ਜੋਸ਼ੋ ਖਰੋਸ਼ ਨਾਲ ਮਨਾਈ ਗਈ ਸ਼ਹੀਦ ਕਾਮਰੇਡ ਅੱਚਰਵਾਲ ਅਤੇ ਪਿੰਡ ਦੇ ਸਮੂਹ ਸ਼ਹੀਦਾਂ ਦੀ ਬਰਸੀ

ਮਾਲਵਾ

ਅੱਚਰਵਾਲ, ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ)– ਨਕਸਲਬਾੜੀ ਲਹਿਰ ਦੇ ਉਘੇ ਆਗੂ ਸ਼ਹੀਦ ਅਮਰ ਸਿੰਘ ਅੱਚਰਵਾਲ ਦੀ 34ਵੀਂ ਮੌਕੇ ਹਰ ਸਾਲ ਦੀ ਤਰ੍ਹਾਂ ਪਿੰਡ ਦੇ ਕੂਕਾ ਲਹਿਰ ਅਤੇ ਗ਼ਦਰ ਲਹਿਰ ਦੇ ਸ਼ਹੀਦਾਂ ਦੀ ਬਰਸੀ ਜੋਸ਼ੋ ਖਰੋਸ਼ ਨਾਲ ਮਨਾਈ ਗਈ।
ਸ਼ਹੀਦੀ ਯਾਦਗਾਰ ਕਮੇਟੀ ਅੱਚਰਵਾਲ ਦੇ ਪ੍ਰਧਾਨ ਜਗਤਾਰ ਸਿੰਘ ਅੱਚਰਵਾਲ ਨੇ ਦਸਿਆ ਕਿ ਇਸ ਵਾਰ ਕਾਮਰੇਡ ਅਮਰ ਸਿੰਘ ਦੀ ਸ਼ਹੀਦੀ ਲਾਟ ਉਤੇ ਲਾਲ ਝੰਡਾ ਦੇਸ਼ਭਗਤ ਯਾਦਗਾਰ ਟਰੱਸਟ ਜਲੰਧਰ ਦੀ ਸੀਨੀਅਰ ਟਰੱਸਟੀ ਕਾਮਰੇਡ ਸੁਰਿੰਦਰ ਕੁਮਾਰੀ ਕੋਛੜ ਵਲੋਂ ਲਹਿਰਾਇਆ ਗਿਆ। ਇਸ ਮੌਕੇ ਹੋਈ ਸ਼ਹੀਦੀ ਕਾਨਫਰੰਸ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੀਨੀਅਰ ਆਗੂ ਅਤੇ ਸ਼ਹੀਦ ਅੱਚਰਵਾਲ ਦੇ ਸਾਥੀ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਆਰ ਐਮ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਨਿਰਭੈ ਸਿੰਘ ਢੁੱਡੀਕੇ, ਦੇਸ਼ਭਗਤ ਯਾਦਗਾਰ ਟਰੱਸਟ ਜਲੰਧਰ ਵਲੋਂ ਕਾਮਰੇਡ ਅਮੋਲਕ ਸਿੰਘ, ਦਸ਼ਮੇਸ਼ ਕਿਸਾਨ ਯੂਨੀਅਨ ਦੇ ਪ੍ਰਧਾਨ ਜਸਦੇਵ ਸਿੰਘ ਲਲਤੋਂ, ਗ਼ਦਰੀ ਬਾਬੇ ਦੂਲਾ ਸਿੰਘ ਜਲਾਲਦੀਵਾਲ ਦੇ ਪੋਤੇ ਅਤੇ ਸੀਪੀਆਈ ਆਗੂ ਕਾਮਰੇਡ ਸੁਰਿੰਦਰ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਸਕੱਤਰ ਕੰਵਲਜੀਤ ਖੰਨਾ, ਕਾਮਰੇਡ ਸੰਤ ਸਚਿਦਾਨੰਦ, ਕਾਮਰੇਡ ਪ੍ਰਸ਼ੋਤਮ ਸ਼ਰਮਾ ਕੇਂਦਰੀ ਕਮੇਟੀ ਸੀਪੀਆਈ (ਐਮ ਐਲ) ਅਤੇ ਬੀਕੇਯੂ ਏਕਤਾ (ਧਨੇਰ) ਦੇ ਜ਼ਿਲ੍ਹਾ ਆਗੂ ਹਰਬਖਸੀਸ਼ ਸਿੰਘ ਚੱਕ ਭਾਈ ਕਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਰੋੜਾਂ ਲੋਕਾਂ ਨੂੰ ਜਬਰੀ ਉਜਾੜ ਕੇ ਦੇਸ਼ ਦੇ ਜਲ ਜੰਗਲ ਜ਼ਮੀਨ ਵਰਗੇ ਸਾਰੇ ਕੁਦਰਤੀ ਸੋਮਿਆਂ ਨੂੰ ਅਡਾਨੀ ਅੰਬਾਨੀ ਵਰਗੇ ਵੱਡੇ ਕਾਰਪੋਰੇਟਰਾਂ ਦੇ ਹਵਾਲੇ ਕਰਨ ਅਤੇ ਅਮਰੀਕੀ ਸਾਮਰਾਜ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਦੇਸ਼ ਦੀ ਖੇਤੀ ਸਨਅਤ ਤੇ ਵਪਾਰ ਨੂੰ ਤਬਾਹ ਕਰਨ ਵਾਲੀਆਂ ਨੀਤੀਆਂ ਦਾ ਸਖ਼ਤ ਵਿਰੋਧ ਕੀਤਾ। ਪੰਜਾਬ ਦੇ ਦਰਿਆਈ ਪਾਣੀ, ਬਿਜਲੀ ਅਤੇ ਜ਼ਮੀਨ ਨੂੰ ਕੇਂਦਰ ਵਲੋਂ ਅਪਣੀ ਜਕੜ ਵਿੱਚ ਲੈਣ ਵਾਲੀਆਂ ਨੀਤੀਆਂ ਤੇ ਕਾਨੂੰਨੀ ਧਾਰਾਵਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ ਗਈ। ਮਾਨ ਸਰਕਾਰ ਵਲੋਂ ਅਪਣੇ ਚੋਣ ਵਾਦਿਆਂ ਦੇ ਉਲਟ ਲੋਕਾਂ ਨੂੰ ਸੁਆਲ ਕਰਨੋ ਰੋਕਣ ਅਤੇ ਜਨਤਾ ਦੇ ਵੱਖ ਵੱਖ ਹਿੱਸਿਆਂ ਉਤੇ ਜਬਰ ਢਾਹੁਣ ਦੀਆਂ ਕਾਰਵਾਈਆਂ ਦੇ ਖਿਲਾਫ ਜਨਤਾ ਨੂੰ ਇਕਜੁੱਟ ਹੋ ਕੇ ਵਿਰੋਧ ਕਰਨ ਦੀ ਅਪੀਲ ਕੀਤੀ ਗਈ।

