ਗੁਰਦਾਸਪੁਰ, 9 ਜੁਲਾਈ (ਸਰਬਜੀਤ)-ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲੇ ਦੇ 33 ਮੱਛੀ ਫਾਰਮ ਆਬਾਦਕਾਰਾਂ ਨੂੰ ਉਜਾੜਣ ਦੇ ਰੋਸ ਵਜੋਂ ਅੱਜ ਗੁਰੂ ਨਾਨਕ ਪਾਰਕ ਵਿਖੇ ਰੋਸ ਰੈਲੀ ਕਰਨ ਉਪਰੰਤ ਡੀ.ਸੀ ਗੁਰਦਾਸਪੁਰ ਨੂੰ ਮੰਗ ਪੱਤਰ ਸੌਂਪਿਆ ਗਿਆ।
ਇਸ ਰੋਸ਼ ਰੈਲੀ ਸੁਖਦੇਵ ਸਿੰਘ ਭਾਗੋਕਾਵਾਂ, ਗੁਰਦੀਪ ਸਿੰਘ ਮੁਸਤਫਾਬਾਦ, ਸਤਿਬੀਰ ਸਿੰਘ ਸੁਲਤਾਨੀ, ਮੱਖਣ ਸਿੰਘ ਕੁਹਾੜ, ਬਲਬੀਰ ਸਿੰਘ ਕੱਤੋਵਾਲ ਅਤੇ ਗੁਰਵਿੰਦਰ ਸਿੰਘ ਜੀਵਨਚੱਕ ਦੀ ਪ੍ਰਧਾਨਗੀ ਹੇਠ ਹੋਈ।
ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਦੀਨਾਨਗਰ ਬਲਾਕ ਦੇ ਪਿੰਡ ਮਿਆਣੀ ਝਮੇਲਾ ਦੇ ਕਰੀਬ 33 ਮੱਛੀ ਫਾਰਮ ਆਬਾਦਕਾਰਾਂ ਨੂੰ ਪ੍ਰਸ਼ਾਸਨ ਵੱਲੋਂ ਉਜਾੜਨ ਦੀ ਕੌਸ਼ਿਸ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਇਨਾਂ ਅਬਾਦਕਾਰਾਂ ਨੂੰ ਉਜਾੜਿਆ ਨਹੀਂ ਜਾਵੇਗਾ ,ਪਰ ਸਰਕਾਰ ਦੇ ਫੈਸਲੇ ਦੇ ਉਲਟ ਪੰਚਾਇਤੀ ਵਿਭਾਗ ਦੇ ਅਧਿਕਾਰੀ ਇਸ ਜ਼ਮੀਨ ਦੀ ਬਾਰ- ਬਾਰ ਖੁੱਲੀ ਬੋਲੀ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਧਿਕਾਰੀਆਂ ਨੇ 15 ਜੁਲਾਈ ਨੂੰ ਬੋਲੀ ਕਰਵਾਉਣ ਦਾ ਦੁਬਾਰਾ ਇਸ਼ਤਿਹਾਰ ਦਿੱਤਾ ਹੈ ਜਿਸ ਬੋਲੀ ਨੂੰ ਸੰਯੁਕਤ ਕਿਸਾਨ ਮੋਰਚਾ ਕਦੇ ਵੀ ਸਿਰੇ ਨਹੀਂ ਚੜਨ ਦੇਵੇਗਾ। ਜੇਕਰ ਅਧਿਕਾਰੀ ਬੋਲੀ ਕਰਵਾਉਣ ਪਹੁੰਚੇ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਉਨਾਂ ਦਾ ਘਿਰਾਓ ਕੀਤਾ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤੇ ਮੰਗ ਪੱਤਰ ਵਿਚ ਮੰਗ ਰੱਖੀ ਗਈ ਕਿ ਮੱਛੀ ਅਬਾਦਕਾਰਾਂ ਨੂੰ ਸਬੰਧਤ ਮਹਿਕਮਾ ਉਜਾੜਨਾ ਬੰਦ ਕਰੇ ਅਤੇ 29 ਜੂਨ ਨੂੰ ਜੋਧ ਸਿੰਘ ਭਾਟੀਆ ਹਸਪਤਾਲ ਦੇ ਡਾਕਟਰਾਂ ਦੀ ਗੰਭੀਰ ਅਣਗਹਿਲੀ ਕਾਰਨ ਅਧਿਆਪਕਾ ਪਰਿਮਲਮੀਤ ਕੌਰ ਦੀ ਮੌਤ ਸਬੰਧੀ ਡਾਕਟਰਾਂ ਦੇ ਵਿਰੁੱਧ ਧਾਰਾ 304/34 ਤਹਿਤ ਹੋਏ ਪਰਚੇ ਨੂੰ ਧਾਰਾ 304 ਵਿੱਚ ਬਦਲਣ ਦੀ ਪੜਤਾਲ ਕਾਰਵਾਈ ਜਾਵੇ ਅਤੇ ਇਸ ਮੌਤ ਸਬੰਧੀ ਬਣਾਏ ਗਏ ਮੈਡੀਕਲ ਬੋਰਡ ਦੀ ਜਾਂਚ ਸਮਾਂਬੱਧ ਕੀਤੀ ਜਾਵੇ। ਮੋਰਚੇ ਦੇ ਆਗੂਆਂ ਨੂੰ ਡੀ.ਸੀ ਗੁਰਦਾਸਪੁਰ ਨੇ ਧਾਰਾ ਬਦਲਣ ਸਬੰਧੀ ਐੱਸ.ਐੱਸ.ਪੀ ਗੁਰਦਾਸਪੁਰ ਤੋਂ ਰਿਪੋਰਟ ਮੰਗਣ ਲਈ ਮੌਕੇ ’ਤੇ ਭਰੋਸਾ ਦਿੱਤਾ ਅਤੇ ਡਾਕਟਰੀ ਜਾਂਚ ਕਮੇਟੀ ਨੂੰ ਸਮਾਂਬੱਧ ਕਰਨ ਲਈ ਸਿਵਲ ਸਰਜਨ ਨੂੰ ਹਦਾਇਤ ਕੀਤੀ । ਮੱਛੀ ਕਾਸ਼ਤਕਾਰਾਂ ਦੇ ਸਵਾਲ ਉੱਪਰ ਡੀ.ਸੀ ਗੁਰਦਾਸਪੁਰ ਨੇ ਪੰਚਾਇਤ ਵਿਭਾਗ ਦੇ ਪਿੰ੍ਸੀਪਲ ਸਕੱਤਰ ਨੂੰ ਮੰਗ ਪੱਤਰ ਭੇਜਣ ਦਾ ਭਰੋਸਾ ਦਿੱਤਾ ।