰ੍ਹਾ ਕਰ ਰਿਹਾ ਹੈ। ਭਾਜਪਾ -ਆਰਐੱਸਐੱਸ ਵੱਲੋਂ ਜਾਰੀ ਐੱਸਆਈਆਰ (SIR) ਅਤੇ ਹੋਰ ਸਾਧਨਾਂ ਰਾਹੀਂ ਕਰੋੜਾਂ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਅਤੇ ਇੱਥੋਂ ਤੱਕ ਕਿ ਉਹਨਾਂ ਨੂੰ ਨਾਗਰਿਕਤਾ ਦੇ ਅਧਿਕਾਰ ਤੋਂ ਵੀ ਵਾਂਝਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸੰਵਿਧਾਨ ਦੀ ਬਜਾਏ ਹੁਣ ਅਦਾਲਤਾਂ ਵੀ ਮਨੂੰਸਮ੍ਰਿਤੀ ਦੀ ਪਾਲਣਾ ਕਰਨ ਲੱਗ ਪਈਆਂ ਹਨ, ਜੋ ਆਰਐੱਸਐੱਸ ਦੀ ਵਿਚਾਰਧਾਰਕ ਮਾਰਗਦਰਸ਼ਕ ਹੈ।  ਜਿਹੜੀ  ਦਲਿਤਾਂ ਤੇ ਔਰਤਾਂ ਨੂੰ ਅਣਮਨੁੱਖੀ ਦਰਜੇ ਵਿੱਚ ਰੱਖਦੀ ਹੈ। ਸੰਵਿਧਾਨ ਵਿੱਚ ਦਰਜ ਘੱਟੋ-ਘੱਟ ਜਮਹੂਰੀ ਅਧਿਕਾਰ ਖੋਹੇ ਜਾ ਰਹੇ ਹਨ। ਇੱਥੋਂ ਤੱਕ ਕਿ ਸੰਵਿਧਾਨ ਦੀ ਮੂਲ ਬਣਤਰ ਅਤੇ ਇਸ ਦੇ ਸਰੂਪ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ। ਸਾਰੀਆਂ ਸੰਵਿਧਾਨਕ, ਨਿਆਂਇਕ, ਕਾਨੂੰਨੀ ਅਤੇ ਪ੍ਰਸ਼ਾਸਨਿਕ ਸੰਸਥਾਵਾਂ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਇਸ ਦੀ ਇੱਕ ਖ਼ਾਸ ਉਦਾਹਰਨ ਭਾਰਤ ਦਾ ‘ਚੋਣ ਕਮਿਸ਼ਨ’ ਹੈ, ਜੋ ਫਾਸ਼ੀਵਾਦੀ ਸ਼ਾਸਨ ਅਧੀਨ ਬਹੁ ਗਿਣਤੀਵਾਦੀ ਏਜੰਡੇ ਦੇ ਇੱਕ ਸੰਦ ਵਜੋਂ  ਕੰਮ ਕਰ ਰਿਹਾ ਹੈ।

ਇਸ ਤਰ੍ਹਾਂ, ਅੱਜ ਜਦੋਂ ਅਸੀਂ ਅਕਤੂਬਰ ਇਨਕਲਾਬ ਨੂੰ ਯਾਦ ਕਰ ਰਹੇ ਹਾਂ, ਤਾਂ ਭਾਰਤ ਸਮੇਤ ਪੂਰੀ ਦੁਨੀਆਂ ਇੱਕ ਅਜਿਹੇ ਨਿਰਣਾਇਕ ਮੋੜ ‘ਤੇ ਖੜ੍ਹੀ ਹੈ, ਜਿੱਥੇ ਵਿਸ਼ਵੀਕ੍ਰਿਤ ਕਾਰਪੋਰੇਟ-ਵਿੱਤੀ ਪੂੰਜੀ ਦੀ ਸਰਪ੍ਰਸਤੀ ਅਤੇ ਹਮਾਇਤ ਨਾਲ ਦੱਖਣਪੰਥੀ ਨਵ-ਫਾਸ਼ੀਵਾਦ ਸਮਾਜਿਕ ਜੀਵਨ ਦੇ ਹਰ ਪੱਖ ਉੱਤੇ ਆਪਣੀ ਪਕੜ ਮਜ਼ਬੂਤ ਕਰਦਾ ਜਾ ਰਿਹਾ ਹੈ।

