ਕੌਣ ਨੇ  ‘ਦਿਮਾਗੀ ਨਕਸਲੀ’   ਅਤੇ  ਕੌਣ ਹਨ ਮੁਸੋਲਿਨੀ -ਹਿਟਲਰ ਦੇ ਚੇਲੇ ?- ਲਾਭ ਸਿੰਘ ਅਕਲੀਆ

ਮਾਲਵਾ

ਬਰਨਾਲਾ, ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)– ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹੋਂ  ‘ਦਿਮਾਗੀ ਨਕਸਲੀ’ ਸ਼ਬਦ ਸੁਣਕੇ  ਖੱਬੇ ਪੱਖੀ ਲਹਿਰ ਅਤੇ ਬੁੱਧੀਜੀਵੀਆਂ ਵਿੱਚ ਕਾਫੀ ਚਰਚਾ ਛਿੜ ਪਈ ਹੈ। 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਭਾਸ਼ਨ ਦਿੰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, ਕਿ ਹਥਿਆਰਬੰਦ ਨਕਸਲਵਾਦ ਤਾਂ ਲੱਗਭਗ ਖ਼ਤਮ ਹੋ ਗਿਆ  ਅਤੇ ਹੁਣ ‘ਦਿਮਾਗੀ ਨਕਸਲੀਆਂ’  ਦੀ ਪਹਿਚਾਣ ਕਰਕੇ ਅਲੱਗ ਥਲੱਗ ਕਰਨ ਦੀ ਜ਼ਰੂਰਤ ਹੈ। ਮੋਦੀ ਦੇ ਭਾਸ਼ਨ ਤੋਂ ਬਾਅਦ  ਚਾਰੇ ਪਾਸੇ ਇਹ ਚਰਚਾ ਛਿੜ ਪਈ ਅਤੇ ਸਵਾਲ ਖੜ੍ਹਾ ਹੋ ਗਿਆ ਹੈ ਕਿ ‘ਦਿਮਾਗੀ ਨਕਸਲੀ’  ਕੌਣ ਹਨ ਅਤੇ ਉਹਨਾਂ ਦੀ ਪਹਿਚਾਣ ਕਿਵੇਂ ਕੀਤੀ ਜਾਵੇਗੀ ? ਉਹਨਾਂ ਨੂੰ ਅਲੱਗ ਥਲੱਗ ਕਿਵੇਂ ਕੀਤਾ ਜਾਵੇਗਾ? ਵੈਸੇ ਤਾਂ ਮੋਦੀ ਲੰਬੇ ਸਮੇਂ ਤੋਂ ਜਿਸ ਸੰਘੀ ਲਾਣੇ ਦੀ ਪ੍ਰਤੀਨਿਧਤਾ ਕਰਦਾ ਆ ਰਿਹਾ ਹੈ, ਉਸਦਾ ਤਾਂ  ਖ਼ਾਸਾ ਹੀ ਬੁਨਿਆਦੀ ਤੌਰ ‘ਤੇ ਪੂਰੇ ਦੇਸ਼ ਨੂੰ ਅਲੱਗ ਥਲੱਗ ਕਰਕੇ ਰੱਖਣ ਦਾ ਹੈ। ਜਿਹੜੇ  ਆਜ਼ਾਦੀ ਸੰਗਰਾਮ ਵਿੱਚ ਵੀ ਪੂਰੀ ਦੁਨੀਆਂ ਤੋਂ ਅਲੱਗ ਥਲੱਗ ਖੜ੍ਹੇ ਰਹੇ ਅਤੇ ਅੰਗਰੇਜ਼ਾਂ ਦੀ ਪੱਕੀ ਵਫ਼ਾਦਾਰੀ ਨਿਭਾ ਰਹੇ ਸੀ।

