ਸੀਪੀਆਈ (ਐੱਮ.ਐੱਲ.) ਰੈੱਡ ਸਟਾਰ ਦੀ 13ਵੀਂ ਪਾਰਟੀ ਕਾਂਗਰਸ ਸਫ਼ਲਤਾ ਪੂਰਵਕ ਸਮਾਪਤ!ਆਰ.ਐਸ.ਐਸ. ਫਾਸ਼ੀਵਾਦ ਦੇ ਖ਼ਿਲਾਫ਼ ਮਜ਼ਬੂਤੀ ਨਾਲ ਉੱਠ ਖੜ੍ਹੇ ਹੋਣ ਦਾ ਸੱਦਾ! – ਪੀ. ਜੇ. ਜੇਮਜ਼

ਮਾਲਵਾ

ਬਰਨਾਲਾ, ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– ਸੀਪੀਆਈ (ਐੱਮ.ਐੱਲ.) ਰੈੱਡ ਸਟਾਰ ਦੀ 5 ਦਿਨਾਂ 13ਵੀਂ ਪਾਰਟੀ ਕਾਂਗਰਸ, ਕਰਨਾਟਕ ਦੇ ਇਤਿਹਾਸਕ ਸ਼ਹਿਰ ਰਾਏਚੂਰ ਵਿਖੇ 16 ਤੋਂ 20 ਸਤੰਬਰ 2026 ਤੱਕ ਸਫ਼ਲਤਾ ਪੂਰਵਕ ਨੇਪਰੇ ਚੜ੍ਹੀ। ਕਾਂਗਰਸ ਵੱਲੋਂ 33 ਮੈਂਬਰੀ ਕੇਂਦਰੀ ਕਮੇਟੀ, 13 ਮੈਂਬਰੀ ਪੋਲਿਟ ਬਿਊਰੋ ਅਤੇ 3 ਮੈਂਬਰੀ ਕੇਂਦਰੀ ਕੰਟਰੋਲ ਕਮਿਸ਼ਨ ਦੀ ਚੋਣ ਕੀਤੀ ਗਈ ਅਤੇ ਕਾਮਰੇਡ ਪੀ. ਜੇ. ਜੇਮਜ਼ ਨੂੰ ਮੁੜ ਜਨਰਲ ਸਕੱਤਰ ਚੁਣ ਲਿਆ ਗਿਆ ਹੈ। ਪਾਰਟੀ ਦੇ ਪੰਜਾਬ ਕਮੇਟੀ ਦੇ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ, ਕਿ ਪਾਰਟੀ ਕਾਂਗਰਸ ਵਿੱਚ 15 ਰਾਜਾਂ ਅਤੇ ਓਵਰਸੀਜ਼ (ਵਿਦੇਸ਼) ਕਮੇਟੀ ਦੇ ਲਗਭਗ 300 ਦੇ ਕਰੀਬ ਡੈਲੀਗੇਟਾਂ ਤੋਂ ਬਿਨਾਂ ਵੱਖ-ਵੱਖ ਭਰਾਤਰੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਆਗੂ ਨੇ ਇਹ ਵੀ ਕਿਹਾ, ਕਿ