ਕਮਿਊਨਿਸਟ ਆਪਣੀ ਇਤਿਹਾਸਕ ਭੂਮਿਕਾ ਉਦੋਂ ਹੀ ਨਿਭਾ ਸਕਦੇ ਹਨ, ਜਦੋਂ ਉਹ 21ਵੀਂ ਸਦੀ ਦੇ ਸਾਮਰਾਜਵਾਦ ਅਤੇ ਫਾਸ਼ੀਵਾਦ ਦਾ ਵਿਸ਼ਵ ਪੱਧਰ ਦੇ ਨਾਲ-ਨਾਲ ਭਾਰਤੀ ਸੰਦਰਭ ਵਿੱਚ ਵੀ ਠੋਸ ਮੁਲਾਂਕਣ ਕਰਨ ਦੇ ਸਮਰੱਥ ਹੋਣ। ਇਸ ਲਈ ਅਕਤੂਬਰ ਇਨਕਲਾਬ ਨੂੰ ਯਾਦ ਕਰਦਿਆਂ ਕਮਿਊਨਿਸਟਾਂ ਦਾ ਪ੍ਰਮੁੱਖ ਕਾਰਜ ਹੈ, ਕਿ ਉਹ ਡੁੰਘਾਈ ਨਾਲ ਨਵ-ਉਦਾਰਵਾਦੀ ਸਾਮਰਾਜਵਾਦ ਅਤੇ ਫਾਸ਼ੀਵਾਦ ਬਾਰੇ ਵਿਚਾਰਧਾਰਕ ਸਪੱਸ਼ਟਤਾ ਹਾਸਲ ਕਰਨ ਅਤੇ ਉਸਦੇ ਅਨੁਸਾਰ ਆਪਣੀ ਸਿਆਸੀ ਕਾਰਜਦਿਸ਼ਾ ਅਤੇ ਅਮਲ ਵਿਕਸਿਤ ਕਰਨ।

ਬਿਨਾਂ ਸ਼ੱਕ, ਲੈਨਿਨ ਦੇ ਸਮੇਂ ਦੇ ਮੁਕਾਬਲੇ 21ਵੀਂ ਸਦੀ ਵਿੱਚ ਸਾਮਰਾਜਵਾਦ ਅਤੇ ਵਿੱਤੀ ਪੂੰਜੀ ਵਿੱਚ ਕਈ ਗੁਣਾਤਮਕ ਤਬਦੀਲੀਆਂ ਹੋਈਆਂ ਹਨ। ਇਹੀ ਸਥਿਤੀ ਦੋ ਵਿਸ਼ਵ ਜੰਗਾਂ ਦੇ ਵਿਚਕਾਰਲੇ ਦੌਰ ਦੇ ‘ਕਲਾਸੀਕਲ ਫਾਸ਼ੀਵਾਦ’ ਅਤੇ 21ਵੀਂ ਸਦੀ ਦੇ ‘ਫਾਸ਼ੀਵਾਦ ਜਾਂ ਨਵ-ਫਾਸ਼ੀਵਾਦ’ ਵਿਚਕਾਰ ਵੀ ਹੈ। ਇਸ ਲਈ ਕਿਸੇ ਮਸ਼ੀਨੀ, ਰੂੜ੍ਹੀਵਾਦੀ ਜਾਂ ਨਕਲ  (ਕਾਪੀ-ਪੇਸਟ) ਕਰਨ ਦੇ  ਨਜ਼ਰੀਏ ਨੂੰ ਅਪਣਾਉਣ ਦੀ ਬਜਾਏ ਨਵ-ਉਦਾਰਵਾਦੀ ਸਾਮਰਾਜਵਾਦ ਅਤੇ ਨਵ-ਫਾਸ਼ੀਵਾਦ, ਦੋਵਾਂ ਨੂੰ ਬੇਹੱਦ ਗੁੰਝਲਦਾਰ ਵਰਤਾਰਿਆਂ ਵਜੋਂ ਸਮਝਣਾ ਜ਼ਰੂਰੀ ਹੈ। ਇਨ੍ਹਾਂ ਦੇ ਵਿਸ਼ਲੇਸ਼ਣ ਲਈ ਠੋਸ ਹਾਲਤਾਂ ਦੇ ਅਨੁਸਾਰ ਠੋਸ ਵਿਸ਼ਲੇਸ਼ਣ ਦੀ ਲੋੜ ਹੈ। ਇਹੀ ਉਹ ਵਿਧੀ ਸੀ, ਜਿਸ ਦੀ ਪਾਲਣਾ ਕਰਦਿਆਂ ਕਾਮਰੇਡ ਲੈਨਿਨ ਅਤੇ ਕਾਮਰੇਡ ਸਟਾਲਿਨ ਨੇ ਅਕਤੂਬਰ ਇਨਕਲਾਬ ਨੂੰ ਸਫ਼ਲ ਬਣਾਇਆ ਸੀ। ਅੱਜ ਮਹਾਨ ਅਕਤੂਬਰ ਇਨਕਲਾਬ ਨੂੰ ਯਾਦ ਕਰਦਿਆਂ ਕਮਿਊਨਿਸਟਾਂ ਦੇ ਸਾਹਮਣੇ ਇਹੀ ਸਭ ਤੋਂ ਮਹੱਤਵਪੂਰਨ ਕਾਰਜ  ਹੈ।

Leave a Reply

Your email address will not be published. Required fields are marked *