       ਪਹਿਲੀ ਗੱਲ ਤਾਂ ‘ਨਕਸਲੀ’ ਸ਼ਬਦ ਦੀ ਉਪਜ ਕੀ ਹੈ ?  ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਦੀ ਸਿਲੀਗੁੜੀ ਤਹਿਸੀਲ ਦੇ ਇੱਕ ਪਿੰਡ ਦਾ ਨਾਂ ‘ਨਕਸਲਬਾੜੀ’। ਜਿੱਥੇ ਮਈ 1967 ਵਿੱਚ ਸਭ ਤੋਂ ਪਹਿਲਾਂ ਗ਼ਰੀਬ ਅਤੇ ਬੇਜ਼ਮੀਨੇ ਮਜ਼ਦੂਰਾਂ – ਕਿਸਾਨਾਂ ਵੱਲੋਂ ਕਿਸਾਨ ਕਮੇਟੀਆਂ ਬਣਾ ਕੇ ਅਤੇ ਕਿਸਾਨਾਂ ਦੇ ਵੱਡੇ ਇਕੱਠ ਕਰਕੇ  ਜਗੀਰਦਾਰਾਂ, ਸੂਦਖੋਰਾਂ, ਸਰਮਾਏਦਾਰਾਂ ਅਤੇ ਉਨ੍ਹਾਂ ਦੀ ਸਰਪ੍ਰਸਤ ਸੂਬੇ ਦੀ ਸਰਕਾਰ ਦੇ ਖ਼ਿਲਾਫ਼ ‘ਜ਼ਮੀਨ ਦੀ ਮੁੜ ਵੰਡ’  ਨੂੰ ਲੈਕੇ ਇੱਕ ਜੁਝਾਰੂ ਅੰਦੋਲਨ ਲੜਿਆ ਗਿਆ ਸੀ। ਅੰਦੋਲਨਕਾਰੀਆਂ ਵੱਲੋਂ ਇੱਕ ਜਗੀਰਦਾਰ ਦੀ ਜ਼ਮੀਨ ਦੇ ਇੱਕ ਟੁਕੜੇ ਤੇ ਕਬਜ਼ਾ ਵੀ ਕਰ ਲਿਆ ਸੀ ਅਤੇ ਫ਼ਸਲ ਦੀ ਕਟਾਈ ਕੀਤੀ ਗਈ ਸੀ। ਜਿਸ ਨਾਲ ਨਕਸਲਬਾੜੀ ਅੰਦੋਲਨ   ਦਾ ਮੁੱਢ ਬੱਝ ਗਿਆ ਸੀ।  ਕਮਿਊਨਿਸਟ ਇਨਕਲਾਬੀਆਂ  ਦੀ ਅਗਵਾਈ ਹੇਠ ਜੁੜੇ ਗ਼ਰੀਬ ਮਜ਼ਦੂਰਾਂ, ਬੇਜ਼ਮੀਨੇ ਕਿਸਾਨਾਂ ਅਤੇ ਚਾਹ ਬਾਗ਼ਾਂ ਦੇ ਮਜ਼ਦੂਰਾਂ ਵੱਲੋਂ ਮਿਲ ਕੇ ਇਤਿਹਾਸਕ ਕਿਸਾਨ ਘੋਲ ਲੜਿਆ ਗਿਆ ਸੀ, ਜਿਹੜਾ ‘ਨਕਸਲਬਾੜੀ’ ਅੰਦੋਲਨ ਦੇ ਨਾਂ ਨਾਲ ਵਧੇਰੇ ਚਰਚਿਤ ਹੋਇਆ।  ਜਦੋਂ ਨਕਸਲਬਾੜੀ ਦਾ ਉਭਾਰ ਹੋ ਰਿਹਾ ਸੀ,ਉਸ ਸਮੇਂ ਭਾਰਤ ਨਾਜ਼ੁਕ ਮੋੜ ‘ਤੇ ਖੜਾ ਸੀ।  ਇਹ ਲੜਾਈ ‘ਜ਼ਮੀਨ ਵਾਹੁਣ ਵਾਲੇ ਦੀ’  ਦੇ ਨਾਅਰੇ ਦੇ ਆਧਾਰ ‘ਤੇ ਵੱਡੇ ਜ਼ਿਮੀਂਦਾਰਾਂ, ਭੋਂ-ਮਾਲਕਾਂ ਦੀ ਜ਼ਮੀਨ  ‘ਤੇ ਕਬਜ਼ਾ ਕਰਨ ‘ਤੋਂ ਸ਼ੁਰੂ ਹੋਈ ਸੀ। ਕਿਉਂ ਕਿ ਗ਼ਰੀਬ ਅਤੇ ਬੇਜ਼ਮੀਨੇ ਲੋਕਾਂ ਵਿੱਚ ਇਸ ਗੱਲ ਦਾ ਭਾਰੀ ਗੁੱਸਾ ਸੀ, ਕਿ ਹਰ ਸਾਲ  ਕਾਲ਼ ਪੈਣ ਕਰਕੇ ਲੱਖਾਂ ਲੋਕ ਭੁਖਮਰੀ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਚਲੇ ਜਾਂਦੇ ਸਨ ਅਤੇ  ਜਗੀਰਦਾਰ ਅਤੇ ਵੱਡੇ ਭੂ ਸਵਾਮੀ ਅਨਾਜ਼ ਦਾ ਭੰਡਾਰ ਕਰਕੇ ਰੱਖ ਲੈਂਦੇ ਸਨ। ਇਹ ਹੀ ਇਸ ਲਹਿਰ ਦਾ ਸਮਾਜਿਕ ਅਧਾਰ ਅਤੇ ਖ਼ਾਸੀਅਤ ਸੀ, ਜਿਹੜਾ ਜ਼ਮੀਨ ਦੀ ਕਾਣੀ ਵੰਡ ਨੂੰ ਖ਼ਤਮ ਕਰਕੇ ਦੱਬੇ ਕੁੱਚਲੇ ਅਤੇ ਹਾਸ਼ੀਏ ‘ਤੇ ਧੱਕੇ ਗਏ ਮਿਹਨਤਕਸ਼ ਲੋਕਾਂ ਵਿੱਚ ਵੰਡਣ ਲਈ ਲੜੀ ਗਈ ਸੀ। ਇਸ ਲਹਿਰ ਦੀ ਚੰਗਿਆੜੀ ਹੋਰਨਾਂ ਸੂਬਿਆਂ ਵਿੱਚ ਵੀ ਅੱਗ ਦੇ ਭਾਂਬੜ ਵਾਂਗ ਫੈਲ ਗਈ, ਜਿਵੇਂ ਬਿਹਾਰ ਦੇ ਮੁਸ਼ਹਿਰੀ, ਭੋਜਪੁਰ, ਬੰਗਾਲ ਦੇ ਡੇਬਰਾ, ਗੋਪੀਬੱਲਭਪੁਰ, ਬੀਰਭੂਮ,  ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੂਲਮ, ਤਾਮਿਲਨਾਡੂ, ਮੱਧ ਪ੍ਰਦੇਸ਼,ਆਸਾਮ, ਕੇਰਲਾ,ਪੰਜਾਬ ਤੋਂ ਲੈਕੇ ਜੰਮੂ ਕਸ਼ਮੀਰ ਤੱਕ ਦੇਸ਼ ਦੇ ਵੱਡੇ ਹਿੱਸੇ ਵਿੱਚ ਫੈਲ ਗਈ ਸੀ।  ਬਾਅਦ ਵਿੱਚ ਇਹ ਲੜਾਈ ਲੁਟੇਰੇ ਸਾਮਰਾਜਵਾਦੀ, ਸਰਮਾਏਦਾਰਾ ਪ੍ਰਬੰਧ ਅਤੇ ਵੱਡੇ ਭੋਂ-ਮਾਲਕਾਂ  ਦੀ ਰਾਜਸੱਤਾ ਦੇ ਖ਼ਿਲਾਫ਼ ਮਿਹਨਤਕਸ਼ਾਂ ਦਾ ਰਾਜ ਸਥਾਪਤ ਕਰਨ ਵਿੱਚ ਬਦਲ ਗਈ। ਜਿਸਨੇ ਹਾਕਮ ਜਮਾਤਾਂ ਨੂੰ ਤਰੇਲੀਆਂ ਲਿਆ ਦਿੱਤੀਆਂ ਸਨ।  ਅੱਗੇ ਜਾਕੇ ਮਾਰਕਸਵਾਦ-ਲੈਨਿਨਵਾਦ ਦੀ ਵਿਗਿਆਨਕ ਵਿਚਾਰਧਾਰਾ ਨੂੰ ਬੁਲੰਦ ਕਰਨ ਵਾਲੇ ਕਮਿਊਨਿਸਟ ਇਨਕਲਾਬੀਆਂ ਵੱਲੋਂ  ਸੀਪੀਆਈ (ਐਮ) ਤੋਂ ਵੱਖ ਹੋ ਕੇ 22 ਅਪ੍ਰੈਲ 1969 ਨੂੰ  ਦੁਨੀਆਂ ਦੇ ਮਹਾਨ  ਕਮਿਊਨਿਸਟ ਆਗੂ  ਕਾਮਰੇਡ ਲੈਨਿਨ ਦੀ ਜਨਮ ਸ਼ਤਾਬਦੀ ਦੇ ਮੌਕੇ ‘ਤੇ ਕੋਲਕਾਤਾ ਵਿੱਚ ਮਹਾਂਸਮੇਲਨ ਕਰਕੇ   ਸੀਪੀਆਈ (ਐੱਮ ਐੱਲ) ਦੀ ਸਥਾਪਨਾ ਕੀਤੀ ਗਈ ਸੀ। ਥੋੜੇ ਸਮੇਂ ਬਾਅਦ ਹੀ ਯਾਣੀ 1969-70 ਤੋਂ ਹੀ ਕਮਿਊਨਿਸਟ ਇਨਕਲਾਬੀ   ਕਈ ਰਾਜਨੀਤਕ ਵਖਰੇਵਿਆਂ ਕਾਰਣ  ਵੱਖ ਵੱਖ ਧਾਰਾਵਾਂ ਵਿੱਚ ਵੰਡੇ ਗਏ। ਰਣਨੀਤਿਕ ਤੌਰ ‘ਤੇ ਇੱਕ ਹਿੱਸਾ ਵਿਅਕਤੀਗਤ ਸਫਾਏ ਦੀ ਲਾਈਨ ਦਾ ਸ਼ਿਕਾਰ ਹੋ ਗਿਆ, ਵੱਡੇ ਹਿੱਸੇ ਨੇ ਹਥਿਆਰਬੰਦ ਘੋਲ ਦਾ ਤਿਆਗ ਕਰਕੇ ਜਨਤਕ ਲਾਮਬੰਦੀ ਦੀ ਲਾਈਨ ਅਪਣਾ ਲਈ। ਫੁੱਟ ਦਰ ਫੁੱਟ ਦੇ ਕਾਰਣ ਲਹਿਰ ਲਗਾਤਾਰ ਕੰਮਜ਼ੋਰ ਹੁੰਦੀ ਚਲੀ ਗਈ। ਪਰ ਸਾਰੇ ਇਸ ਗੱਲ ਲਈ  ਇੱਕ ਮੱਤ ਸਨ, ਕਿ ਇੱਕ ਧਰਮ ਨਿਰਪੱਖ,ਲੁੱਟ-ਰਹਿਤ ਸਮਾਜ  ਅਤੇ ਜਮਹੂਰੀ ਭਾਰਤ ਦੀ ਸਿਰਜਣਾ ਕੀਤੀ ਜਾਵੇ ਅਤੇ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜਨਤਾ ਦੀ ਲੜਾਈ ਨੂੰ ਹੋਰ ਤਿੱਖਾ ਕੀਤਾ  ਜਾਵੇ। ਉਹਨਾਂ ਦਾ ਉਦੇਸ਼ ਸੀ, 90 ਫ਼ੀਸਦੀ ਮਿਹਨਤਕਸ਼ ਅਤੇ ਦੱਬੀ-ਕੁਚਲੀ ਜਨਤਾ ਨੂੰ ਇਕਜੁੱਟ ਕਰਕੇ ਸਾਮਰਾਜਵਾਦ ਅਤੇ ਉਸਦੇ  ਸਹਿਯੋਗੀ ਵੱਡੇ ਪੂੰਜੀਪਤੀਆਂ, ਭੂ ਸਵਾਮੀਆਂ ਤੋਂ ਸੱਤਾ ਖੋਹਕੇ, ਮਿਹਨਤਕਸ਼ ਲੋਕਾਂ ਦਾ ਰਾਜ ਸਥਾਪਿਤ ਕੀਤਾ ਜਾਵੇ।

     ਜਦੋਂ  ਤੋਂ ਭਾਜਪਾ/ਆਰ ਐੱਸ ਐੱਸ ਵਰਗੀਆਂ ਫਾਸ਼ੀਵਾਦੀ ਤਾਕਤਾਂ ਨੇ ਸੱਤਾ ਸੰਭਾਲੀ ਹੈ, ਸਾਮਰਾਜਵਾਦੀ ਅਤੇ ਕਾਰਪੋਰੇਟ ਲੁੱਟ ਚਰਮ ਸੀਮਾ ‘ਤੇ ਪਹੁੰਚ ਗਈ

