ਬਟਾਲਾ, ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ)–ਬਾਬੇ ਦੇ ਵਿਆਹ ਬਟਾਲਾ ਦੇ ਮੇਲੇ ਵਿੱਚ ਦੂਸਰੇ ਸੂਬਿਆਂ ਅਤੇ ਲੋਕਲ ਪੰਜਾਬੀਆਂ ਵਲੋਂ ਲਗਾਈਆਂ ਦੁਕਾਨਾਂ ਦੇ ਇਵਜ ਵਿੱਚ ਜਬਰੀ ਉਗਰਾਏ ਜਾ ਰਹੇ ਗੁਡਾ ਟੈਕਸ ਦੇ ਵਿਰੁੱਧ ਅੱਜ ਦੂਸਰੇ ਦਿਨ ਵੀ ਐਸ ਡੀ ਐਮ ਬਟਾਲਾ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ। ਇਸ ਸਮੇਂ ਸੀ ਪੀ ਆਈ ਐਮ,ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਆਰ ਐਮ ਪੀ ਆਈ ਦੇ ਆਗੂਆਂ ਰਣਬੀਰ ਸਿੰਘ ਵਿਰਕ, ਮਾਸਟਰ ਰਘਬੀਰ ਸਿੰਘ ਪਕੀਵਾਂ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਬਟਾਲਾ ਮਿਉਂਸਪਲ ਕਾਰਪੋਰੇਸ਼ਨ ਨੇ ਮੇਲਾ 36 ਲੱਖ ਰੁਪਏ ਦੇ ਠੇਕੇ ਉਪਰ ਦੇ ਦਿਤਾ ਹੈ ਜਿਸ ਦੀ ਆੜ ਵਿੱਚ ਠੇਕੇਦਾਰ ਦੇ ਕਰਿੰਦੇ ਪ੍ਰਤੀ ਦੁਕਾਨਦਾਰ ਤੋਂ 40/40 ਹਜ਼ਾਰ ਰੁਪਏ ਬਿਨਾਂ ਕੋਈ ਰਸੀਦ ਦਿਤੀਆਂ ਜਬਰੀ ਵਸੂਲੀ ਕਰ ਰਹੇ ਹਨ ਜੋ ਬਾਬੇ ਨਾਨਕ ਦੇ ਨਾਂ ਉਪਰ ਸਿੱਧਾ ਸਿੱਧਾ ਗੁਡਾ ਟੈਕਸ ਹੈ। ਖੱਬੇ ਪੱਖੀ ਆਗੂਆਂ ਕਿਹਾ ਕਿ ਕਾਰਪੋਰੇਸ਼ਨ ਦਾ ਇਹ ਠੇਕਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਮੇਲੇ ਵਿੱਚ ਦੁਕਾਨਦਾਰੀ ਦਾ ਕਿਤਾ ਕਰਨ ਵਾਲੇ ਮਜ਼ਦੂਰ ਪਿਛਲੇ ਸਾਲਾਂ ਵਿਚ ਕਰੀਬ 1000/500 ਦੀ ਰਸ਼ੀਦ ਕਟਾਉਂਦੇ ਰਹੇ। ਪਿਛਲੇ ਸਾਲ ਦਾ ਠੇਕਾ 11 ਲੱਖ ਤੱਕ ਸੀ ਜਿਸ ਸਮੇਂ ਕਾਰਪੋਰੇਸ਼ਨ ਨੇ ਅੱਗੇ ਤੋਂ ਠੇਕਾ ਘੱਟ ਕਰਨ ਦਾ ਵਾਅਦਾ ਕੀਤਾ ਸੀ ਪਰ ਘਟਾਉਣ ਦੀ ਬਜਾਏ ਤਿੰਨ ਗੁਣਾ ਵਧਾ ਦਿੱਤਾ ਗਿਆ ਹੈ।ਆਗੂਆਂ ਕਿਹਾ ਕਿ ਠੇਕੇ ਤੇ ਮੁੜ ਵਿਚਾਰ ਕੀਤਾ ਜਾਵੇ। ਇਸ ਬਾਬਤ ਐਸ ਡੀ ਐਮ ਕਮ ਕਮਿਸ਼ਨਰ ਬਟਾਲਾ ਨੂੰ ਮਿਲੇ ਵਫਦ ਪਿਛੋ ਮੁਲਾਜਮਾ ਦੀ ਇੱਕ ਕਮੇਟੀ ਬਣਾ ਕੇ ਰਸੀਦ ਉਪਰ ਜਾਇਜ਼ ਕਰਾਇਆ ਲੈਣ ਦੀ ਹਦਾਇਤ ਕੀਤੀ ਹੈ। ਆਗੂਆਂ ਕਿਹਾ ਕਿ ਕਿਸੇ ਵੀ ਕੀਮਤ ਉਪਰ ਗੁੰਡੇ ਟੈਕਸ ਦੀ ਵਸੂਲੀ ਨਹੀਂ ਕਰਨ ਦਿੱਤੀ ਜਾਵੇਗੀ। ਧਰਨੇ ਵਿੱਚ ਜਨਕ ਰਾਜ, ਗੁਰਨਾਮ ਸਿੰਘ ਬੌਲੀ, ਬਲਵਿੰਦਰ ਕੁਮਾਰ ਅਤੇ ਦਲਬੀਰ ਭੋਲਾ ਸ਼ਾਮਲ ਸਨ।


