ਮਾਨਸਾ, ਗੁਰਦਾਸਪੁਰ, 11 ਅਕਤੂਬਰ (ਸਰਬਜੀਤ ਸਿੰਘ)– ਸੀਪੀਆਈ ਐਮ ਐਲ ਲਿਬਰੇਸ਼ਨ ਦੀ ਪੰਜਾਬ ਸੂਬਾ ਕਮੇਟੀ ਦਾ ਕਹਿਣਾ ਹੈ ਕਿ ਵੋਟ ਚੋਰੀ ਖਿਲਾਫ ਸ਼ਾਂਤੀਪੂਰਨ ਅੰਦੋਲਨ ਨੂੰ ਰੋਕਣ ਲਈ 250 ਟ੍ਰੇਨਾਂ ਅਤੇ ਦਿੱਲੀ ਮੈਟਰੋ ਦੇ ਕਈ ਦਰਜਨ ਸਟੇਸ਼ਨ ਬੰਦ ਕਰਨ ਅਤੇ ਵੋਟ ਚੋਰੀ ਖਿਲਾਫ ਰੋਸ ਪ੍ਰਦਰਸ਼ਨ ਕਰਨ ਲਈ ਦਿੱਲੀ ਜੰਤਰ ਮੰਤਰ ਉਤੇ ਪਹੁੰਚ ਰਹੇ ਹਜ਼ਾਰਾਂ ਅੰਦੋਲਨਕਾਰੀਆਂ ਨੂੰ ਗ੍ਰਿਫਤਾਰ ਕਰਨ ਰਾਹੀਂ ਮੌਦੀ ਸਰਕਾਰ ਵਲੋਂ ਦੇਸ਼ ਉਤੇ ਨੰਗੀ ਚਿੱਟੀ ਤਾਨਾਸ਼ਾਹੀ ਥੋਪਣ ਦੇ ਤੁੱਲ ਹੈ।
ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਚੱਲ ਰਹੀ ਪਾਰਟੀ ਦੇ ਸੂਬਾ ਕਮੇਟੀ ਵਲੋਂ ਜਾਰੀ ਕੀਤੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ, ਆਇਸਾ ਦੀ ਕੌਮੀ ਪ੍ਰਧਾਨ ਕਾਮਰੇਡ ਨੇਹਾ ਬੋਰਾ, ਇਨਕਲਾਬੀ ਨੌਜਵਾਨ ਸਭਾ, ਆਇਸਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਵਰਕਰਾਂ ਸਮੇਤ ਹਜ਼ਾਰਾਂ ਜਨਤਕ ਅਤੇ ਸਿਆਸੀ ਆਗੂਆਂ ਨੂੰ ਗ੍ਰਿਫਤਾਰ ਕਰ ਕੇ ਆਰਜ਼ੀ ਜੇਲ੍ਹਾਂ ਵਿੱਚ ਬੰਦ ਕਰਕੇ ਜੇ ਮੋਦੀ ਤੇ ਸ਼ਾਹ ਜੁੰਡਲੀ ਸਮਝਦੀ ਹੈ ਕਿ ਉਨ੍ਹਾਂ ਅਪਣੇ ਕੱਠਪੁਤਲੀ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼
ਸੰਘਰਸ਼ ਨੂੰ ਦਬਾਅ ਦਿੱਤਾ ਹੈ ਤਾਂ ਉਹ ਭਾਰੀ ਗ਼ਲਤਫਹਿਮੀ ਵਿੱਚ ਹਨ। ਦੇਸ਼ ਦੇ ਕਰੋੜਾਂ ਲੋਕ ਅਪਣੀ ਵੋਟ ਦੇ ਹੱਕ ਦੀ ਰਾਖੀ ਲਈ ਇਸ ਅੰਦੋਲਨ ਨਾਲ ਜੁੜੇ ਹੋਏ ਹਨ। ਨਤੀਜਾ ਇਸ ਸੰਘਰਸ਼ ਨੂੰ ਖਤਮ ਕਰਨਾ ਸੰਭਵ ਹੀ ਨਹੀਂ ਹੈ। ਹਜ਼ਾਰਾਂ ਪਾਰਟੀ ਕਾਰਕੁਨ ਇੰਡੀਆ ਗਠਜੋੜ ਦੇ ਸੱਦੇ ‘ਤੇ ਕਦੋਂ ਵੀ ਮੁੜ ਮੈਦਾਨ ਵਿੱਚ ਨਿੱਤਰਣ ਲਈ ਤਿਆਰ ਹਨ। ਮੀਟਿੰਗ ਵਿੱਚ ਕੇਂਦਰੀ ਕਮੇਟੀ ਵਲੋਂ ਪੰਜਾਬ ਦੇ ਇੰਚਾਰਜ ਕਾਮਰੇਡ ਪ੍ਰਸ਼ੋਤਮ ਸ਼ਰਮਾ, ਕੇਂਦਰੀ ਕਮੇਟੀ ਮੈਂਬਰ ਰਾਜਵਿੰਦਰ ਰਾਣਾ, ਨਛੱਤਰ ਸਿੰਘ ਖੀਵਾ, ਸੁਖਦਰਸ਼ਨ ਨੱਤ, ਗੁਲਜ਼ਾਰ ਸਿੰਘ ਬਟਾਲਾ, ਗੋਬਿੰਦ ਸਿੰਘ ਛਾਜਲੀ, ਜਸਬੀਰ ਕੌਰ ਨੱਤ, ਬਲਵਿੰਦਰ ਕੌਰ ਖਾਰਾ, ਸੁਰਿੰਦਰ ਪਾਲ ਸ਼ਰਮਾ, ਗੁਰਮੀਤ ਸਿੰਘ ਨੰਦਗੜ੍ਹ ਅਤੇ ਹਰਮਨਦੀਪ ਹਿੰਮਤਪੁਰਾ ਸ਼ਾਮਲ ਸਨ।