ਪਾਰਟੀ ਦੀ 13ਵੀਂ ਕਾਂਗਰਸ ਅਜਿਹੇ ਮਹੱਤਵਪੂਰਨ ਮੋੜ ‘ਤੇ ਆਯੋਜਿਤ ਕੀਤੀ ਗਈ, ਜਦੋਂ ਅਮਰੀਕਾ ਦੀ ਅਗਵਾਈ ਵਾਲੇ ਸਾਮਰਾਜਵਾਦ ਵੱਲੋਂ ਖੁੱਲ੍ਹ ਕੇ ਹਮਲਾਵਰ ਰੁੱਖ ਅਪਣਾਉਂਦੇ ਹੋਏ ਅਤੇ ਸੱਜੇ-ਪੱਖੀ ਕਾਰਪੋਰੇਟ, ਫਾਸ਼ੀਵਾਦੀ ਗੱਠਜੋੜ ਵੱਲੋਂ ਦੁਨੀਆਂ ਦੀ ਆਮ ਜਨਤਾ ‘ਤੇ ਸਭ ਤੋਂ ਵੱਡਾ ਹਮਲਾ ਕੀਤਾ ਜਾ ਰਿਹਾ ਹੈ। ਅਮਰੀਕਾ -ਜਿਓਂਨਵਾਦੀ ਇਜ਼ਰਾਇਲ ਗੱਠਜੋੜ ਵੱਲੋਂ ਫ਼ਲਸਤੀਨੀਆਂ ਦੀ ਨਸਲਕੁਸ਼ੀ ਨੂੰ ਜਾਰੀ ਰੱਖਦੇ ਹੋਏ ਇਸ ਭਿਆਨਕ ਅਪਰਾਧ ਦਾ ਨਵਾਂ ਰੂਪ ਈਰਾਨ ‘ਤੇ ਭਿਆਨਕ ਹਮਲਾ ਕੀਤਾ ਗਿਆ। ਇਸ ਦੌਰਾਨ, ਜਿੱਥੇ ਪੂਰੀ ਦੁਨੀਆਂ ਵਿੱਚ ਫਾਸ਼ੀਵਾਦ ਦਾ ਉਭਾਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉੱਥੇ ਹੀ ਇਸਦੇ ਖ਼ਿਲਾਫ਼ ਜਨਤਾ ਦਾ ਭਾਰੀ ਵਿਰੋਧ ਵੀ ਉੱਠ ਖੜ੍ਹਾ ਹੋ ਰਿਹਾ ਹੈ।
ਅੱਜ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਭਾਰਤ, ਫਾਸ਼ੀਵਾਦੀ ਆਰ.ਐਸ.ਐਸ. ਦੇ ਸ਼ਿਕੰਜੇ ਵਿੱਚ ਪੂਰੀ ਤਰ੍ਹਾਂ ਜਕੜਿਆ ਹੋਇਆ ਹੈ। ਦੇਸ਼ ਦੇ ਵਡਮੁੱਲੇ ਸਰੋਤਾਂ, ਜਨਤਕ ਅਦਾਰਿਆਂ ਅਤੇ ਜਨਤਾ ਦੀ ਰੋਜ਼ੀ-ਰੋਟੀ ਨੂੰ ਅਡਾਨੀ-ਅੰਬਾਨੀ ਵਰਗੇ ਚਹੇਤੇ ਕਾਰਪੋਰੇਟ ਅਰਬਪਤੀਆਂ ਦੇ ਹੱਥਾਂ ਵਿੱਚ ਵੇਚਿਆ ਜਾ ਰਿਹਾ। ਇੱਥੋਂ ਤੱਕ ਕਿ ਪੁਲਿਸ, ਫ਼ੌਜ, ਨਿਆਂਪਾਲਿਕਾ, ਸਿੱਖਿਆ, ਸੱਭਿਆਚਾਰ ਸਮੇਤ ਪੂਰਾ ਪ੍ਰਸ਼ਾਸਨ ਫਾਸ਼ੀਵਾਦ ਦੀ ਮਜ਼ਬੂਤ ਜਕੜ ਵਿੱਚ ਆ ਗਿਆ ਹੈ। ਮੁਸਲਮਾਨਾਂ ਅਤੇ ਈਸਾਈਆਂ ਨੂੰ ਸਭ ਤੋਂ ਵੱਡੇ ਦੁਸ਼ਮਣ ਵਜੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਯੋਜਨਾਬੱਧ ਤਰੀਕੇ ਨਾਲ ‘ਵੋਟ ਦੇ ਅਧਿਕਾਰ ਅਤੇ ਨਾਗਰਿਕਤਾ ਤੋਂ ਵਾਂਝਾ’ ਕੀਤਾ ਜਾ ਰਿਹਾ ਹੈ। ਉੱਥੇ ਹੀ, ਕਰੂਰ ਮਨੂੰਸਮ੍ਰਿਤੀ ਨੂੰ ਆਪਣੀਆਂ ਵਿਚਾਰਧਾਰਕ ਜੜ੍ਹਾਂ ਵਜੋਂ ਅਪਣਾਉਂਦੇ ਹੋਏ ਦਲਿਤਾਂ/ਪੀੜਤਾਂ ਅਤੇ ਔਰਤਾਂ ਉੱਤੇ ਜ਼ੁਲਮ ਲਗਾਤਾਰ ਵਧ ਰਹੇ ਹਨ, ਕਿਉਂਕਿ ਆਰ.ਐਸ.ਐਸ. ਬ੍ਰਾਹਮਣਵਾਦੀ ‘ਹਿੰਦੂ ਰਾਸ਼ਟਰ’ ਬਨਾਉਣ ਵੱਲ ਅੰਨ੍ਹੀ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।
ਇਸ ਸੰਦਰਭ ਵਿੱਚ, ਪਾਰਟੀ ਕਾਂਗਰਸ ਦੁਆਰਾ ਪ੍ਰਵਾਨਿਤ ਪਾਰਟੀ ਪ੍ਰੋਗਰਾਮ ਅਤੇ ਹੋਰ ਬੁਨਿਆਦੀ ਦਸਤਾਵੇਜ਼ਾਂ ਵਿੱਚ ਨਿਰਧਾਰਿਤ ਦਿਸ਼ਾ ਅਤੇ ਸਾਮਰਾਜਵਾਦ, ਫਾਸ਼ੀਵਾਦ ਅਤੇ ਜਾਤ ਪਾਤ ਦੇ ਖ਼ਾਤਮੇ ਦੇ ਮੁੱਦਿਆਂ ‘ਤੇ ਅਧਾਰਿਤ ਆਯੋਜਿਤ ਕੀਤੇ ਗਏ ਵੱਖ ਵੱਖ ਸੈਮੀਨਾਰਾਂ ਵਿੱਚ ਹੋਈ ਚਰਚਾ ਦੇ ਆਧਾਰ ‘ਤੇ ਪਾਰਟੀ ਨੇ ਆਰ.ਐਸ.ਐਸ. ਫਾਸ਼ੀਵਾਦ ਅਤੇ ਦੇਸ਼ ‘ਤੇ ਸਾਮਰਾਜਵਾਦੀ-ਕਾਰਪੋਰੇਟ ਪੂੰਜੀ ਦੇ ਗ਼ਲਬੇ ਦੇ ਖ਼ਿਲਾਫ਼ ਵੱਖ-ਵੱਖ ਰੂਪਾਂ ਵਿੱਚ ਲੋਕ ਸੰਘਰਸ਼ਾਂ ਨੂੰ ਵਿਆਪਕ ਅਤੇ ਤਿੱਖਾ ਕਰਨ ਦਾ ਸੰਕਲਪ ਲਿਆ ਹੈ।
ਭਾਰਤ ਦੀਆਂ ਖ਼ਾਸ ਪ੍ਰਸਥਿਤੀਆਂ ਵਿੱਚ, ਜਿੱਥੇ ਫਾਸ਼ੀਵਾਦ ਦਾ ਵਿਚਾਰਧਾਰਕ ਅਤੇ ਭੌਤਿਕ ਆਧਾਰ ਸਭ ਤੋਂ ਵੱਧ ਅਣਮਨੁੱਖੀ ਜਾਤੀ ਵਿਵਸਥਾ ਹੈ। ਸੀਪੀਆਈ (ਐਮ.