ਸ਼ਹੀਦ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ
ਗੁਰਦਾਸਪੁਰ, 14 ਸਤੰਬਰ (ਸਰਬਜੀਤ ਸਿੰਘ )— ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨਾਲ ਉਹਨਾਂ ਦੇ ਗ੍ਰਹਿ ਪਿੰਡ ਭੋਜਰਾਜ ਵਿਖੇ ਮੁਲਾਕਾਤ ਕੀਤੀ ਅਤੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਿਸਾਂ ਨੂੰ ਨੌਕਰੀਆਂ ਦੇਣ ਵਿੱਚ ਸਰਕਾਰ ਦੀ ਢਿੱਲ ਮੱਠ ਵਾਲੀ ਨੀਤੀ ਉੱਤੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਨ ਉਪਰੰਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮੁੱਖ ਸਕੱਤਰ ਸ੍ਰੀ ਆਨੰਦ ਸਾਗਰ ਜੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਕਿ ਕਾਲੇ ਕਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਲੰਮਾ ਸਮਾਂ ਚੱਲੇ ਸੰਘਰਸ਼ ਵਿੱਚ 1000 ਤੋਂ ਵੱਧ ਕਿਸਾਨ ਸ਼ਹੀਦ ਹੋਏ ਸਨ।ਜਿਨ੍ਹਾਂ ਵਿੱਚੋਂ ਕਰੀਬ 325 ਕਿਸਾਨਾਂ ਦੇ ਵਾਰਿਸਾਂ ਨੂੰ ਸਰਕਾਰੀ ਨੌਕਰੀਆਂ ਮਿਲ ਚੁੱਕੀਆਂ ਹਨ ਅਤੇ ਬਾਕੀ ਪ੍ਰੀਵਾਰ ਨੌਕਰੀਆਂ ਦੀ ਉਡੀਕ ਵਿੱਚ ਹਨ। ਸਾਡੀਆਂ ਵੱਖ-ਵੱਖ ਸਮੇਂ ਤੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਾਬਕਾ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਨਾਲ ਹੋਈਆਂ ਮੀਟਿੰਗਾਂ ਵਿੱਚ ਸਰਕਾਰ ਨੇ ਮੰਨਿਆ ਹੈ ਕਿ ਇਨ੍ਹਾਂ ਪਰਿਵਾਰਾਂ ਨੂੰ ਦੋ ਹਫਤਿਆਂ ਦੇ ਵਿੱਚ ਵਿੱਚ ਨੌਕਰੀਆਂ ਦੇ ਦਿੱਤੀਆਂ ਜਾਣਗੀਆਂ।ਇਕ ਸਾਲ ਬੀਤਣ ਵਾਲਾ ਹੈ ਪਰ ਸਰਕਾਰ ਦਾ ਦੋ ਹਫ਼ਤਿਆਂ ਵਿਚ ਨੌਕਰੀਆਂ ਦੇਣ ਦਾ ਫੈਸਲਾ ਵਫ਼ਾ ਨਹੀਂ ਹੋਇਆ।
ਭੋਜਰਾਜ ਨੇ ਕਿਹਾ ਕਿ ਅਸੀਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਸ਼ਹੀਦਾਂ ਦੇ ਵਾਰਿਸਾਂ ਨੂੰ ਜਲਦ ਤੋਂ ਜਲਦ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾਣ, ਜਿਨ੍ਹਾਂ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਦਾ ਮੁਆਵਜ਼ਾ ਨਹੀਂ ਮਿਲਿਆ ਅਤੇ ਜਿਨ੍ਹਾਂ ਪਰਿਵਾਰਾਂ ਨੂੰ ਤਿਲੰਗਾਨਾ ਸਰਕਾਰ ਵਾਲਾ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਨਹੀਂ ਮਿਲਿਆ ਉਨ੍ਹਾਂ ਨੂੰ ਤੁਰੰਤ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇ ਅਤੇ ਸ਼ਹੀਦ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ ਤਾਂ ਜੋ ਇਹ ਪਰਿਵਾਰ ਆਪਣਾ ਜੀਵਨ ਵਧੀਆ ਢੰਗ ਨਾਲ ਬਤੀਤ ਕਰ ਸਕਣ, ਨਹੀਂ ਤਾਂ ਸਾਡੀ ਜਥੇਬੰਧੀ ਸਰਕਾਰ ਵਿਰੁੱਧ ਸੰਘਰਸ਼ ਵਿੱਢੇਗੀ।
ਇਸ ਮੌਕੇ ਸ਼ਹੀਦ ਪ੍ਰੀਵਾਰਾਂ ਵਿਚੋਂ ਬਾਪੂ ਅਜੀਤ ਸਿੰਘ ਗਵਾਰਾ,ਸੁਖਦੀਪ ਸਿੰਘ ਫਤੇਨੰਗਲ, ਗੁਰਤਾਜ ਸਿੰਘ ਮਧਰਾ, ਹਰਜੀਤ ਸਿੰਘ ਪੱਬਾਂਰਾਲੀ, ਜਤਿੰਦਰ ਸਿੰਘ ਲੱਧਾ ਮੁੰਡਾ, ਸੁਖਦੀਪ ਕੌਰ ਵਡਾਲਾ ਬਾਂਗਰ ਤੇ ਕੁਲਬੀਰ ਸਿੰਘ ਸੋਨਾ ਪਹਿਲਵਾਨ ਬਾਂਗੋਵਾਣੀ ਹਾਜ਼ਰ ਸਨ।


