6 ਅਤੇ 9 ਅਗਸਤ : ਹੀਰੋਸ਼ੀਮਾ ਅਤੇ ਨਾਗਾਸਾਕੀ ਦਾ ਮੰਜ਼ਰਅਮਰੀਕੀ ਮਹਾਂਸ਼ਕਤੀ ਦੀ ਵਿਨਾਸ਼ਕਾਰੀ ਲੀਲ੍ਹਾ-ਲਾਭ ਸਿੰਘ ਅਕਲੀਆ

ਗੁਰਦਾਸਪੁਰ

ਬਰਨਾਲਾ, ਗੁਰਦਾਸਪੁਰ,  8 ਅਗਸਤ (ਸਰਬਜੀਤ ਸਿੰਘ)— 1943 ਵਿੱਚ ਦੂਜਾ ਵਿਸ਼ਵ ਯੁੱਧ ਖ਼ਤਮ ਹੋ ਚੁੱਕਾ ਸੀ ਅਤੇ ਜਪਾਨ ਆਤਮ ਸਮਰਪਣ ਕਰਨ ਨੂੰ ਤਿਆਰ ਸੀ।  ਪਰ ਇਸਦੇ ਬਾਵਜੂਦ ਅਮਰੀਕੀ ਸਾਮਰਾਜਵਾਦ ਵੱਲੋਂ ਸੂਰਜ ਚੜ੍ਹਨ ਤੋਂ ਪਹਿਲਾਂ ਜਪਾਨ ਦੇ ਘੁੱਗ ਵਸਦੇ ਦੋ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਪਰ ਕ੍ਰਮਵਾਰ 6 ਅਤੇ 9 ਅਗਸਤ 1945 ਨੂੰ ਦੋ ਪ੍ਰਮਾਣੂੰ ਬੰਬ ‘ਲਿਟਲ ਬੁਆਏ’ ਅਤੇ ‘ਫੈਟ ਮੈਨ’   ਸੁੱਟਕੇ ਦੁਨੀਆਂ ਦੀ ਸਭ ਤੋਂ ਵੱਡੀ ਵਿਨਾਸ਼ਕਾਰੀ ਲੀਲ੍ਹਾ ਨੂੰ ਅੰਜ਼ਾਮ ਦੇ ਦਿੱਤਾ ਸੀ। ਮਿੰਟਾਂ- ਸੈਕਿੰਟਾਂ ਵਿੱਚ ਲੱਖਾਂ ਲੋਕਾਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਗਿਆ। ਦੁਨੀਆਂ ਦੇ ਇਤਿਹਾਸ ਵਿੱਚ ਇਹ ਪਹਿਲਾ ਪ੍ਰਮਾਣੂ ਹਾਦਸਾ ਸੀ। ਅਮਰੀਕੀ ਸਾਮਰਾਜਵਾਦ ਕਈ ਸਾਲਾਂ ਤੋਂ ਦੁਨੀਆਂ ਤੋਂ ਛੁਪਾਕੇ ‘ਮੈਨਹਟਨ’ ਵਿੱਚ  ਪ੍ਰਮਾਣੂ ਬੰਬ ਬਨਾਉਣ ਵਿੱਚ ਰੁਝਿਆ ਹੋਇਆ ਸੀ ਅਤੇ ਵਿਸ਼ਵ ਯੁੱਧ ਦੀ ਤਿਆਰੀ ਕਰ ਰਿਹਾ ਸੀ।

ਦੁਨੀਆਂ ਭਰ ਦੇ ਚੇਤੰਨ ਲੋਕਾਂ ਅਤੇ ਬੁੱਧੀਜੀਵੀਆਂ ਦੇ ਮਨਾਂ ਵਿੱਚ ਬਾਰ -ਬਾਰ ਇਹ ਸਵਾਲ ਉੱਠਦਾ ਆ ਰਿਹਾ ਹੈ ਕਿ ਜਦੋਂ ਜਰਮਨੀ,ਇਟਲੀ ਅਤੇ ਜਪਾਨ ਦੂਜੇ ਵਿਸ਼ਵ ਯੁੱਧ ਵਿੱਚ ਆਪਣੀ ਹਾਰ ਮੰਨ ਚੁੱਕੇ ਸਨ, ਤਾਂ ਅਮਰੀਕੀ ਮਹਾਂਸ਼ਕਤੀ ਨੂੰ ਇਨ੍ਹੀਂ ਭਿਆਨਕ ਤਬਾਹੀ ਮਚਾਉਣ ਦੀ ਕੀ ਲੋੜ ਪੈ ਗਈ ਸੀ ? ਕਰੀਬ ਛੇ ਲੱਖ ਸੁੱਤੇ ਪਏ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਕਿਉਂ ਧੱਕ ਦਿੱਤਾ ਗਿਆ ? ਇਸਦਾ ਅਸਲ ਕਾਰਨ ਕੀ ਸੀ, ਜਿਸ ਨੂੰ ਸਮਝਣਾ ਹਰ ਬੁੱਧੀਮਾਨ ਦੇ ਲਈ ਬਹੁਤ ਜ਼ਰੂਰੀ ਹੈ।  