ਅੱਜ ਪਿੰਡ ਹਕੀਮਪੁਰ ਵਿਖੇ ਲੱਗੇਗਾ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ

ਗੁਰਦਾਸਪੁਰ

ਗੁਰਦਾਸਪੁਰ, 25 ਸਤੰਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਵਿੱਚ ਜਾ ਕੇ ਉਨਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਹੱਲ ਕਰਨ ਦੀਆਂ ਦਿੱਤੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 25 ਸਤੰਬਰ ਨੂੰ ਕਲਾਨੌਰ ਬਲਾਕ ਦੇ ਪਿੰਡ ਹਕੀਮਪੁਰ ਵਿਖੇ ਮਿਸ਼ਨ ਅਬਾਦ ਤਹਿਤ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਦਾ ਸਮਾਂ ਦੁਪਹਿਰ 2:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗਾ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਸਤੰਬਰ ਨੂੰ ਪਿੰਡ ਹਕੀਮਪੁਰ ਦੀ ਸਰਕਾਰੀ ਡਿਸਪੈਂਸਰੀ ਦੇ ਵਿਹੜੇ ਵਿੱਚ ਲੱਗਣ ਵਾਲੇ ਇਸ ਅਬਾਦ ਕੈਂਪ ਵਿੱਚ ਪਿੰਡ ਹਕੀਮਪੁਰ ਤੋਂ ਇਲਾਵਾ ਪਿੰਡ ਬਸਤੀ ਬਾਜੀਗਰ, ਔਜਲਾ ਭੰਡਵਾਂ ਅਤੇ ਭੰਡਾਲ ਭੰਗਵਾਂ ਦੇ ਵਸਨੀਕ ਭਾਗ ਲੈਣਗੇ।  

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਵਿਸ਼ੇਸ਼ ਸਟਾਲ ਲਗਾ ਕੇ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦਿੱਤਾ ਜਾਵੇਗਾ। ਇਸਦੇ ਨਾਲ ਹੀ ਜਾਤੀ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਰੂਰਲ ਏਰੀਆ ਅਤੇ ਬਾਰਡਰ ਏਰੀਆ ਸਰਟੀਫਿਕੇਟ, ਪੈਨਸ਼ਨ ਨਾਲ ਸਬੰਧਤ ਸੁਵਿਧਾਵਾਂ, ਸਿਹਤ ਵਿਭਾਗ ਨਾਲ ਸਬੰਧਤ ਸੁਵਿਧਾਵਾਂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਕੰਮ, ਮਨਰੇਗਾ ਨਾਲ ਸਬੰਧਤ ਕੰਮ, ਵਾਟਰ ਸਪਲਾਈ ਅਤੇ ਜਲ ਸਪਲਾਈ ਵਿਭਾਗ ਨਾਲ ਸਬੰਧਤ ਕੰਮ, ਅਧਾਰ ਕਾਰਡ ਸੁਵਿਧਾ ਦਾ ਮੌਕੇ ’ਤੇ ਲਾਭ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪਿੰਡ ਹਕੀਮਪੁਰ, ਬਸਤੀ ਬਾਜੀਗਰ, ਔਜਲਾ ਭੰਡਵਾਂ ਅਤੇ ਭੰਡਾਲ ਭੰਗਵਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਉਠਾਉਣ।    

Leave a Reply

Your email address will not be published. Required fields are marked *