ਕਲਾਨੌਰ ਮੁੱਖ ਮੰਤਰੀ ਨੂੰ ਸਵਾਲਾਂ ਦੇ ਜਵਾਬ ਮੰਗਣ ਆਏ ਕਿਸਾਨਾਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਗੁਰਦਾਸਪੁਰ

ਗੁਰਦਾਸਪੁਰ, 12 ਮਈ (ਸਰਬਜੀਤ ਸਿੰਘ)– ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅੱਜ ਕਸਬਾ ਕਲਾਨੌਰ ਵਿੱਚ ਰੈਲੀ ਰੱਖੀ ਗਈ ਸੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹੁੰਚਣਾ ਸੀ ਜਿਨਾਂ ਨੂੰ ਸਵਾਲ ਪੁੱਛਣ ਲਈ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਨੇ ਪ੍ਰੋਗਰਾਮ ਰੱਖਿਆ ਸੀ। ਰੈਲੀ ਵਾਲੀ ਜਗ੍ਹਾ ਤੇ ਪਹੁੰਚਣ ਦੀ ਵਿਉਂਤਬੰਦੀ ਕਰਨ ਲਈ ਕਿਸਾਨ ਆਗੂ ਗੁਰਦੁਆਰਾ ਯਾਦਗਾਰ ਏ ਸ਼ਹੀਦਾਂ ਪਿੰਡ ਅਗਵਾਨ ਵਿਖੇ ਵਿਚਾਰ ਚਰਚਾ ਕਰ ਰਹੇ ਸਨ, ਜਦੋਂ ਪੁਲਸ ਪ੍ਰਸ਼ਾਸਨ ਨੂੰ ਭਿਣਕ ਲੱਗੀ ਤਾਂ ਉਹਨਾਂ ਨੇ ਭਾਰੀ ਪੁਲਿਸ ਬਲ ਦੇ ਨਾਲ ਕਿਸਾਨ ਆਗੂਆਂ ਨੂੰ ਨਜ਼ਰਬੰਦ ਕਰ ਲਿਆ।
ਪਰ ਜਦੋਂ ਮੁੱਖ ਮੰਤਰੀ ਦੇ ਪਹੁੰਚਣ ਦਾ ਟਾਈਮ ਹੋਇਆ ਤਾਂ ਕਿਸਾਨ ਆਗੂਆਂ ਨੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੀ ਅਗਵਾਈ ਵਿੱਚ ਪੁਲਿਸ ਦਾ ਘੇਰਾ ਤੋੜ ਕੇ ਰੈਲੀ ਵਾਲੀ ਜਗ੍ਹਾ ਵੱਲ ਨੂੰ ਜਾਣ ਦਾ ਯਤਨ ਕੀਤਾ ਤਾਂ ਪੁਲਸ ਨੇ ਭਾਰੀ ਬਲ ਪ੍ਰਯੋਗ ਕਰਦਿਆਂ ਹੋਇਆਂ ਸਾਰੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ। ਉਪਰੰਤ ਜਦੋਂ ਮੁੱਖ ਮੰਤਰੀ ਦੇ ਰੈਲੀ ਵਾਲੀ ਜਗ੍ਹਾ ਨਾ ਪਹੁੰਚਣ ਦਾ ਪਤਾ ਲੱਗਾ ਤਾਂ ਕਿਸਾਨਾਂ ਨੂੰ ਛੱਡ ਦਿੱਤਾ ਗਿਆ। ਇਸ ਮੌਕੇ ਸੁਖਦੇਵ ਸਿੰਘ ਭੋਜਰਾਜ ਤੇ ਕਵਲਜੀਤ ਸਿੰਘ ਖੁਸ਼ਹਾਲਪੁਰ ਨੇ ਸਵਾਲਾਂ ਸੂਚੀ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿਸਾਨੀ ਸੰਘਰਸ਼ 2 ਦੇ ਸ਼ਹੀਦ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਸਰਕਾਰ ਨੇ ਵਾਅਦੇ ਅਨੁਸਾਰ ਇੱਕ ਕਰੋੜ ਦੀ ਰਾਸ਼ੀ ਅਤੇ ਉਸਦੀ ਭੈਣ ਨੂੰ ਸਰਕਾਰੀ ਨੌਕਰੀ ਕਿਉਂ ਨਹੀਂ ਦਿੱਤੀ, ਸ਼ਹੀਦ ਸ਼ੁਭ ਕਰਨ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਸ਼ਹੀਦ ਕਰਨ ਵਾਲੇ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਅਤੇ ਜਿੰਮੇਵਾਰ ਅਧਿਕਾਰੀਆਂ ਉੱਤੇ ਬਾਈ ਨੇਮ ਪਰਚਾ ਦਰਜ ਕਿਉਂ ਨਹੀਂ ਕੀਤਾ, ਕਿਸਾਨੀ ਸੰਘਰਸ਼ 2 ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਅਤੇ ਸਰਕਾਰੀ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਗਈਆਂ, ਕਿਸਾਨੀ ਸੰਘਰਸ਼ 2 ਦੌਰਾਨ ਅੱਖਾਂ ਦੀ ਰੋਸ਼ਨੀ ਗਵਾਉਣ ਵਾਲੇ ਅਤੇ ਜਖਮੀ ਹੋਏ ਨੌਜਵਾਨਾਂ ਲਈ ਸਰਕਾਰ ਨੇ ਕੋਈ ਮਾਲੀ ਸਹਾਇਤਾ ਜਾਰੀ ਕਿਉਂ ਨਹੀਂ ਕੀਤੀ,ਹਰਿਆਣਾ ਪੁਲਸ ਨੇ ਗੁੰਡਾਗਰਦੀ ਕਰਦੇ ਹੋਏ ਪੰਜਾਬ ਦੇ ਕਿਸਾਨਾਂ ਦੇ ਕਰੀਬ 50 ਟਰੈਕਟਰਾਂ ਅਤੇ ਕਾਰਾਂ ਦੀ ਭੰਨ ਤੋੜ ਕੀਤੀ ਉਸ ਦਾ ਪੰਜਾਬ ਸਰਕਾਰ ਨੇ ਮੁਆਵਜ਼ਾ ਜਾਰੀ ਕੀਤਾ ਜਾਵੇ, ਮੁੱਖ ਮੰਤਰੀ ਸਾਹਿਬ ਤੁਸੀਂ ਸਾਡੇ ਨਾਲ 17 ਅਪ੍ਰੈਲ 2022 ਨੂੰ ਹੋਈ ਮੀਟਿੰਗ ਵਿੱਚ ਐਲਾਨ ਕੀਤਾ ਸੀ ਕਿ ਮੈਂ ਬਾਸਮਤੀ ਅਤੇ ਮੂੰਗੀ ਤੇ ਐਮਐਸਪੀ ਦਿਆਂਗਾ, ਨਾ ਹੀ ਪਿਛਲੇ ਸਮੇਂ ਦੌਰਾਨ ਐਮਐਸਪੀ ਤੁਹਾਡੇ ਵੱਲੋਂ ਮਿਲੀ ਅਤੇ ਅੱਗੋਂ ਤੁਸੀਂ ਕੋਰਾ ਜਵਾਬ ਦੇ ਦਿੱਤਾ ਹੈ,ਤੁਹਾਡੀ ਸਰਕਾਰ ਨੇ ਸਾਲ 2023 ਅਤੇ ਹੁਣ 2024 ਵਿੱਚ ਕਾਰਪੋਰੇਟ ਘਰਾਣਿਆਂ ਦੇ ਸਾਈਲੋ ਪਲਾਟਾਂ ਨੂੰ ਸਰਕਾਰੀ ਮੰਡੀਆਂ ਐਲਾਨ ਕੀਤਾ ਅਤੇ ਸਰਕਾਰੀ ਮੰਡੀਆਂ ਨੂੰ ਬੰਦ ਕਰਨ ਅਤੇ 26 ਮਾਰਕੀਟ ਕਮੇਟੀਆਂ ਨੂੰ ਬੰਦ ਕਰਨ ਦੀ ਪ੍ਰਕਿਰਿਆ ਅਰੰਭੀ ਹੋਈ। ਇਹ ਕਾਨੂੰਨ ਕਿਸਾਨ ਜਥੇਬੰਦੀਆਂ ਵੱਲੋਂ 2020-2021 ਵਿੱਚ ਲੰਬਾ ਸਮਾਂ ਸੰਘਰਸ਼ ਕਰਕੇ ਕੇਂਦਰ ਸਰਕਾਰ ਤੋਂ ਰੱਦ ਕਰਵਾਏ ਗਏ ਸਨ। ਪੰਜਾਬ ਸਰਕਾਰ ਇਹਨਾਂ ਕਾਨੂੰਨਾਂ ਨੂੰ ਲੁਕਵੇਂ ਢੰਗ ਨਾਲ ਲਾਗੂ ਕਰਨਾਂ ਬੰਦ ਕਰੇ, ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਵਾਲੇ ਚਿੱਪ ਵਾਲੇ ਮੀਟਰ ਨੂੰ ਲਗਾਉਣੇ ਬੰਦ ਕੀਤੇ ਜਾਣ, ਪੰਜਾਬ ਦੇ ਸੱਤ ਜਿਲਿਆਂ ਦੀ ਵਾਹੀਯੋਗ ਆਬਾਦ ਜਮੀਨਾਂ ਉੱਤੇ ਇੰਡਸਟਰੀ ਜ਼ੋਂਨ ਬਣਾਏ ਜਾ ਰਹੇ ਹਨ। ਜਿਨਾਂ ਵਿੱਚ ਵੱਡਾ ਏਰੀਆ ਰੈਡ ਕੈਟਾਗਰੀ ਇੰਡਸਟਰੀ ਜ਼ੋਨਾਂ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਨਾਲ ਪੰਜਾਬ ਦੀ ਧਰਤੀ ਦੀ ਆਬੋ ਹਵਾ ਪ੍ਰਦੂਸ਼ਿਤ ਹੋਵੇਗੀ, ਧਰਤੀ ਹੇਠਲਾ ਪਾਣੀ ਪ੍ਰਦੂਸ਼ਿਤ ਹੋਵੇਗਾ ਅਤੇ ਜੀਰਾ ਫੈਕਟਰੀ ਵਾਂਗ ਇਲਾਕੇ ਵਿੱਚ ਵੱਡੀ ਪੱਧਰ ਦੇ ਉੱਤੇ ਕੈਂਸਰ ਆਦਿ ਭਿਆਨਕ ਬਿਮਾਰੀਆਂ ਫੈਲਣਗੀਆਂ ਸਿਰਫ ਖੇਤੀ ਅਧਾਰਤ ਕਾਰਖਾਨੇ ਹੀ ਲਗਾਏ ਜਾਣ,ਕਸਬਾ ਰਈਆ ਤੋਂ ਡੇਰਾ ਬਾਬਾ ਨਾਨਕ ਤਕ ਬਣ ਰਹੀ ਚਾਰ ਮਾਰਗੀ ਉੱਚੀ ਸੜਕ ਕਾਰਨ ਡੇਰਾ ਬਾਬਾ ਨਾਨਕ ਹਲਕੇ ਦੇ ਕਰੀਬ 50 ਪਿੰਡਾਂ ਦੀ ਫਸਲ ਬਾਰਿਸ਼ ਦੇ ਪਾਣੀ ਨਾਲ ਖਰਾਬ ਹੋ ਜਾਵੇਗੀ। ਸਕੀ ਨਾਲੇ ਉੱਤੇ ਬਣਾਏ ਜਾ ਰਹੇ ਪੁਲ ਨੂੰ ਹੋਰ ਵੱਡਾ ਕੀਤਾ ਜਾਵੇ ਅਤੇ ਹਾਈਵੇ ਦੇ ਵਿੱਚ ਜਿੱਥੇ ਵੀ ਇਲਾਕੇ ਦੇ ਲੋਕਾਂ ਦੀ ਮੰਗ ਅਨੁਸਾਰ ਜਰੂਰਤ ਹੈ ਉਥੇ ਸਾਈਫਂਨ ਬਣਾਏ ਜਾਣ, ਡੇਰਾ ਬਾਬਾ ਨਾਨਕ ਦੇ ਨੇੜੇ ਪਿੰਡ ਚੈਨੇਵਾਲ ਦੇ ਕੋਲ ਟੋਲ ਪਲਾਜਾ ਲਗਾਇਆ ਜਾ ਰਿਹਾ ਹੈ ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਅਤੇ ਬਾਬਾ ਸ਼੍ਰੀ ਚੰਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਅਤੇ ਪੂਰੇ ਸੰਸਾਰ ਵਿੱਚੋਂ ਸੰਗਤ ਇਸੇ ਰਸਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਦਰਸ਼ਨ ਕਰਨ ਵਾਸਤੇ ਆਉਂਦੀ ਹੈ। ਸੰਗਤ ਦੇ ਸਤਿਕਾਰ ਨੂੰ ਮੁੱਖ ਰੱਖਦਿਆਂ ਇਥੇ ਜੁਰਮਾਨਾ ਰੂਪੀ ਟੋਲ ਪਲਾਜਾ ਨਾ ਲਗਾਇਆ ਜਾਵੇ,ਕਲਾਨੌਰ ਡਿਸਟਰੀਬਿਊਟਰੀ ਨਹਿਰ ਲਈ ਲੋੜੀਂਦੀ ਜ਼ਮੀਨ ਇਕਵਾਇਰ ਕਰਕੇ ਇਸ ਨੂੰ ਸੰਪੂਰਨ ਨਹਿਰ ਦਾ ਰੂਪ ਦੇ ਕੇ ਇਲਾਕੇ ਦੇ ਖੇਤਾਂ ਨੂੰ ਸਿੰਚਾਈ ਦੀ ਸਹੂਲਤ ਮੁਹਈਆ ਕਰਵਾਈ ਜਾਵੇ,ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੀ ਜਮੀਨ ਉੱਤੇ ਭੂ ਮਾਫੀਏ ਵੱਲੋਂ ਕੀਤੇ ਜਾ ਰਹੇ ਨਜਾਇਜ਼ ਕਬਜ਼ੇ ਤੋਂ ਛੁਡਾਇਆ ਜਾਵੇ ਅਤੇ ਇਸ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ,ਸਾਲ 2021 ਦੌਰਾਨ ਹੋਈ ਗੜੇਮਾਰੀ ਕਾਰਨ ਬਾਸਮਤੀ ਦੀ ਖਰਾਬ ਹੋਈ ਫਸਲ ਦਾ ਮੁਆਵਜ਼ਾ ਜਾਰੀ ਕੀਤਾ ਜਾਵੇ,ਕਲਾਨੌਰ ਏਰੀਏ ਵਿੱਚ ਗੰਨਾ ਮਿੱਲ ਲਈ ਜਾਵੇ,ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਵਿੱਚ ਨਸ਼ਾ ਖਤਮ ਕਰਨ ਦੇ ਉਚਿਤ ਉਪਰਾਲੇ ਅਮਲ ਵਿੱਚ ਲਿਆਂਦੇ ਜਾਣ ਅਤੇ ਨੌਜਵਾਨਾਂ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ।

Leave a Reply

Your email address will not be published. Required fields are marked *