ਵਿਸ਼ਵ ਯੁੱਧ ਦੌਰਾਨ ਹਿਟਲਰ ਦੀ ਅਗਵਾਈ ਹੇਠ ਨਾਜ਼ੀ ਜਰਮਨੀਆਂ ਦੀ ਹੋਈ ਹਾਰ ਤੋਂ ਬਾਅਦ  ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਖੱਬੇ ਪੱਖੀ ਕਮਿਊਨਿਸਟ ਲਹਿਰ ਦਾ ਪ੍ਰਭਾਵ ਤੇਜ਼ੀ ਨਾਲ ਵਧ ਰਿਹਾ ਸੀ ਅਤੇ ਯੂਰਪੀ ਖਿੱਤਾ  ਸਮਾਜਵਾਦੀ ਸ਼ਕਤੀ ਵਜੋਂ ਉੱਭਰ ਰਿਹਾ ਸੀ। ਯੂਰਪ ਦੇ ਅਨੇਕਾਂ ਦੇਸ਼ਾਂ ਵਿੱਚ ਵੀ ਮਾਰਕਸਵਾਦੀ -ਲੈਨਿਨਵਾਦੀ ਪਾਰਟੀਆਂ ਉੱਭਰ ਰਹੀਆਂ ਸਨ, ਜੋ ਨਾਜ਼ੀਵਾਦ ਦੇ ਖ਼ਿਲਾਫ਼ ਲੜਦੀਆਂ ਹੋਈਆਂ ਅੱਗੇ ਵਧ ਰਹੀਆਂ ਸਨ। ਜਿਹੜੀਆਂ ਪੂੰਜੀਵਾਦੀ ਵਿਵਸਥਾ ਨੂੰ ਖ਼ਤਮ ਕਰਕੇ ਸਮਾਜਵਾਦੀ ਵਿਵਸਥਾ ਦੇ ਲਈ ਰਸਤਾ ਅਖ਼ਤਿਆਰ ਕਰ ਰਹੀਆਂ ਸਨ। ਕਮਿਊਨਿਸਟ ਤਾਕਤਾਂ ਵੱਲੋਂ ਇਹ ਐਲਾਨ ਕੀਤਾ ਹੋਇਆ ਸੀ, ਕਿ ਸਮਾਜਵਾਦੀ ਪ੍ਰਬੰਧ ਹੇਠ  ਹਰ ਨਾਗਰਿਕ ਨੂੰ ਜਨਮ ਤੋਂ ਮੌਤ ਤੱਕ ਦੀ ਸਾਰੀ ਜ਼ਿਮੇਵਾਰੀ ਸਮਾਜਵਾਦੀ ਸਰਕਾਰਾਂ ਦੀ ਹੋਵੇਗੀ। ਜੀਹਦੇ ਲਈ ਹਰ ਇੱਕ ਨੂੰ ਰੋਟੀ,ਕੱਪੜਾ, ਮਕਾਨ, ਸਿੱਖਿਆ ਅਤੇ ਰੁਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਇਸਨੇ ਦੁਨੀਆਂ ਭਰ ਦੇ ਪੂੰਜੀਪਤੀਆਂ ਨੂੰ ਹੱਥਾਂ ਪੈਰਾਂ ਦੀ ਪਾਅ  ਦਿੱਤੀ। ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿੱਚ ਕ੍ਰਾਂਤੀਕਾਰੀ ਲਹਿਰਾਂ ਅਤੇ ਕੌਮੀ ਮੁਕਤੀ ਲਹਿਰਾਂ ਬੜੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਸਨ। ਓਧਰ ਚੀਨ ਦੀ ਕਮਿਊਨਿਸਟ ਪਾਰਟੀ ਦੀ  ਕ੍ਰਾਂਤੀਕਾਰੀ ਲਾਲ  ਲਹਿਰ ਅੱਗੇ ਵਧ ਰਹੀ ਸੀ। ਅਮਰੀਕੀ ਮਹਾਂਸ਼ਕਤੀ ਅਤੇ ਉਸਦੇ ਸਹਿਯੋਗੀ ਪੂੰਜੀਪਤੀਆਂ ਨੂੰ ਇਹ ਸਵੀਕਾਰ ਨਹੀਂ ਸੀ, ਜੋ ਇਸਨੂੰ ਇੱਕ ਚਣੌਤੀ ਵਜੋਂ ਦੇਖ ਰਹੇ ਸਨ। ਅਮਰੀਕੀ ਸਾਮਰਾਜਵਾਦ ਅਤੇ ਉਸਦੇ ਜੋਟੀਦਾਰਾਂ ਵੱਲੋਂ ਸਮਾਜਵਾਦ ਦੀ ਚੜ੍ਹਤ ਨੂੰ ਰੋਕਣ ਲਈ ਜਿੱਥੇ  ‘ਕੀਨਜ਼ਵਾਦੀ’ ਕਲਿਆਣਕਾਰੀ ਨੀਤੀਆਂ ਉੱਪਰ ਅਮਲ ਕਰਨਾ ਸ਼ੁਰੂ ਕੀਤਾ, ਓਥੇ ਅਮਰੀਕੀ ਸਾਮਰਾਜਵਾਦ ਵੱਲੋਂ ਸੋਚੇ ਸਮਝੇ ਦੁਨੀਆਂ ਦੀ ਅਮਨ ਪਸੰਦ ਜਨਤਾ ਵਿੱਚ ਖੌਫ਼ਨਾਕ ਦਹਿਸ਼ਤ ਪੈਦਾ ਕਰਨ ਅਤੇ ਆਪਣੀ ਜਿੱਤ ਦਾ ਝੰਡਾ ਗੱਡਣ ਲਈ ਇਹ ਖ਼ੂਨੀ ਕਾਂਡ ਅਤੇ ਵਿਨਾਸ਼ਕਾਰੀ ਲੀਲ੍ਹਾ ਰਚਾਈ ਗਈ।  ਅਮਰੀਕੀ ਸਾਮਰਾਜਵਾਦ ਦੁਨੀਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਸੀ ਕਿ ‘ਪ੍ਰਮਾਣੂੰ ਬੰਬ’ ਕਿੰਨੀ ਤਬਾਹੀ ਮਚਾ ਸਕਦੇ ਹਨ। 81 ਸਾਲ ਬਾਅਦ ਅੱਜ ਵੀ ਜਪਾਨ ਦੇ ਲੋਕ ਇਸਦੇ ਭਿਆਨਕ ਨਤੀਜਿਆਂ ਨੂੰ ਯਾਦ ਕਰਕੇ ਕੰਬ ਉਠਦੇ ਹਨ, ਉਹ ਅੱਜ ਵੀ ਪੀੜਤ ਹਨ ਅਤੇ ਕਈ ਸਦੀਆਂ ਤੱਕ ਪੀੜਤ ਰਹਿਣਗੇ।

ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਮੰਜ਼ਰ ਤੋਂ ਬਾਅਦ,  ਅਮਰੀਕਾ ਦੀ ਪ੍ਰਮਾਣੂੰ ਸ਼ਕਤੀ ਦਾ ਮੁਕਾਬਲਾ ਕਰਨ ਲਈ ਹੋਰਨਾਂ ਸਾਮਰਾਜਵਾਦੀ ਸ਼ਕਤੀਆਂ ਨੇ ਵੀ ਪ੍ਰਮਾਣੂੰ ਹਥਿਆਰਾਂ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ। ਅੱਜ ਜਿਨ੍ਹਾਂ ਕੋਲ ਭਿਆਨਕ ਪ੍ਰਮਾਣੂੰ ਹਥਿਆਰਾਂ ਦਾ ਬਹੁਤ ਵੱਡਾ ਜ਼ਖ਼ੀਰਾ ਹੈ – ਜਿਸ ਨਾਲ  ਪੂਰੀ ਧਰਤੀ ਨੂੰ ਕਈ ਵਾਰ ਖ਼ਤਮ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਸੋਵੀਅਤ ਯੂਨੀਅਨ  ਅਤੇ ਚੀਨ ਵੱਲੋਂ ਪ੍ਰਮਾਣੂ ਹਥਿਆਰਾਂ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਗਿਆ।  ਇਹ ਦੋਵੇਂ ਮੁਲਕ ਅਮਰੀਕੀ ਸਾਮਰਾਜਵਾਦ ਦੀ ਪ੍ਰਮਾਣੂੰ ਨੀਤੀ ਦਾ ਵਿਰੋਧ ਕਰਨ ਦੀ ਬਜਾਏ, ਖ਼ੁਦ ਸਾਮਰਾਜਵਾਦੀ ਮਨਸੂਬਿਆਂ ਦੇ ਝੰਡਾਬਰਦਾਰ ਬਣ ਗਏ ਹਨ।  ਦੁਨੀਆਂ ਦੇ ਕਈ ਵਿਕਾਸਸ਼ੀਲ ਮੁਲਕਾਂ ਨੇ ਵੀ ਇਹੀ ਰਸਤਾ ਅਪਣਾ ਲਿਆ ਹੈ।     

ਭਾਰਤ, ਪਾਕਿਸਤਾਨ, ਇਜ਼ਰਾਈਲ ਵਰਗੇ ਦੇਸ਼ ਵੀ ਪ੍ਰਮਾਣੂੰ ਸ਼ਕਤੀਆਂ ਵਿੱਚ ਸ਼ੁਮਾਰ ਹੋ ਗਏ ਹਨ। ਜੋ ਕਿਸੇ ਵੀ ਤਰ੍ਹਾਂ ਇਥੋਂ ਦੀ ਜਨਤਾ ਦੇ ਹਿੱਤ ਵਿੱਚ ਨਹੀਂ ਹੈ। ਇਹਨਾਂ ਹਥਿਆਰਾਂ ਦਾ ਇਸਤੇਮਾਲ ਗੁਆਂਢੀ ਦੇਸ਼ਾਂ ਵਿੱਚ ਕੜਵਾਹਟ ਪੈਦਾ ਕਰਨ, ਜਨਤਾ ਵਿੱਚ ਫੁੱਟ ਪਾਉਣ, ਹਥਿਆਰਾਂ ਦੀ ਹੋੜ ਨੂੰ ਤੇਜ਼ ਕਰਨ ਅਤੇ ਆਪਣੇ ਸਾਮਰਾਜਵਾਦੀ ਪ੍ਰਭੂਆਂ ਦੇ ਆਰਥਿਕ ਹਿੱਤਾਂ ਦੀ ਪੂਰਤੀ ਲਈ ਕੀਤਾ ਜਾ ਰਿਹਾ ਹੈ।

ਅੱਜ ਦੁਨੀਆਂ ਭਰ ਵਿੱਚ ਪ੍ਰਮਾਣੂੰ ਹਥਿਆਰਾਂ ਦੇ ਨਾਲ -ਨਾਲ ਪ੍ਰਮਾਣੂੰ ਊਰਜਾ ਦਾ ਵਿਰੋਧ ਕਰਨਾ  ਅਤੇ ਵਾਤਾਵਰਣ ਦੀ ਰੱਖਿਆ ਲਈ ਆਲਮੀ ਪੱਧਰ ‘ਤੇ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਹੈ। 