   ਹੈ। ਮੋਦੀ ਸਰਕਾਰ ਵੱਲੋਂ ਪਬਲਿਕ ਸੈਕਟਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਅੰਬਾਨੀ- ਅਡਾਨੀ ਵਰਗੇ ਮਹਾਂਭਰਿਸਟ ਅਮੀਰਾਂ ਕੋਲ ਵੇਚਿਆ ਜਾ ਰਿਹਾ ਹੈ। ‘ਨਵ -ਬਸਤੀਵਾਦੀ’  ਦੇਸ਼ਾਂ ਵਿੱਚ ਆਰ ਐੱਸ ਐੱਸ ਵਰਗੀਆਂ ਨਵ ਫਾਸ਼ੀਵਾਦੀ ਤਾਕਤਾਂ ਅਤੇ ਯੂਰਪੀ ਦੇਸ਼ਾਂ ਵਿੱਚ ਨਵ ਨਾਜ਼ੀਵਾਦੀ ਤਾਕਤਾਂ ਸਮਾਜ ਨੂੰ ਹਨੇਰੇ ਯੁੱਗ ਵਿੱਚ ਲੈਕੇ ਜਾ ਰਹੀਆਂ ਹਨ। ਜਿਸ  ਵਿੱਚ ਬਰਾਬਰਤਾ, ਆਜ਼ਾਦੀ ਅਤੇ ਭਾਈਚਾਰਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਸਾਮਰਾਜਵਾਦੀ ਨੀਤੀਆਂ ਤਹਿਤ ਵਧ ਰਹੇ ਕਾਰਪੋਰੇਟੀਕਰਣ ਨਾਲ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਮਿਹਨਤਕਸ਼ ਤਬਕਿਆਂ ਦੇ ਕਠਿਨ ਸੰਘਰਸ਼ਾਂ ਸਦਕਾ ਹਾਸਿਲ ਕੀਤੇ ਅਧਿਕਾਰਾਂ ਨੂੰ ਇੱਕ ਇੱਕ ਕਰਕੇ ਖੋਹਿਆ ਜਾ ਰਿਹਾ ਹੈ। ਹਰ ਖੇਤਰ ਵਿੱਚ ਪੱਕੇ ਰੁਜ਼ਗਾਰ ਦੀ ਬਜਾਏ ਠੇਕਾ ਭਰਤੀ,ਆਉਟਸੋਰਸਿਜ ਅਤੇ ਕੰਮ ਲਓ-ਕੱਢ ਦਿਓ ਦੀ ਨੀਤੀ ਅਪਣਾਈ ਜਾ ਰਹੀ ਹੈ। ਮੋਦੀ ਸਰਕਾਰ ਵੱਲੋਂ 44 ਕਿਰਤ ਕਾਨੂੰਨਾਂ ਨੂੰ ਰੱਦ ਕਰਕੇ ਕਾਰਪੋਰੇਟ ਪੱਖੀ ਚਾਰ ਲੇਬਰ ਕੋਡ ਵਿੱਚ ਬਦਲ ਦਿੱਤਾ ਗਿਆ ਹੈ। ਦੇਸ਼ ਦੇ  ਕਿਸਾਨਾਂ ਦੀਆਂ ਧੱਕੇ ਨਾਲ ਜ਼ਮੀਨਾਂ ਖੋਹਕੇ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਬਹੁਰਾਸ਼ਟਰੀ ਕੰਪਨੀਆਂ ਨੂੰ ਦੇਣ ਲਈ ਬਾਰ ਬਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਕਰਕੇ ਪੂਰੇ ਦੇਸ਼ ਵਿੱਚ ਕਿਸਾਨਾਂ -ਮਜਦੂਰਾਂ, ਮੁਲਾਜ਼ਮਾਂ ਅਤੇ ਮਿਹਨਤਕਸ਼ ਤਬਕਿਆਂ ਦੇ ਅੰਦੋਲਨ ਤਿੱਖੇ ਹੁੰਦੇ ਜਾ ਰਹੇ ਹਨ।   ਖੱਬੇ ਪੱਖੀ ਅਤੇ ਸੰਘਰਸ਼ਸ਼ੀਲ ਲੋਕ, ਬੁੱਧੀਜੀਵੀ, ਪੱਤਰਕਾਰ ਜਿਹੜੇ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰ ਰਹੇ ਹਨ, ਰਾਜਸੱਤਾ ਤੇ ਸਵਾਲ ਉਠਾ ਰਹੇ ਹਨ, ਕਿ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਛੜੱਪੇ ਮਾਰਕੇ ਕਿਉਂ ਵਧ ਰਿਹਾ ਹੈ? ਗ਼ਰੀਬਾਂ ਅਤੇ ਅਮੀਰਾਂ ਵਿੱਚ ਆਰਥਿਕ ਪਾੜਾ ਕਿਉਂ ਵਧ ਰਿਹਾ ਹੈ? ਮੋਦੀ ਤੋਂ ਇਹ ਵੀ ਪੁਛਦੇ ਹਨ ਕਿ ਭਾਰਤ ਦੁਨੀਆਂ ਦੇ ਸਭ ਤੋਂ ਵੱਡੇ ਦੁਸ਼ਮਣ ਇਜ਼ਰਾਈਲ ਦੇ ਨਾਲ ਕਿਉਂ ਖੜ੍ਹਾ ਹੈ?  ਅਮਰੀਕਾ -ਇਜ਼ਰਾਈਲ ਵੱਲੋਂ ਇਰਾਨ ਦੇ ਤੇਲ ਭੰਡਾਰਾਂ ਤੇ ਕਬਜ਼ਾ ਕਰਨ ਦੀ  ਨੀਅਤ ਨਾਲ ਹਵਾਈ ਹਮਲਾ ਕੀਤਾ ਗਿਆ, ਭਾਰਤ ਨੇ ਮੂੰਹ ਕਿਉਂ ਨਹੀਂ ਖੋਲ੍ਹਿਆ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੋਨਾਲਡ ਟਰੰਪ ਵੱਲੋਂ ਧਮਕੀ ਦੇਣ ‘ਤੇ  ਰੂਸ ਤੋਂ ਸਸਤਾ ਤੇਲ ਖ਼ਰੀਦਣਾ ਕਿਉਂ ਬੰਦ ਕੀਤਾ? ਅਸਲ ਵਿੱਚ ਇਹ ਹੀ  ਦਿਮਾਗੀ ਨਕਸਲੀਏ ਹਨ, ਜਿਹੜੇ ਮੋਦੀ ਨੂੰ ਵੱਖ ਵੱਖ ਸਵਾਲਾਂ ਵਿੱਚੋਂ ਨਜ਼ਰ ਆਉਂਦੇ ਹਨ। ਮੋਦੀ ਉਹਨਾਂ ਨੂੰ ‘ਅਰਬਨ ਨਕਸਲੀਏ’ ਜਾਂ ‘ਦਿਮਾਗੀ ਨਕਸਲੀਏ’ ਹੋਣ ਦਾ ਖਿਤਾਬ ਦੇ ਰਿਹਾ ਹੈ। ਜੋ ਲੋਕ ਇਹ ਸਵਾਲ ਪੁਛਦੇ ਹਨ ਕਿ ਸੰਵਿਧਾਨ ਦੇ ਅਨਛੇਦ 25 ਤੋਂ 30 ਦੀਆਂ ਧਜੀਆਂ ਕਿਉਂ ਉਡਾਈਆਂ ਜਾ ਰਹੀਆਂ ਹਨ, ਜਿਹੜੀ 25 ਧਾਰਾ ਹਰ ਨਾਗਰਿਕ ਨੂੰ ਆਜ਼ਾਦੀ ਨਾਲ ਧਰਮ ਅਪਨਾਉਣ ਜਾਂ ਉਸਦੇ ਅਨੁਸਾਰ ਆਚਰਣ ਕਰਨ ਦੀ ਖੁੱਲ ਦਿੰਦੀ ਹੈ। ਮੋਦੀ ਰਾਜ ਵਿੱਚ ਆਪਣੇ ਘਰਾਂ ਦੇ ਅੰਦਰ ਨਮਾਜ਼ ਪੜ੍ਹਨ ‘ਤੇ ਵੀ ਹਮਲੇ ਕਿਉਂ ਹੋ ਰਹੇ ਹਨ? ਅਜਿਹੀਆਂ ਘਟਨਾਵਾਂ ਪਿੱਛੇ ਕੌਣ ਲੋਕ ਹਨ?