ਇਸ ਮੌਕੇ ਇਕਬਾਲ ਕੌਰ ਉਦਾਸੀ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ, ਅੰਮ੍ਰਿਤ ਬੰਗੇ, ਰਾਮ ਸਿੰਘ ਨੂਰਪੁਰੀ, ਜਗਸੀਰ ਜੀਦਾ ਨੇ ਅਪਣੇ ਇਨਕਲਾਬੀ ਗੀਤਾਂ ਨਾਲ ਰੰਗ ਬੰਨਿਆ। ਸਮਾਗਮ ਦਾ ਮੰਚ ਸੰਚਾਲਨ ਅਰਸ਼ਦੀਪ ਸਿੰਘ ਅੱਚਰਵਾਲ ਨੇ ਖ਼ੂਬਸੂਰਤੀ ਨਾਲ ਕੀਤਾ। ਅੰਤ ਵਿੱਚ ਸ਼ਹੀਦੀ ਯਾਦਗਾਰ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਤਾਰਾ ਨੇ ਸਮੂਹ ਪਹੁੰਚੇ ਲੋਕਾਂ ਦਾ ਸਹਿਯੋਗ ਤੇ ਸ਼ਮੂਲੀਅਤ ਲਈ ਧੰਨਵਾਦ ਕੀਤਾ।

ਇਸ ਸ਼ਹੀਦੀ ਕਾਨਫਰੰਸ ਵਿੱਚ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ ਧੀਆਂ ਰਾਣੀ ਤੇ ਹਰਬੰਸ ਕੌਰ ਅਤੇ ਉਨ੍ਹਾਂ ਦੇ ਜੀਵਨ ਸਾਥੀ ਦੁੱਲਾ ਸਿੰਘ ਤੇ ਮਨਦੀਪ ਸਿੰਘ, ਕਾਮਰੇਡ ਅੱਚਰਵਾਲ ਦਾ ਪੋਤਾ ਕਮਲਪ੍ਰੀਤ ਸਿੰਘ, ਮਰਹੂਮ ਕਾਮਰੇਡ ਲਾਲ ਸਿੰਘ ਕਾਲਸਾਂ ਦਾ ਪੁੱਤਰ ਗੁਰਦੇਵ ਸਿੰਘ, ਕਾਮਰੇਡ ਉਜਾਗਰ ਸਿੰਘ ਮਾਮਦਪੁਰ ਦਾ ਭਤੀਜਾ ਕੁਲਵੰਤ ਸਿੰਘ, ਕਾਮਰੇਡ ਨਛੱਤਰ ਸਿੰਘ ਮਾਮਦਪੁਰ ਦਾ ਭਤੀਜਾ ਜਸਬੀਰ ਸਿੰਘ, ਏਪਵਾ ਆਗੂ ਕਾਮਰੇਡ ਜਸਬੀਰ ਕੌਰ ਨੱਤ, ਲਿਬਰੇਸ਼ਨ ਦੇ ਮਾਨਸਾ ਜ਼ਿਲ੍ਹੇ ਦੇ ਸਕੱਤਰ ਕਾਮਰੇਡ ਸੁਰਿੰਦਰ ਪਾਲ ਸ਼ਰਮਾ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬੂਟਾ ਸਿੰਘ ਚੱਕਰ, ਡਾਕਟਰ ਗੁਰਚਰਨ ਸਿੰਘ ਰਾਏਕੋਟ, ਕਾਮਰੇਡ ਸਾਧੂ ਸਿੰਘ ਅੱਚਰਵਾਲ, ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੇ ਸਾਬਕਾ ਆਗੂ ਉਜਾਗਰ ਸਿੰਘ ਬੱਦੋਵਾਲ ਸਮੇਤ ਪਿੰਡ ਅਤੇ ਇਲਾਕੇ ਦੇ ਹਜ਼ਾਰਾਂ ਲੋਕ ਹਾਜ਼ਰ ਸਨ।

Leave a Reply

Your email address will not be published. Required fields are marked *