1950 ਦੇ ਦਹਾਕੇ ਵਿੱਚ ਸਭ ਤੋਂ ਪਹਿਲਾਂ ਸਾਮਰਾਜਵਾਦੀ ਮੁਲਕਾਂ ਵੱਲੋਂ ਪ੍ਰਮਾਣੂੰ ਊਰਜਾ ਦਾ ਉਤਪਾਦਨ ਕਰਨ ਲਈ  ‘ਪ੍ਰਮਾਣੂੰ ਊਰਜਾ ਪਲਾਂਟ’ ਸਥਾਪਿਤ ਕੀਤੇ ਗਏ ਸਨ। ਉਸ ਸਮੇਂ ਤੋਂ ਹੀ ਯੂਰੇਨੀਅਮ ਦੀ ਖ਼ੁਦਾਈ ਦੇ ਕਾਰਣ ਅਤੇ ਪ੍ਰਮਾਣੂੰ ਬਿਜਲੀ ਘਰਾਂ ਤੋਂ ਨਿਕਲਣ ਵਾਲੀਆਂ ਹਾਨੀਕਾਰਕ ਰੇਡੀਏਸ਼ਨ (ਗੈਸਾਂ) ਦਾ ਹਵਾ ਵਿੱਚ ਫੈਲਣ ਕਰਕੇ, ਇਸ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਉਸ ਸਮੇਂ ਹੀ ਇਹਨਾਂ ਪ੍ਰਮਾਣੂੰ ਪਲਾਂਟਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ/ਵਰਕਰਾਂ ਅਤੇ ਨੇੜੇ ਤੇੜੇ ਰਹਿਣ ਵਾਲੇ ਲੋਕਾਂ ਉੱਪਰ ਖ਼ਤਰਾ ਮੰਡਰਾਉਣ ਲੱਗ ਪਿਆ ਸੀ। ਇਹਨਾਂ ਤੋਂ ਪੈਦਾ ਹੋ ਰਹੇ ਹਜ਼ਾਰਾਂ ਟਨ ਕਚਰੇ ਨੂੰ ਖਪਾਉਣ ਲਈ ਪੈਦਾ ਹੋਈਆਂ ਸਮੱਸਿਆਂ ਨੂੰ ਲੈਕੇ ਸੰਸਾਰ ਭਰ ਵਿੱਚ ਅਨੇਕਾਂ ਸਵਾਲ ਗੰਭੀਰ ਬਹਿਸ ਦਾ ਵਿਸ਼ਾ ਬਣੇ ਹੋਏ ਹਨ। ਪ੍ਰੰਤੂ ਉਸ ਸਮੇਂ ਤੱਕ ‘ਪ੍ਰਮਾਣੂੰ ਲਾਬੀ’ ਕਾਫੀ ਤਾਕਤਵਰ ਬਣ ਚੁੱਕੀ ਸੀ। ਕਈ ਪ੍ਰਮਾਣੂੰ ਵਿਗਿਆਨੀ ਜਿਵੇਂ ਕਿ ਭਾਰਤ ਵਿੱਚ ‘ਹੋਮੀ ਭਾਵਾ’ ਵੱਲੋਂ ਪ੍ਰਮਾਣੂੰ ਊਰਜਾ ਦੀ ਲੋੜ ਨੂੰ ਵਧਾ ਚੜ੍ਹਾਕੇ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਭਾਰਤ ਦੇ ਵੱਖ ਵੱਖ ਪ੍ਰਧਾਨ ਮੰਤਰੀ ਵੀ ਪ੍ਰਮਾਣੂੰ ਊਰਜਾ ਦੀ ਵਕਾਲਤ ਕਰਦੇ ਰਹੇ ਹਨ। ਪਰ ਪ੍ਰਮਾਣੂੰ ਪਲਾਂਟਾਂ ਦਾ ਇਤਿਹਾਸ ਇਹਨਾਂ ਦੇ ਨਿਰਮਾਣ ਤੋਂ ਲੈਕੇ ਹੁਣ ਤੱਕ ਪੂਰੀ ਤਰ੍ਹਾਂ ਮਨੁੱਖਤਾ ਵਿਰੋਧੀ ਰਿਹਾ ਹੈ। ਜਦੋਂ ਕਿ ਸਾਮਰਾਜਵਾਦੀ ਬਹੁ ਕੌਮੀ ਕੰਪਨੀਆਂ ਅਤੇ ਵਿਗਿਆਨਕਾਂ ਦੀ ‘ਪ੍ਰਮਾਣੂੰ ਲਾਬੀ’ ਵੱਲੋਂ ਇਹ ਪ੍ਰਚਾਰ ਕੀਤਾ ਗਿਆ, ਕਿ ਪ੍ਰਮਾਣੂੰ ਊਰਜਾ ਪ੍ਰਦੂਸ਼ਣ ਰਹਿਤ ਅਤੇ ਸਸਤੀ ਹੋਵੇਗੀ। ਇਸਦੇ ਨਾਲ ਹੀ ਇੱਕ ਪਾਗ਼ਲਪਨ ਤਰਕ ਇਹ ਵੀ ਜੋੜ ਦਿੱਤਾ ਗਿਆ, ਕਿ ਕੁੱਝ ਸਾਲਾਂ ਬਾਅਦ ਪੈਟਰੋਲ -ਡੀਜਲ ਖ਼ਤਮ ਹੋ ਜਾਵੇਗਾ, ਪੈਟਰੋਲ ਦੇ ਰੇਟ ਵਧ ਜਾਣਗੇ, ਪੂੰਜੀਵਾਦੀ ਵਿਵਸਥਾ ਪਟੜੀ ਤੋਂ ਉੱਤਰ ਜਾਵੇਗੀ। ਜਦੋਂ ਕਿ ਸੱਚ ਇਹ ਹੈ, ਕਿ ਪ੍ਰਮਾਣੂੰ ਊਰਜਾ ਦਾ ਨਿਰਮਾਣ ਕਿਸੇ ਵੀ ਪੱਖੋਂ ਸਸਤਾ ਨਹੀਂ ਹੈ, ਬਲਕਿ ਪ੍ਰਮਾਣੂੰ ਪਲਾਂਟਾਂ ਵਿੱਚੋਂ ਨਿਕਲਣ ਵਾਲੀਆਂ ਹਾਨੀਕਾਰਕ ਰੇਡੀਏਸ਼ਨ ਦੇ ਕਾਰਣ ਮਨੁੱਖਤਾ ਦਾ ਘਾਣ ਜੁੜਿਆ ਹੋਇਆ ਹੈ ਅਤੇ ਇਸ ਵਿੱਚੋਂ ਨਿਕਲਣ ਵਾਲੇ ਕਚਰੇ ਨੂੰ ਠਿਕਾਣੇ ਲਾਉਣ ਲਈ ਬਹੁਤ ਵੱਡੀ ਕੀਮਤ ਉਤਾਰਨੀ ਪੈ ਰਹੀ ਹੈ।