      ਅੱਜ ਦੇਸ਼ ਵਿੱਚ ਇੱਕ ਤਬਕਾ ਹੈ,ਜੋ ਸਭ ਤੋਂ ਵੱਧ ਪੀੜਤ,ਬੇਚੈਨ ਹੈ,ਉਹ ਹੈ ਨੌਜਵਾਨ ਵਰਗ। ਦਲਿਤਾਂ, ਆਦਿਵਾਸੀਆਂ, ਘੱਟ ਗਿਣਤੀਆਂ, ਔਰਤਾਂ, ਮਜ਼ਦੂਰਾਂ, ਕਿਸਾਨਾਂ ਇਹਨਾਂ ਸਭਦੇ ਆਪਣੇ ਆਪਣੇ ਸਵਾਲ ਹਨ, ਆਪਣੀ ਆਪਣੀ ਚਿੰਤਾ ਹੈ। ਇਹ ਲੋਕ ਸੰਵਿਧਾਨ ਦੇ ਅਨੁਸਾਰ ਸਵਾਲ ਕਰਦੇ ਹਨ, ਮੁੱਦੇ ਉਠਾਉਂਦੇ ਹਨ। ਇਹ ਤਬਕਾ ਸੰਸਦੀ ਲੋਕਤੰਤਰ ਵਿੱਚ ਵੀ ਵਿਸ਼ਵਾਸ ਰਖਦਾ ਹੈ, ਕਾਨੂੰਨ ਦਾ ਰਾਜ ਚਹੁੰਦਾ ਹੈ। ਪਰ ਭਾਜਪਾ,ਆਰ ਐੱਸ ਐੱਸ ਨੂੰ ਇਹ ਲੋਕ ਅੱਖ ਦੇ  ਰੋੜ ਵਾਂਗ ਚੁੱਭਦੇ ਹਨ।

     ਜੱਗ ਜ਼ਾਹਰ ਹੈ ਕਿ 20ਵੀਂ ਸਦੀ ਦੇ ਪਹਿਲੇ ਅੱਧ ਵਿੱਚ ਜਦੋਂ ਫਾਸ਼ੀਵਾਦ ਦਾ ਜਨਮ ਹੋਇਆ ਸੀ, ਮੁਸੋਲਿਨੀ ਅਤੇ ਹਿਟਲਰ ਵੱਲੋਂ ਕਮਿਊਨਿਸਟਾਂ ਅਤੇ ਸੰਘਰਸ਼ਸ਼ੀਲ ਮਜ਼ਦੂਰਾਂ- ਕਿਸਾਨਾਂ ਨੂੰ ਨੰਬਰ ਇੱਕ ਦੁਸ਼ਮਣ  ਗਰਦਾਨ ਦਿੱਤਾ ਸੀ ਅਤੇ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਫਾਸ਼ੀਵਾਦ ਦਾ ਭੌਤਿਕ ਆਧਾਰ ਹੀ ਕਾਰਪੋਰੇਟ ਵਿੱਤੀ ਪੂੰਜੀ ਹੈ। ਭਾਵੇਂ ਹਿਟਲਰ-ਮੁਸੋਲਿਨੀ ਹੋਵੇ ਜਾਂ ਮੋਦੀ ਹੋਵੇ, ਇਹ ਸਭ ਸਾਮਰਾਜਵਾਦੀ ਅਤੇ ਕਾਰਪੋਰੇਟ ਸਰਮਾਏ ਦੀ ਸੁਰੱਖਿਆ ਵਿੱਚ ਤਾਇਨਾਤ ਲਠੈਤ ਹਨ। ਇਹ ਗ਼ਰੀਬ ਮਜ਼ਦੂਰਾਂ- ਕਿਸਾਨਾਂ,  ਮਿਹਨਤਕਸ਼ ਜਨਤਾ, ਦਲਿਤਾਂ ਮੁਲਾਜ਼ਮਾਂ, ਆਦਿਵਾਸੀਆਂ, ਔਰਤਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਘੱਟ-ਗਿਣਤੀਆਂ ਦੇ ਘੋਰ ਦੁਸ਼ਮਣ ਹਨ। ਹੇਡਗੇਵਾਰ ਅਤੇ ਮੂੰਜੇ ਨੇ ਆਰ.