ਗੁਰਦਾਸਪੁਰ, 21 ਜੂਨ (ਸਰਬਜੀਤ ਸਿੰਘ)– ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਗੁਰਦਾਸਪੁਰ ਵਿੱਚ ਸੀਐਮ ਦੀ ਯੋਗਸ਼ਾਲਾ ਦੇ ਅੰਤਰਗਤ ਵੱਖ-ਵੱਖ ਯੋਗ ਕੈਂਪ ਲਗਾਏ ਗਏ। ਸਰਕਾਰੀ ਕਾਲਜ ਗੁਰਦਾਸਪੁਰ ਦੇ ਹਾਕੀ ਗਰਾਊਂਡ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਕਰਵਾਏ ਗਏ ਵਿਸ਼ੇਸ਼ ਯੋਗਾ ਅਭਿਆਸ ਦੌਰਾਨ ਗੁਰਦਾਸਪੁਰ ਸ਼ਹਿਰ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਮੌਕੇ ਯੋਗਾ ਮਾਹਿਰਾਂ ਵੱਲੋਂ ਯੋਗ ਅਭਿਆਸ ਦੇ ਵੱਖ-ਵੱਖ ਆਸਣ ਕਰਵਾ ਕੇ ਉਨ੍ਹਾਂ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਯੋਗ ਸਾਡੇ ਭਾਰਤ ਦੀ ਸੰਸਕ੍ਰਿਤੀ ਹੈ ਜਿਸ ਨੇ ਪੂਰੀ ਮਨੁੱਖਤਾ ਨੂੰ ਸਰੀਰਕ ਅਤੇ ਆਤਮਿਕ ਤੌਰ ‘ਤੇ ਨਿਰੋਗ ਰਹਿਣ ਦਾ ਰਾਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਹਰ ਕਿਸੇ ਨੂੰ ਤੰਦਰੁਸਤ ਜ਼ਿੰਦਗੀ ਲਈ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੀਐੱਮ ਦੀ ਯੋਗਸ਼ਾਲਾ ਤਹਿਤ 164 ਕਲਾਸਾਂ ਚੱਲ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਲਗਭਗ 5000 ਦੇ ਕਰੀਬ ਲੋਕੀ ਭਾਗ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਹੱਲੇ ਜਾਂ ਪਿੰਡ ਦੇ ਵਾਸੀ ਸੀਐਮ ਦੀ ਯੋਗਸ਼ਾਲਾ ਪ੍ਰੋਜੈਕਟ ਦੇ ਅੰਤਰਗਤ.ਆਪਣੇ ਮੁਹੱਲੇ ਜਾਂ ਪਿੰਡ ਵਿੱਚ ਯੋਗਾ ਕਲਾਸਾਂ ਸ਼ੁਰੂ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਮੋਬਾਈਲ ਨੰਬਰ 7669400500 ਉੱਪਰ ਕਾਲ ਕਰ ਸਕਦੇ ਹਨ।