ਸਭ ਤੋਂ ਪਹਿਲਾਂ 28 ਮਾਰਚ 1979 ਨੂੰ ਦੁਨੀਆਂ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਅਮਰੀਕਾ ਦੇ ਨੱਕ ਹੇਠ ਹੀ  ‘ਪੇਨਸਿਲਵਾਨੀਆਂ’  ਦੇ ਨੇੜੇ ‘ਥ੍ਰੀਮਾਈਲ ਆਈਲੈਂਡ’ ਵਿਖੇ ਪ੍ਰਮਾਣੂ ਪਲਾਂਟ ਵਿੱਚ ਵੱਡਾ ਹਾਦਸਾ ਵਾਪਰ ਗਿਆ ਸੀ ਅਤੇ ਵਾਤਾਵਰਣ ਵਿੱਚ ਜ਼ਹਿਰੀਲੀ ਰੇਡੀਏਸ਼ਨ  ਫੈਲ ਗਈ। ਜੀਹਦੇ ਨਾਲ ਹਜ਼ਾਰਾਂ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ, ਲੱਖਾਂ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ਤੋਂ ਸੱਤ ਸਾਲ ਬਾਅਦ ਇੱਕ ਹੋਰ ਪ੍ਰਮਾਣੂੰ ਹਾਦਸਾ ਵਾਪਰ ਗਿਆ, ਜਿਹੜਾ ‘ਪ੍ਰਮਾਣੂੰ ਲਾਬੀ’  ਦੇ ਮੂੰਹ ‘ਤੇ ਕਰਾਰੀ ਚਪੇੜ ਸਾਬਿਤ ਹੋਇਆ।  ਸਾਬਕਾ ਸੋਵੀਅਤ ਯੂਨੀਅਨ ਵਿੱਚ ‘ਚੇਨਰੋਵਿਲ’ (ਉਕਰੇਨ) ਵਿਖੇ 26 ਅਪ੍ਰੈਲ 1986 ਨੂੰ ਪ੍ਰਮਾਣੂ ਪਲਾਂਟ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰ ਗਿਆ, ਜਿਸਦੇ  ਨਾਲ ਭਾਰੀ ਤਬਾਹੀ ਮਚਾ ਦਿੱਤੀ।  ਲੱਖਾਂ ਲੋਕ ਮਾਰੇ ਗਏ, ਨੇੜੇ ਦੇ ਸ਼ਹਿਰਾਂ ਨੂੰ ਤੁਰੰਤ ਖ਼ਾਲੀ ਕਰਵਾਇਆ ਗਿਆ। 1.25 ਲੱਖ ਹੈਕਟੇਅਰ ਭੂਮੀ ਨੂੰ ਇਹ ਘੋਸ਼ਿਤ ਕਰ ਦਿੱਤਾ ਗਿਆ ਸੀ ਕਿ ਇਹ ਅਨਾਜ ਉਗਾਉਣ ਦੇ ਕਾਬਲ ਨਹੀਂ ਰਹੀ। ਉਸ ਸਮੇਂ ਅਮਰੀਕੀ ਸਾਮਰਾਜਵਾਦ ਅਤੇ ਉਸ ਦੀ ਪ੍ਰਮਾਣੂੰ ਲਾਬੀ ਵੱਲੋਂ ਪੂਰੀ ਬੇਸ਼ਰਮੀ ਨਾਲ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਇਹ ਹਾਦਸਾ ਸਮਾਜਵਾਦੀ ਪ੍ਰਬੰਧ ਦੇ ਤਕਨੀਕੀ ਪਛੜੇਪਣ ਦੇ ਕਾਰਣ ਵਾਪਰਿਆ ਹੈ। ਪ੍ਰਮਾਣੂੰ ਲਾਬੀ ਵੱਲੋਂ ਅਜਿਹੇ ਹਾਲਾਤ  ਬਣਾ  ਦਿੱਤੇ ਗਏ,ਕਿ ਪ੍ਰਮਾਣੂੰ ਊਰਜਾ  ਬਾਰੇ ਕੋਈ ਸਾਰਥਕ ਬਹਿਸ ਹੀ ਨਹੀਂ ਹੋਣ ਦਿੱਤੀ ਗਈ। ਦੂਜੇ ਪਾਸੇ, ਸਾਮਰਾਜਵਾਦੀ ਦੇਸ਼ਾਂ ਅੰਦਰ ਵਾਤਾਵਰਨ ਮਾਹਿਰਾਂ ਅਤੇ ਆਮ ਜਨਤਾ ਵੱਲੋਂ ਪ੍ਰਮਾਣੂ ਊਰਜਾ ਦੇ ਖ਼ਿਲਾਫ਼ ਤਿੱਖਾ ਵਿਰੋਧ ਕੀਤਾ ਗਿਆ। ਤਕਨੀਕ ਦੇ ਪੱਖ ਤੋਂ ਸਭ ਤੋਂ ਉੱਨਤ ਸਾਮਰਾਜਵਾਦੀ ਮੁਲਕ ‘ਜਪਾਨ’  ਜਿੱਥੇ ਪੰਦਰਾਂ ਸਾਲ ਪਹਿਲਾਂ 11 ਮਾਰਚ 2011 ਨੂੰ ਫੁਕੂਸ਼ੀਮਾ ਵਿਖੇ ਸੁਨਾਮੀ ਦੀ ਵਜ੍ਹਾ ਕਰਕੇ ਤੀਜਾ ਸਭ ਤੋਂ ਵੱਡਾ ਪ੍ਰਮਾਣੂੰ ਹਾਦਸਾ ਵਾਪਰ ਗਿਆ, ਜਿੱਥੇ ਹਵਾ ਵਿੱਚ ਫ਼ੈਲੀਆਂ ਜ਼ਹਿਰੀਲੀਆਂ ਰੇਡੀਏਸ਼ਨਾਂ ਦੇ ਕਾਰਣ ਕੁੱਝ ਹੀ ਘੰਟਿਆਂ ਵਿੱਚ ਹਜ਼ਾਰਾਂ ਲੋਕ ਮੌਤ ਦੇ ਜਬਾੜਿਆਂ ਵਿੱਚ ਚਲੇ ਗਏ ਅਤੇ ਲੱਖਾਂ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਗਏ। ਅੱਜ ਵੀ ਜ਼ਹਿਰੀਲੀਆਂ ਗੈਸਾਂ ਤੋਂ ਪ੍ਰਭਾਵਿਤ ਨਵ ਜਨਮੇ ਬੱਚੇ ਵੱਡੀ ਗਿਣਤੀ ਵਿੱਚ ਅਨੇਕਾਂ ਰੋਗਾਂ ਦੇ ਸ਼ਿਕਾਰ ਪੈਦਾ ਹੁੰਦੇ ਹਨ। ਇਸ ਹਾਦਸੇ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਹਾਹਾਕਾਰ ਮੱਚ ਗਈ, ਹਰ ਦੇਸ਼ ਵਿੱਚ ਪ੍ਰਮਾਣੂੰ ਊਰਜਾ ਦੇ ਖ਼ਿਲਾਫ਼ ਤਿੱਖੇ ਅੰਦੋਲਨ ਹੋਣ ਲੱਗ ਪਏ। ਇਸਦਾ ਨਤੀਜ਼ਾ ਇਹ ਹੋਇਆ, ਕਿ ਅਮਰੀਕਾ ਅਤੇ ਫਰਾਂਸ ਨੇ ਅੱਗੇ ਤੋਂ ਕੋਈ ਨਵਾਂ ਪ੍ਰਮਾਣੂੰ ਪਲਾਂਟ ਨਾਂ ਲਾਉਣ  ਦਾ ਨਿਰਣਾ ਕਰ ਲਿਆ। ਉਸ ਸਮੇਂ ਫਰਾਂਸ ਕੋਲ ਉੱਨੀਂ ਪ੍ਰਮਾਣੂੰ ਪਲਾਂਟ ਸਨ ਅਤੇ 58 ਰਿਐਕਟਰ ਕੰਮ ਕਰਦੇ ਸਨ।  ਅਮਰੀਕਾ ਤੋਂ ਬਾਅਦ ਫਰਾਂਸ ਦੁਨੀਆਂ ਦਾ ਦੂਜੇ ਨੰਬਰ ਦਾ ਪ੍ਰਮਾਣੂੰ ਉਤਪਾਦਕ ਕੇਂਦਰ ਸੀ। ਸਾਮਰਾਜਵਾਦੀ ਸ਼ਕਤੀਆਂ ਅਤੇ ਬਹੁ ਰਾਸ਼ਟਰੀ ਕੰਪਨੀਆਂ ਨੇ ਵਿਕਾਸਸ਼ੀਲ ਮੁਲਕਾਂ ਦੇ ਪ੍ਰਮਾਣੂ ਮਾਹਿਰਾਂ ਅਤੇ ਦਲਾਲ ਹਾਕਮਾਂ  ਨੂੰ ਆਪਣੇ ਪੱਖ ਵਿੱਚ ਕਰਕੇ ਪ੍ਰਮਾਣੂੰ ਸਮੱਗਰੀ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਇਸਦੀ ਸਭ ਤੋਂ ਵੱਡੀ ਉਦਾਹਰਣ ਹੈ।

 ਭਾਰਤ ਵਿੱਚ ਸ਼ੁਰੂ ਤੋਂ ਹੀ ਪ੍ਰਮਾਣੂੰ ਸੰਸਥਾਵਾਂ ਅਤੇ ਵਿਗਿਆਨੀਆਂ  ਦੀ  ਸੋਵੀਅਤ ਸੰਘ ਪੱਖੀ ਲਾਬੀ ਮੌਜੂਦ ਰਹੀ ਹੈ। ਜਿਸਨੇ ਦੇਸ਼ ਵਿੱਚ ਸੋਵੀਅਤ ਨਮੂਨੇ ਦੇ ਪ੍ਰਮਾਣੂ ਯੰਤਰ ਲਾਉਣ ਨੂੰ ਤਰਜੀਹ ਦਿੱਤੀ। ਇਹ ਲਾਬੀ ਤਾਮਿਲਨਾਡੂ ਵਿੱਚ ‘ਕੁਡਨਕੁਲਮ’,  ਮਹਾਂਰਾਸ਼ਟਰ ਵਿੱਚ ‘ਜੈਤਾਪੁਰ’, ਮੱਧ ਪ੍ਰਦੇਸ਼  ਵਿੱਚ ‘ਚੁਟਕਾ’,  ਅਤੇ ਹਰਿਆਣਾ ਦੇ ਫਤਿਹਬਾਦ ਜ਼ਿਲ੍ਹੇ ਦੇ ‘ਗੋਰਖਪੁਰ’ ਤੋਂ ਇਲਾਵਾ ਆਂਧਰਾ, ਉੜੀਸਾ ਅਤੇ ਹੋਰਨਾਂ ਅਨੇਕਾਂ ਥਾਵਾਂ ‘ਤੇ ਅਜਿਹੇ ਪ੍ਰਮਾਣੂੰ ਬਿਜਲੀ ਪਲਾਂਟ ਸਥਾਪਤ ਕੀਤੇ ਜਾ ਚੁੱਕੇ ਹਨ।  ਜੋ ਕਦੇ ਵੀ ‘ਪ੍ਰਮਾਣੂੰ ਟਾਈਮ ਬੰਬ’ ਬਣ ਸਕਦੇ ਹਨ।  