ਐੱਸ.ਐੱਸ. ਦੀ ਸਥਾਪਨਾ ਦੇ ਸਮੇਂ ਤੋਂ ਹੀ ਮੁਸਲਮਾਨਾਂ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਚਿੰਤਨ ਕੀਤਾ ਹੋਇਆ ਹੈ। ਸਰ ਸੰਘ ਸੰਚਾਲਕ ਗੋਲਵਾਲਕਰ ਨੇ ਤਾਂ ਹੋਰ ਵੀ ਅੱਗੇ ਵੱਧ ਕੇ ਮੁਸਲਮਾਨਾਂ, ਈਸਾਈਆਂ, ਦਲਿਤਾਂ ਦੇ ਨਾਲ-ਨਾਲ ਕਮਿਊਨਿਸਟਾਂ ਨੂੰ ਵੀ ਸਭ ਤੋਂ ਵੱਡਾ ਦੁਸ਼ਮਣ ਘੋਸ਼ਿਤ ਕਰ ਦਿੱਤਾ ਸੀ। ਤਾਂ ਇਸ ਵਿੱਚ ਕੋਈ ਹੈਰਾਨੀ ਨਹੀਂ, ਕਿ ਮੁਸੋਲਿਨੀ -ਹਿਟਲਰ  ਦੇ ਚੇਲੇ ਮੋਦੀ, ਭਾਗਵਤ ਅਤੇ ਅਮਿਤ ਸ਼ਾਹ, ਹਰ ਅਨਿਆਂ ਅਤੇ ਜ਼ਬਰ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਅਤੇ ਸਵਾਲ ਖੜ੍ਹੇ ਕਰਨ ਵਾਲੀਆਂ ਜਮਹੂਰੀ, ਖੱਬੇ-ਪੱਖੀ, ਅਗਾਂਹਵਧੂ,  ਤਾਕਤਾਂ, ਬੁੱਧੀਜੀਵੀਆਂ, ਸੱਭਿਆਚਾਰਕ ਕਾਮਿਆਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਆਪਣੇ ਬੁਲਡੋਜ਼ਰ ਰਾਜ ਦਾ ਸ਼ਿਕਾਰ ਬਣਾਉਣ ਲਈ ਕਾਲ਼ੇ ਕਾਨੂੰਨ ਤਿਆਰ ਕੀਤੇ ਜਾ ਰਹੇ ਹਨ।  ਕਿਉਂਕਿ, ਇਹੀ ਲੋਕ  ਫਾਸ਼ੀਵਾਦੀ ਸੰਘ ਪਰਿਵਾਰ ਦੀ ਪਹਿਲਕਦਮੀ ਨਾਲ ਬਣਾਏ ਜਾ ਰਹੇ  ਮਹਾਂ ਅਮੀਰ ਕਾਰਪੋਰੇਟਾਂ ਵੱਲੋਂ  ਅਣਮਨੁੱਖੀ ਮਨੂੰਸਮਿਰਤੀ ‘ਤੇ ਆਧਾਰਿਤ ਦੇਸ਼ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਲਈ ਸਭ ਤੋਂ ਵੱਡਾ ਰਾਹ ਦਾ ਰੋੜਾ ਸਮਝਦੇ  ਹਨ।

Leave a Reply

Your email address will not be published. Required fields are marked *