ਐਲ.) ਰੈੱਡ ਸਟਾਰ ਦੀ 13ਵੀਂ ਪਾਰਟੀ ਕਾਂਗਰਸ ਨੇ ਮਿਹਨਤਕਸ਼ ਵਰਗ ਅਤੇ ਸਾਰੇ ਪੀੜਤ ਲੋਕਾਂ ਨੂੰ ਸੱਦਾ ਦਿੱਤਾ ਹੈ, ਕਿ ਉਹ ਸਾਰੀਆਂ ਪ੍ਰਗਤੀਸ਼ੀਲ-ਜਮਹੂਰੀ ਅਤੇ ਅਗਾਂਹ ਵਧੂ ਤਾਕਤਾਂ ਨਾਲ ਇੱਕਜੁੱਟ ਹੋ ਕੇ ਜ਼ੋਰਦਾਰ ਤਰੀਕੇ ਨਾਲ “ਫਾਸ਼ੀਵਾਦ-ਵਿਰੋਧੀ ਲਹਿਰ” ਨੂੰ ਵਿਕਸਤ ਕੀਤਾ ਜਾਵੇਗਾ। ਇਸ ਦੇ ਲਈ ਜਨਤਾ ਦੀ ਰੋਜ਼ੀ-ਰੋਟੀ ਦੇ ਸੰਘਰਸ਼ ਨੂੰ ਜਾਤੀ ਵਿਵਸਥਾ ਦੇ ਖ਼ਾਤਮੇ ਲਈ ਚਲਾਏ ਜਾਣ ਵਾਲੇ ਅਟੁੱਟ ਸੰਘਰਸ਼ ਨਾਲ ਜੋੜਨਾ ਲਾਜ਼ਮੀ ਹੈ। ਇਸ ਦਿਸ਼ਾ ਵਿੱਚ ਭਾਰਤ ਦੀ ਕਮਿਊਨਿਸਟ ਲਹਿਰ ਦੀਆਂ ਪਿਛਲੀਆਂ ਗ਼ਲਤੀਆਂ ਤੋਂ ਸਬਕ ਲੈਂਦੇ ਹੋਏ ਆਤਮ-ਚਿੰਤਨ ਦੀ ਦ੍ਰਿਸ਼ਾ ਅਪਣਾਉਣੀ ਹੋਵੇਗੀ, ਵਿਸ਼ੇਸ਼ ਤੌਰ ‘ਤੇ ਜਾਤ ਦੇ ਸਵਾਲ ਨੂੰ ਸਹੀ ਪਰਿਪੇਖ ਵਿੱਚ ਸਮਝਣ ਦੀ ਅਸਫ਼ਲਤਾ ਤੋਂ ਸਿੱਖਣਾ ਹੋਵੇਗਾ।
ਪਾਰਟੀ ਕਾਂਗਰਸ ਵੱਲੋਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਮੁੱਦਿਆਂ ਨਾਲ ਸਬੰਧਤ ਕੁੱਲ 19 ਮਤੇ ਸਰਬਸੰਮਤੀ ਨਾਲ ਪਾਸ ਕੀਤੇ। ਜਿਨ੍ਹਾਂ ਵਿੱਚ ਫ਼ਲਸਤੀਨ ਵਿੱਚ ਅਮਰੀਕੀ-ਜਿਓਨਵਾਦੀ ਇਜ਼ਰਾਈਲੀ ਨਸਲਕੁਸ਼ੀ ਅਤੇ ਈਰਾਨ ‘ਤੇ ਕੀਤੇ ਹਮਲੇ ਦੇ ਖ਼ਿਲਾਫ਼, ਟਰੰਪ ਸ਼ਾਸਨ ਦੇ ਨਿਰਦੇਸ਼ਾਂ ‘ਤੇ ਮੋਦੀ ਸਰਕਾਰ ਦੁਆਰਾ UPI ਭੁਗਤਾਨਾਂ ‘ਤੇ ਟੈਕਸ ਲਗਾਉਣ ਦੇ ਖ਼ਿਲਾਫ਼, SIR ਅਤੇ ਜਾਰੀ ਮੁਸਲਿਮ-ਵਿਰੋਧੀ, ਘੱਟਗਿਣਤੀ-ਵਿਰੋਧੀ ਕਾਰਵਾਈਆਂ ਦੇ ਖ਼ਿਲਾਫ਼ , ਬਿਨਾਂ ਮੁਕੱਦਮੇ ਅਤੇ ਬਿਨਾਂ ਜ਼ਮਾਨਤ ਦੇ 6 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਉਮਰ ਖ਼ਾਲਿਦ ਸਮੇਤ ਤਮਾਮ ਸਿਆਸੀ ਕੈਦੀਆਂ ਦੀ ਰਿਹਾਈ ਦੇ ਪੱਖ ਵਿੱਚ ਮਤਾ, ਸਬੰਧਤ ਸੂਬਿਆਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਹੀ ਢੰਗ ਨਾਲ ਦਰਿਆਈ ਪਾਣੀਆਂ ਦੀ ਵੰਡ ਕਰਨ ਬਾਰੇ, ਮਨੂੰਵਾਦੀ-ਕਾਰਪੋਰੇਟ ਸਿੱਖਿਆ ਨੀਤੀਆਂ ਦੇ ਖ਼ਿਲਾਫ਼ ਮਤਾ, ਉਚਿਤ ਤਰੀਕੇ ਨਾਲ ਅਤੇ ਪੂਰੀ ਸਿਆਸੀ ਇੱਛਾ ਸ਼ਕਤੀ ਨਾਲ ਜਾਤੀ ਜਨਗਣਨਾ ਕਰਵਾਉਣ ਵਿੱਚ ਮੋਦੀ ਸ਼ਾਸਨ ਦੀ ਅਣਗਹਿਲੀ ਦੀ ਨਿੰਦਾ, ਹੱਦਬੰਦੀ (delimitation) ਦੇ ਖ਼ਿਲਾਫ਼ ਅਤੇ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਵੱਲ ਅੱਗੇ ਵਧ ਰਹੇ ਸੰਘਵਾਦ-ਵਿਰੋਧੀ ਕਦਮਾਂ ਦੇ
ਖ਼ਿਲਾਫ਼ ਮਤਾ, ਰਾਜਪਾਲ ਦਾ ਅਹੁਦਾ ਖ਼ਤਮ ਕਰਨ ਦੀ ਮੰਗ ਅਤੇ ਪੂਰੇ ਦੇਸ਼ ਵਿੱਚ ਜਲ, ਜੰਗਲ, ਜ਼ਮੀਨ ਦੀ ਬੇਲਗਾਮ ਕਾਰਪੋਰੇਟ ਲੁੱਟ ਦੇ ਖਿਲਾਫ਼ ਆਦਿ ਮਤੇ ਸ਼ਾਮਲ ਹਨ।
5 ਦਿਨਾਂ ਪਾਰਟੀ ਕਾਂਗਰਸ ਨੇ ਹੋਰ ਗੱਲਾਂ ਤੋਂ ਇਲਾਵਾ, ਰਾਏਚੂਰ ਦੀ ਸਮੁੱਚੀ ਪ੍ਰਗਤੀਸ਼ੀਲ-ਜਮਹੂਰੀ ਜਨਤਾ ਦਾ ਉਨ੍ਹਾਂ ਦੇ ਸੁਹਿਰਦ ਸਹਿਯੋਗ ਅਤੇ ਪਾਰਟੀ ਨਾਲ ਮਜ਼ਬੂਤੀ ਨਾਲ ਖੜ੍ਹੇ ਹੋ ਕੇ 13ਵੀਂ ਪਾਰਟੀ ਕਾਂਗਰਸ ਨੂੰ ਸਫ਼ਲ ਬਣਾਉਣ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਲਈ ਤਹਿ ਦਿਲੋਂ ਧੰਨਵਾਦ ਅਤੇ ਨਿੱਘਾ ਅਭਿਨੰਦਨ ਵੀ ਪ੍ਰਗਟ ਕੀਤਾ।

Leave a Reply

Your email address will not be published. Required fields are marked *