ਮਹਾਂਰਾਸ਼ਟਰ ਵਿੱਚ ‘ਜੈਤਾਪੁਰ’ ਵਿਖੇ ਸਥਾਪਤ  ਊਰਜਾ ਪਲਾਂਟ  ਦੁਨੀਆਂ ਦਾ ਸਭ ਤੋਂ ਵੱਡਾ ਪ੍ਰਮਾਣੂੰ ਊਰਜਾ ਪਲਾਂਟ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਵਿੱਚ ਲੱਗੇ ਕਰੀਬ 20 ਰਿਐਕਟਰਾਂ ਵਿੱਚੋਂ ਦੋ ਰਿਐਕਟਰ ਫੂਕੂਸੀਮਾ ਜਿਨ੍ਹੇਂ ਹੀ ਪੁਰਾਣੇ ਹਨ ਅਤੇ ਇਹਨਾਂ ਨੂੰ ਉਸੇ ਅਮਰੀਕੀ ਕੰਪਨੀ ‘ਜਨਰਲ ਇਲੈਕਟ੍ਰਿਕ’ (GE) ਵੱਲੋਂ ਲਗਾਇਆ ਗਿਆ ਹੈ। ਫੂਕੂਸੀਮਾਂ ਦੀ ਘਟਨਾ ਤੋਂ ਬਾਅਦ ਸਾਡੇ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਭਾਰਤ ਦੇ ਸਾਰੇ ਪ੍ਰਮਾਣੂੰ ਪਲਾਂਟ ਸੁਰੱਖਿਅਤ ਹਨ। ਇਹ ਬਹੁਤ ਵੱਡੀ ਤ੍ਰਾਸਦੀ ਹੈ, ਕਿ ਮੁਨਾਫ਼ਾ ਕਮਾਉਣ ਲਈ ਅਤੇ ਪ੍ਰਮਾਣੂੰ ਊਰਜਾ ਦੇ ਕਾਰੋਬਾਰ ਵਿੱਚ ਲੱਗੀਆਂ ਬਹੁ ਕੌਮੀ ਕੰਪਨੀਆਂ ਅਤੇ ਵੱਡੇ ਕਾਰਪੋਰੇਟ ਘਰਾਣੇ, ਨਵ- ਬਸਤੀਵਾਦੀ ਦੇਸ਼ਾਂ ਦੀਆਂ ਦਲਾਲ ਹਾਕਮ ਜਮਾਤਾਂ  ਇਸ ਤੋਂ ਨਿਕਲਣ ਵਾਲੇ ਭਿਆਨਕ ਸਿੱਟਿਆਂ ‘ਤੇ ਪਰਦਾ ਪਾਅ ਰਹੀਆਂ ਹਨ। ਪ੍ਰਮਾਣੂੰ ਪਲਾਂਟਾਂ ਵਿੱਚੋਂ ਨਿਕਲਣ ਵਾਲੀਆਂ ਖ਼ਤਰਨਾਕ ਗ੍ਰੀਨ ਹਾਊਸ ਗੈਸਾਂ ਕਦੇ ਵੀ ਆਮ ਜਨਤਾ ਲਈ ਮੌਤ ਦਾ ਮੰਜ਼ਰ ਬਣ ਸਕਦੀਆਂ ਹਨ। ਸਾਮਰਾਜਵਾਦੀ ਮੁਲਕ ਆਪਣੇ ਪ੍ਰਮਾਣੂੰ ਪਲਾਂਟਾਂ ਨੂੰ  ਪੂਰਨ ਤੌਰ ‘ਤੇ ਖ਼ਤਮ ਤਾਂ ਨਹੀਂ ਕਰ ਰਹੇ  ਪਰ ਕੁੱਝ ਪਲਾਂਟਾਂ ਨੂੰ ਬੰਦ ਕਰਕੇ  ਅਤੇ ਨਵੇਂ ਪਲਾਂਟ ਨਾਂ ਲਾਉਣ ਕਰਕੇ, ਪ੍ਰਮਾਣੂ ਸਾਜ਼ੋ ਸਮਾਨ ਵਿਕਾਸਸ਼ੀਲ ਮੁਲਕਾਂ ਵੱਲ ਧੱਕ ਰਹੇ ਹਨ, ਜਿਥੇ ਨਵੇਂ ਪ੍ਰਮਾਣੂੰ ਊਰਜਾ ਪਲਾਂਟਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜਦੋਂ ਫ਼ਰਾਂਸ,ਜਪਾਨ ਅਤੇ ਜਰਮਨੀ ਸਮੇਤ ਕਈ ਮੁਲਕ  ਆਪਣੇ -2 ਪ੍ਰਮਾਣੂੰ  ਪਲਾਂਟ ਬੰਦ ਕਰਨ ਦਾ ਐਲਾਨ ਕਰ ਚੁੱਕੇ ਹਨ। ਜਰਮਨੀ ਨੇ 17 ਪ੍ਰਮਾਣੂੰ ਬਿਜਲੀ ਰਿਐਕਟਰ ਬੰਦ ਕਰਨ ਦਾ ਨਿਰਣਾ ਕਰ ਲਿਆ ਹੈ। ਵੈਨਜ਼ੂਏਲਾ,ਚਿੱਲੀ ਅਤੇ ਸਵਿਟਜ਼ਰਲੈਂਡ ਵਿੱਚ ਪ੍ਰਮਾਣੂ ਊਰਜਾ ਘਰਾਂ ਦਾ ਨਿਰਮਾਣ ਰੱਦ ਕਰ ਦਿੱਤਾ ਗਿਆ ਹੈ। ਪਰ ਸਾਮਰਾਜਵਾਦੀ  ਦੇਸ਼ ਆਪਣਾ ਕੂੜਾ ਕਬਾੜ ਭਾਰਤ ਵਰਗੇ ਨਵ ਬਸਤੀਵਾਦੀ ਦੇਸ਼ਾਂ ਨੂੰ ਵੇਚਕੇ ਡਾਲਰ ਕਮਾ ਰਹੇ ਹਨ।               

