ਸੀਪੀਆਈ (ਐਮ ਐਲ) ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਤੇ ਹੋਰਨਾਂ ਆਗੂਆਂ ਨੇ ਵੀ ਕੀਤਾ ਸੰਬੋਧਨ
ਸੰਘਰਸ਼ੀ ਅਧਿਆਪਕ ਆਗੂ ਡੇਲੂਆਣਾ ਦਾ ਕੀਤਾ ਸਨਮਾਨ
ਮਾਨਸਾ, ਗੁਰਦਾਸਪੁਰ, 22 ਜਨਵਰੀ (ਸਰਬਜੀਤ ਸਿੰਘ)– ਪ੍ਰਧਾਨ ਮੰਤਰੀ ਮੋਦੀ ਅਯੁੱਧਿਆ ਵਿੱਚ ਰਾਮ ਮੰਦਿਰ ਸਮਾਗਮ ਦੇ ਮੁੱਖ ਮਹਿਮਾਨ ਬਣ ਕੇ, ਐਮ ਪੀ ਅਤੇ ਪੀ ਐਮ ਬਣਨ ਮੌਕੇ ਚੁੱਕੀ ਸੰਵਿਧਾਨਕ ਸਹੁੰ ਦੀ ਸ਼ਰੇਆਮ ਉਲੰਘਣਾ ਕਰਨ ਬਦਲੇ ਰਾਸ਼ਟਰਪਤੀ ਜਾਂ ਸੁਪਰੀਮ ਕੋਰਟ ਵਲੋਂ ਉਨਾਂ ਨੂੰ ਆਪਣੇ ਅਹੁਦੇ ਤੋਂ ਬਰਖ਼ਾਸਤ ਕਰ ਦੇਣਾ ਚਾਹੀਦਾ ਹੈ, ਇਹ ਮੰਗ ਅੱਜ ਇਥੇ ਬੱਸ ਕਿਰਾਇਆ ਘੋਲ ਦੇ ਸ਼ਹੀਦ ਲਾਭ ਸਿੰਘ ਮਾਨਸਾ ਦੀ 43ਵੀਂ ਬਰਸੀ ਮੌਕੇ ਸ਼ਹੀਦ ਲਾਭ ਸਿੰਘ ਯਾਦਗਾਰ ਕਮੇਟੀ ਵਲੋਂ ਕਨਵੈਨਸ਼ਨ ਵਲੋਂ ਪਾਸ ਕੀਤੇ ਇਕ ਮਤੇ ਵਿਚ ਕੀਤੀ ਗਈ ਹੈ।
ਪੈਨਸ਼ਨਰਜ਼ ਭਵਨ ਵਿਚ ਸ਼ਹੀਦ ਲਾਭ ਸਿੰਘ ਪਤਨੀ ਅੰਗਰੇਜ਼ ਕੌਰ, ਭਜਨ ਸਿੰਘ ਘੁੰਮਣ, ਸੁਰਿੰਦਰ ਪਾਲ ਸ਼ਰਮਾ, ਅਸ਼ਵਨੀ ਖੁਡਾਲ ਅਤੇ ਸਤ ਪਾਲ ਭੈਣੀ ਦੀ ਪ੍ਰਧਾਨਗੀ ਹੇਠ ਹੋਈ ਇਸ ਕਨਵੈਨਸ਼ਨ ਵਿਚ ਸਿਖਿਆ ਪ੍ਰੋਵਾਇਡਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਡੇਲੂਆਣਾ – ਜਿੰਨਾਂ ਸਿਖਿਆ ਪ੍ਰੋਵਾਇਡਰਾਂ ਨੂੰ ਪੱਕਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਸੱਤ ਮਹੀਨੇ ਅਤ ਦੀ ਗਰਮੀ ਤੇ ਸਰਦੀ ਵਿਚ ਪਾਣੀ ਵਾਲੀ ਟੈਂਕੀ ਉਤੇ ਦ੍ਰਿੜਤਾ ਨਾਲ ਮੋਰਚਾ ਲਾਈ ਰਖਿਆ। ਕਨਵੈਨਸ਼ਨ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਯਾਦਗਾਰ ਕਮੇਟੀ ਦੇ ਕਨਵੀਨਰ ਹਰਗਿਆਨ ਸਿੰਘ ਢਿੱਲੋਂ, ਇਨਕਲਾਬੀ ਕੇਂਦਰ ਦੇ ਆਗੂ ਤਾਰਾ ਚੰਦ, ਆਇਸਾ ਆਗੂ ਸੁਖਜੀਤ ਰਾਮਾਨੰਦੀ, ਡੀਟੀਐਫ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ, ਕਿਸਾਨ ਯੂਨੀਅਨ (ਧਨੇਰ) ਦੇ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਮੈਡੀਕਲ ਪ੍ਰੈਕਟੀਸ਼ਨਰ ਐਸੋ. ਦੇ ਪ੍ਰਧਾਨ ਡਾ. ਧੰਨਾ ਮੱਲ ਗੋਇਲ ਅਤੇ ਸੁਖਦੇਵ ਸਿੰਘ ਪਾਂਧੀ ਅਤੇ ਨੌਜਵਾਨ ਆਗੂ ਗਗਨਦੀਪ ਸਿਰਸੀਵਾਲਾ ਨੇ ਸੰਬੋਧਨ ਕੀਤਾ। ਅਜਮੇਰ ਅਕਲੀਆ, ਦਰਸ਼ਨ ਸਿੰਘ ਕੋਟਫੱਤਾ ਤੇ ਜਗਦੇਵ ਭੁਪਾਲ ਨੇ ਇਨਕਲਾਬੀ ਗੀਤਾਂ ਨਾਲ ਮਾਹੌਲ ਨੂੰ ਗਰਮਾਇਆ। ਕਨਵੈਨਸ਼ਨ ਨੇ ਅੱਜ ਸਵੇਰੇ ਸਦਾ ਲਈ ਵਿਛੜ ਜਾਣ ਵਾਲੇ ਇਨਕਲਾਬੀ ਲਹਿਰ ਦੇ ਸਰਗਰਮ ਕਾਰਕੁੰਨ ਤੇ ਗੀਤਕਾਰ ਮਾਸਟਰ ਸੁਰਜੀਤ ਅਰਮਾਨੀ ਨੂੰ ਵੀ ਸ਼ਰਧਾਂਜ਼ਲੀ ਅਰਪਿਤ ਕੀਤੀ। ਇਸ ਮੌਕੇ ਹੋਰਨਾਂ ਤੋਂ ਸਿਵਾ ਕਾਮਰੇਡ ਰਾਜਵਿੰਦਰ ਰਾਣਾ, ਹਰਬੰਸ ਪਾਂਧੀ, ਕ੍ਰਿਸ਼ਨ ਚੌਹਾਨ, ਨਛੱਤਰ ਸਿੰਘ ਖੀਵਾ, ਅਮੋਲਕ ਡੇਲੂਆਣਾ, ਰਾਜਵਿੰਦਰ ਮੀਰ, ਮੇਜਰ ਸਿੰਘ ਦੂਲੋਵਾਲ, ਗੁਰਦੇਵ ਕੋਟਧਰਮੂੰ, ਦਰਸ਼ਨ ਟਾਹਲੀਆਂ ਅਤੇ ਮਨਜੀਤ ਮੀਹਾਂ ਵੀ ਹਾਜ਼ਰ ਸਨ।
ਕਨਵੈਨਸ਼ਨ ਵਲੋਂ ਗਾਜ਼ਾ ਵਿਚ ਫੌਰੀ ਜੰਗਬੰਦੀ, ਸਿੱਖ ਬੰਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਤੇ ਝੂਠੇ ਕੇਸਾਂ ਵਿਚ ਜੇਲਾਂ ‘ਚ ਬੰਦ ਸਾਰੇ ਕੈਦੀਆਂ ਦੀ ਰਿਹਾਈ, ‘ਹਿੱਟ ਐਂਡ ਰਨ’ ਕਾਨੂੰਨ ਖ਼ਿਲਾਫ਼ ਡਰਾਈਵਰਾਂ ਦੇ ਅੰਦੋਲਨ ਦੀ ਹਿਮਾਇਤ, ਮਾਨ ਸਰਕਾਰ ਵਲੋਂ ਗੈਂਗ ਵਾਦ ਦੇ ਖਾਤਮੇ ਦੇ ਨਾਂ ‘ਤੇ ਪੰਜਾਬ ਵਿਚ ਝੂਠੇ ਪੁਲਸ ਮੁਕਾਬਲਿਆਂ ਦਾ ਸਿਲਸਿਲਾ ਮੁੜ ਸ਼ੁਰੂ ਕਰਨ ਖ਼ਿਲਾਫ਼ ਅਤੇ ਮੋਦੀ ਸਰਕਾਰ ਦੀਆਂ ਕਾਰੋਬਾਰ ਤੇ ਰੁਜ਼ਗਾਰ ਦੇ ਖਾਤਮੇ ਵਾਲੀਆਂ ਨੀਤੀਆਂ ਖਿਲਾਫ ਦੇਸ਼ ਪੱਧਰ ਉਤੇ ਕਿਸਾਨਾਂ ਮਜ਼ਦੂਰਾਂ ਦੇ ਸਾਂਝੇ ਅੰਦੋਲਨ ਦੇ ਸਮਰਥਨ ਦੇ ਮਤੇ ਵੀ ਸਰਬਸੰਮਤੀ ਨਾਲ ਪਾਸ ਕੀਤੇ ਗਏ ।


