ਮਾਨਸਾ, ਗੁਰਦਾਸਪੁਰ, 6 ਮਾਰਚ (ਸਰਬਜੀਤ ਸਿੰਘ)– ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੀ ਮਾਨਸਾ ਜ਼ਿਲ੍ਹੇ ਨਾਲ ਸਬੰਧਿਤ ਸਰਗਰਮ ਵਿਦਿਆਰਥੀ ਕਾਰਕੁੰਨਾਂ ਦੀ ਅਹਿਮ ਮੀਟਿੰਗ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਰਵਲੀਨ ਕੌਰ ਡੇਲੂਆਣਾ ਦੀ ਪ੍ਰਧਾਨਗੀ ਹੇਠ ਹੋਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਦੇ ਮਾਲਵਾ ਜੋਨ ਦੇ ਕਨਵੀਨਰ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਰੱਦ ਕਰਵਾਏ ਜਾਣ, ਵਿਦਿਆਰਥੀ ਬੱਸ ਪਾਸ ਸਾਰੀਆਂ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਤੇ ਲਾਗੂ ਕਰਵਾਏ ਜਾਣ ਦਾ ਮਤਾ ਪੰਜਾਬ ਦੀ ਵਿਧਾਨ ਸਭਾ ਵਿੱਚ ਪਾਸ ਕਰਵਾਏ ਜਾਣ, ਵਿਦਿਆਰਥੀ ਸਕਾਲਰਸ਼ਿਪ ਸਕੀਮ ਤਹਿਤ ਵਿਦਿਆਰਥੀਆਂ ਦਾ ਵਜ਼ੀਫਾ ਸਮੇਂ ਸਿਰ ਜਾਰੀ ਕਰਵਾਏ ਜਾਣ, ਸਿੱਖਿਆ ਦਾ ਨਿੱਜੀਕਰਨ ਬੰਦ ਕਰਵਾ, ਵਿਦਿਅੱਕ ਸੰਸਥਾਵਾਂ ਵਿੱਚ ਰੈਗੂਲਰ ਪੋਸਟਾਂ ਕੱਢਵਾਏ ਜਾਣ, ਸਿੱਖਿਆ ਦੇ ਭਗਵੇਂਕਰਨ ਤੇ ਰੋਕ ਲਗਾ ਸਾਰਿਆਂ ਲਈ ਵਿਗਿਆਨਕ ਸਿੱਖਿਆ ਦੀ ਪ੍ਰਾਪਤੀ ਆਦਿ ਵਿਦਿਆਰਥੀ ਮੰਗਾਂ ਦੇ ਹੱਲ ਲਈ ਵਿਦਿਆਰਥੀ ਲਹਿਰ ਉਸਾਰੇ ਜਾਣ ਦੇ ਮਕਸਦ ਨਾਲ 22 ਮਾਰਚ ਨੂੰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)ਦਾ ਜ਼ਿਲ੍ਹਾ ਪੱਧਰੀ ਇਜਲਾਸ ਕਰਕੇ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਚੋਣਾਂ ਤੇ ਰੋਕ ਦਾ ਬਹਾਨਾ ਬਣਾ ਕੇ ਵਿਦਿਆਰਥੀਆਂ ਦੀ ਕੈਂਪਸ ਡੈਮੋਕਰੇਸੀ ਤੇ ਕਾਲਜ਼ ਮਨੇਜਮੈਂਟ ਵੱਲੋਂ ਮੋਦੀ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਲਗਾਤਾਰ ਹਮਲੇ ਤੇਜ਼ ਕਰਕੇ ਵਿਦਿਆਰਥੀਆਂ ਨੂੰ ਜਥੇਬੰਦ ਹੋਣ ਤੇ ਵੀ ਰੋਕ ਲਗਾਈ ਜਾ ਰਹੀ ਹੈ। ਜਿਸਦੇ ਖਿਲਾਫ ਵਿਦਿਆਰਥੀ ਲਹਿਰ ਨੂੰ ਮਜ਼ਬੂਤ ਕਰਨ ਦੀ ਅਹਿਮ ਲੋੜ ਹੈ।ਇਸ ਮੌਕੇ ਜ਼ਿਲ੍ਹਾ ਇਜਲਾਸ ਦੀ ਤਿਆਰੀ ਲਈ ਜ਼ਿਲ੍ਹਾ ਇਜਲਾਸ ਤਿਆਰੀ ਲਈ 11ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ। ਕਮੇਟੀ ਦੇ ਕਨਵੀਨਰ ਕੁਲਵੰਤ ਸਿੰਘ ਖੋਖਰ ਕਲਾਂ,ਕੋ-ਕਨਵੀਨਰ ਅਰਸ਼ਦੀਪ ਸਿੰਘ ਖੋਖਰ ਕਲਾਂ ਅਤੇ ਖਜਾਨਚੀ ਰਵਲੀਨ ਕੌਰ ਡੇਲੂਆਣਾ ਨੂੰ ਚੁਣਿਆ ਗਿਆ। ਇਸ ਮੌਕੇ ਅਮਨਦੀਪ ਸਿੰਘ ਮੰਡੇਰ, ਗੁਰਪ੍ਰੀਤ ਸਿੰਘ ਖੋਖਰ ਕਲਾਂ,ਅਨੂਪ੍ਰੀਤ ਕੌਰ ਜਵਾਹਰਕੇ, ਹਰਦੀਪ ਸਿੰਘ ਖੋਖਰ ਕਲਾਂ,ਗੁਰਪ੍ਰੀਤ ਸਿੰਘ ਹੀਰਕੇ,ਸਿਮਰਨ ਕੌਰ ਕੋਟਦੁੱਨਾਂ ਜਸਪ੍ਰੀਤ ਕੌਰ ਮੌੜ ਅਤੇ ਸੁਖਪ੍ਰੀਤ ਕੌਰ ਰਮਦਿੱਤੇਵਾਲਾ ਆਦਿ ਆਗੂ ਹਾਜਰ ਸਨ।