ਭਾਰਤ ਇਸ ਸਮੇਂ ਆਪਣੀ ਪ੍ਰਮਾਣੂੰ ਨੀਤੀ ਦੇ ਇੱਕ ਨਿਰਣਾਇਕ ਮੋੜ ਤੇ ਖੜਾ ਹੈ।  ਸਾਮਰਾਜਵਾਦੀ ਤਾਕਤਾਂ ਦਾ ਸਰਗਣਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ਼ ਯੁੱਧ ਦੇ ਦਬਾਅ ਹੇਠ ਆ ਕੇ ਭਾਰਤ ਦੀ ਫਾਸਿਸਟ ਮੋਦੀ ਸਰਕਾਰ ਸਾਮਰਾਜਵਾਦ ਦੀ ਯੂਨੀਅਰ ਪਾਰਟਨਰ ਬਣੀ ਹੋਈ ਹੈ। ਮੋਦੀ ਸਰਕਾਰ ਵੱਲੋਂ ਦੋ ਮਹੱਤਵਪੂਰਨ ਕਾਨੂੰਨਾਂ – “ਪ੍ਰਮਾਣੂੰ ਊਰਜਾ ਐਕਟ- 1962”  ਅਤੇ  ਪ੍ਰਮਾਣੂੰ ਨੁਕਸਾਨ ਹੋਣ ਤੋਂ ਬਚਣ ਲਈ “ਸਿਵਲ ਜ਼ਿਮੇਵਾਰੀ ਐਕਟ -2010” ਵਿੱਚ ਸੋਧ ਕਰਨ ਲਈ  ਯਤਨ ਕੀਤੇ ਜਾ ਰਹੇ ਹਨ। ਇਸਦੇ ਖਿਲਾਫ਼ ਨੈਸ਼ਨਲ ਅਲਾਇੰਸ ਆਫ਼ ਐਂਟੀ ਨਿਊਕਲਰ ਮੂਵਮੈਂਟ (NAAPM) ਅਤੇ ਦੇਸ਼ ਭਰ ਦੇ ਜਾਗਰੂਕ ਨਾਗਰਿਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸੋਧਾਂ ਸਾਮਰਾਜਵਾਦੀ ਮੁਲਕਾਂ ਦੇ ਦਬਾਅ ਹੇਠ ਆ ਕੇ ਕੀਤੀਆਂ ਜਾ ਰਹੀਆਂ ਹਨ । ਇਸਦੇ ਨਾਲ ਵਿਦੇਸ਼ੀ ਤਕਨੀਕ ਅਤੇ ਬਹੁ ਕੌਮੀ ਕੰਪਨੀਆਂ ਉੱਪਰ ਨਿਰਭਰਤਾ ਵਧ ਜਾਵੇਗੀ। ਸਾਡੀਆਂ ਹੁਣ ਤੱਕ ਦੀਆਂ ਸਰਕਾਰਾਂ ਅਤੇ ਪ੍ਰਧਾਨ ਮੰਤਰੀ ਪ੍ਰਮਾਣੂ ਊਰਜਾ ਤੋਂ ਪੈਦਾ ਹੋਣ ਵਾਲੀ ਬਿਜਲੀ ਦੀ ਰੌਸ਼ਨੀ ਨਾਲ ਇਨ੍ਹੇ ਅੰਨ੍ਹੇ ਅਤੇ ਬੋਲ਼ੇ ਹੋ ਗਏ ਹਨ। ਜਿਨ੍ਹਾਂ ਨੂੰ ਆਮ ਜਨਤਾ ਦੀ ਆਵਾਜ਼ ਸੁਣਾਈ ਨਹੀਂ ਦਿੰਦੀ, ਜਦੋਂ ਕਿ, ਪੂਰੀ ਦੁਨੀਆਂ ਪ੍ਰਮਾਣੂੰ ਊਰਜਾ ਅਤੇ ਪ੍ਰਮਾਣੂੰ ਹਥਿਆਰਾਂ ਦੇ ਖ਼ਤਰੇ ਤੋਂ ਜਾਣੂੰ ਹੋ ਚੁੱਕੀ ਹੈ। ਅੱਜ ਆਲਮੀ ਪੱਧਰ ‘ਤੇ ਇਸਦੇ ਖ਼ਿਲਾਫ਼  ਆਵਾਜ਼ ਉਠਾਉਣ ਦੀ ਲੋੜ ਹੈ। ਵਿਸ਼ਵ ਪੱਧਰ ‘ਤੇ ਵਧ ਰਹੇ ਵੈਸ਼ਵਿਕ ਤਾਪਮਾਨ (ਗਲੋਬਲ ਵਾਰਨਿੰਗ) ਅਤੇ ਉਸ ਤੋਂ ਪੈਦਾ ਹੋਣ ਵਾਲੇ ਜਲਵਾਯੂ ਪਰਿਵਰਤਨ ਦੇ ਸੰਕਟ ਦੇ ਹੱਲ ਲਈ ਮਨੁੱਖਤਾ ਮਾਰੂ ਨੀਤੀਆਂ ਦਾ ਡਟਕੇ ਵਿਰੋਧ ਕਰਨਾ ਚਾਹੀਦਾ ਹੈ, ਤਾਂ ਕਿ ‘ਪ੍ਰਮਾਣੂੰ ਹਥਿਆਰਾਂ’ ਅਤੇ ਪ੍ਰਮਾਣੂੰ ਊਰਜਾ ਪਲਾਂਟਾਂ ਤੋਂ ਮੁਕਤ ਦੁਨੀਆਂ ਦੀ ਰਚਨਾ ਕੀਤੀ ਜਾ ਸਕੇ ਅਤੇ ਭਵਿੱਖ ਵਿੱਚ ਆਮ ਜਨਤਾ ਨੂੰ ਵਿਨਾਸ਼ਕਾਰੀ ਖ਼ਤਰਿਆਂ ਤੋਂ ਬਚਾਇਆ ਜਾ ਸਕੇ।


Leave a Reply

Your email address will not be published. Required fields are marked *